ਪੁਲਸ ਨੇ ਲਾਪਤਾ ਹੋਏ 5 ਮਾਸੂਮ ਬੱਚੇ ਕੁਝ ਹੀ ਸਮੇਂ ’ਚ ਲੱਭ ਕੇ ਮਾਪਿਆਂ ਹਵਾਲੇ ਕੀਤੇ
Monday, Sep 07, 2026 - 05:35 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਪੁਲਸ ਦੀ ਨਿਗਰਾਨੀ ਹੇਠ ਇੰਸਪੈਕਟਰ ਰਵਿੰਦਰ ਕੌਰ, ਮੁੱਖ ਅਫ਼ਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਅਤੇ ਪੁਲਸ ਪਾਰਟੀ ਵੱਲੋਂ ਲਾਪਤਾ ਹੋਏ 5 ਮਾਸੂਮ ਬੱਚਿਆਂ ਨੂੰ ਸੁਰੱਖਿਅਤ ਲੱਭ ਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਗਿਆ। ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਦੋ ਪਰਿਵਾਰਾਂ ਵੱਲੋਂ ਦਰਖਾਸਤ ਦਿੱਤੀ ਗਈ ਕਿ ਉਨ੍ਹਾਂ ਦੇ ਤਕਰੀਬਨ 5 ਬੱਚੇ, ਜਿਨ੍ਹਾਂ ’ਚ 4 ਲੜਕੀਆਂ ਅਤੇ 1 ਲੜਕਾ ਸ਼ਾਮਲ ਹਨ ਅਤੇ ਜਿਨ੍ਹਾਂ ਦੀ ਉਮਰ ਕਰੀਬ 3 ਸਾਲ, 5 ਸਾਲ, 7 ਸਾਲ, 8 ਸਾਲ ਅਤੇ 10 ਸਾਲ ਹੈ, ਘਰ ਤੋਂ ਬਾਹਰ ਜਾਣ ਉਪਰੰਤ ਕਾਫ਼ੀ ਭਾਲ ਕਰਨ ਦੇ ਬਾਵਜੂਦ ਨਹੀਂ ਮਿਲ ਰਹੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਸ ਵੱਲੋਂ ਦਰਖਾਸਤ ’ਤੇ ਤੁਰੰਤ ਕਾਰਵਾਈ ਕਰਦਿਆਂ ਮਾਮਲਾ ਸੀਨੀਅਰ ਅਫ਼ਸਰਾਂ ਦੇ ਧਿਆਨ ’ਚ ਲਿਆਂਦਾ ਗਿਆ ਅਤੇ ਬੱਚਿਆਂ ਦੀ ਭਾਲ ਲਈ ਪੁਲਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ।
ਪੁਲਸ ਟੀਮਾਂ ਵੱਲੋਂ ਸ਼ਹਿਰ ਅੰਦਰ ਵੱਖ-ਵੱਖ ਥਾਵਾਂ ’ਤੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ। ਪੁਲਸ ਦੀ ਤੁਰੰਤ ਕਾਰਵਾਈ ਅਤੇ ਸਾਂਝੇ ਯਤਨਾਂ ਸਦਕਾ ਪੰਜੇ ਬੱਚਿਆਂ ਨੂੰ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਹੀ ਇਕ ਇਲਾਕੇ ’ਚੋਂ ਸੁਰੱਖਿਅਤ ਲੱਭ ਲਿਆ ਗਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਸ਼ਹਿਰ ਅੰਦਰ ਦੂਰ ਕਿਧਰੇ ਸਾਰੇ ਬੱਚੇ ਇਕੱਠੇ ਹੋ ਕੇ ਸਤਿਸੰਗ ’ਚ ਪਹੁੰਚ ਗਏ ਸਨ। ਪੁਲਸ ਵੱਲੋਂ ਬੱਚਿਆਂ ਨੂੰ ਸੁਰੱਖਿਅਤ ਬਰਾਮਦ ਕਰਕੇ ਉਨ੍ਹਾਂ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਬੱਚਿਆਂ ਦੇ ਨਾਬਾਲਗ ਹੋਣ ਕਾਰਨ ਉਨ੍ਹਾਂ ਦੀ ਪਹਿਚਾਣ ਅਤੇ ਮਾਪਿਆਂ ਸਬੰਧੀ ਜਾਣਕਾਰੀ ਜਨਤਕ ਨਹੀਂ ਕੀਤੀ ਜਾ ਰਹੀ। ਬੱਚਿਆਂ ਦੇ ਸੁਰੱਖਿਅਤ ਮਿਲਣ ’ਤੇ ਮਾਪਿਆਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਪੁਲਸ ਦਾ ਧੰਨਵਾਦ ਕੀਤਾ ਗਿਆ।
ਪੁਲਸ ਵੱਲੋਂ ਮਾਪਿਆਂ ਨੂੰ ਅਪੀਲ
ਸ੍ਰੀ ਮੁਕਤਸਰ ਸਾਹਿਬ ਪੁਲਸ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੀ ਸੁਰੱਖਿਆ ਪ੍ਰਤੀ ਹਮੇਸ਼ਾ ਸੁਚੇਤ ਰਹਿਣ। ਜੇਕਰ ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣਾ ਹੋਵੇ ਤਾਂ ਬੱਚਿਆਂ ਨੂੰ ਕਿਸੇ ਜ਼ਿੰਮੇਵਾਰ ਵੱਡੇ ਵਿਅਕਤੀ ਦੀ ਨਿਗਰਾਨੀ ਹੇਠ ਛੱਡ ਕੇ ਹੀ ਜਾਣ ਅਤੇ ਬੱਚਿਆਂ ਨੂੰ ਇਕੱਲੇ ਨਾ ਛੱਡਿਆ ਜਾਵੇ।
