ਸ਼ਰਾਬ ਸਮੱਗਲਿੰਗ ਦੀ ਖੇਡ ''ਚ ਸ਼ਾਮਲ ਕਈ ਸਫੈਦਪੋਸ਼, ਕਾਰਵਾਈ ਸਿਰਫ ਪਿਆਦਿਆਂ ''ਤੇ
Wednesday, Oct 04, 2017 - 06:00 AM (IST)
ਲੁਧਿਆਣਾ(ਪੰਕਜ)-ਮਹਾਨਗਰ ਵਿਚ ਸ਼ਰਾਬ ਦਾ ਕਾਰੋਬਾਰ ਕਰਨ ਲਈ ਸਰਕਾਰ ਨੂੰ ਕਰੋੜਾਂ ਰੁਪਏ ਚੁਕਾਉਣ ਵਾਲੇ ਸਿੰਡੀਕੇਟ ਲਈ ਨਾਜਾਇਜ਼ ਸ਼ਰਾਬ ਦੀ ਜੰਮ ਕੇ ਹੋ ਰਹੀ ਸਮੱਗਲਿੰਗ ਭਾਰੀ ਆਰਥਿਕ ਸੰਕਟ ਦੀ ਵਜ੍ਹਾ ਬਣਦੀ ਦਿਖਾਈ ਦਿੰਦੀ ਹੈ। ਜੇਕਰ ਐਂਟੀ ਨਾਰਕੋਟਿਕਸ ਸੈੱਲ ਨੂੰ ਛੱਡ ਦੇਈਏ ਤਾਂ ਇਲਾਕਾ ਪੁਲਸ ਅਤੇ ਐਕਸਾਈਜ਼ ਵਿਭਾਗ ਦੀ ਸੁਸਤੀ ਸਿੰਡੀਕੇਟ ਲਈ ਸਰਾਪ ਅਤੇ ਸਮੱਗਲਰਾਂ ਲਈ ਉਨ੍ਹਾਂ ਦੀ ਪਿੱਠ 'ਤੇ ਹੱਥ ਰੱਖਣ ਵਾਲੇ ਸਫੈਦਪੋਸ਼ਾਂ ਲਈ ਵਰਦਾਨ ਬਣਦੀ ਜਾ ਰਹੀ ਹੈ। ਸਿੰਡੀਕੇਟ ਵੱਲੋਂ ਮਹਿੰਗਾ ਵਪਾਰ ਲੈ ਕੇ ਸ਼ਰਾਬ ਦੇ ਰੇਟਾਂ ਵਿਚ ਠੇਕਿਆਂ 'ਤੇ ਕੀਤਾ ਵਾਧਾ ਅਤੇ ਚੁਣੇ ਹੋਏ ਦੇਸੀ ਬ੍ਰਾਂਡਾਂ ਦੀ ਠੇਕਿਆਂ 'ਤੇ ਉਪਲਬਧੀ ਨਾ ਹੋਣਾ ਸ਼ਰਾਬ ਸਮੱਗਲਰਾਂ ਲਈ ਸੋਨੇ ਦੀ ਖਾਨ ਬਣ ਚੁੱਕੀ ਹੈ। ਹਨੇਰਾ ਪੈਂਦੇ ਹੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਸਰਗਰਮ ਵੱਡੇ ਸ਼ਰਾਬ ਸਮੱਗਲਰਾਂ ਵੱਲੋਂ ਅੱਗੇ ਰੱਖੇ ਕਰਿੰਦਿਆਂ ਰਾਹੀਂ ਖੁੱਲ੍ਹ ਕੇ ਨਾਜਾਇਜ਼ ਸ਼ਰਾਬ ਵੇਚਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਇੰਨਾ ਹੀ ਨਹੀਂ, ਛੋਟੇ ਸਮੱਗਲਰ ਆਪਣੇ ਪੱਕੇ ਗਾਹਕਾਂ ਨੂੰ ਤਾਂ ਬਕਾਇਦਾ ਉਨ੍ਹਾਂ ਦਾ ਮਨਪਸੰਦ ਬ੍ਰਾਂਡ ਹੋਮ ਡਲਿਵਰੀ ਰਾਹੀਂ ਮੁਹੱਈਆ ਕਰਵਾ ਰਹੇ ਹਨ। ਨਾਂ ਨਾ ਛਾਪਣ ਦੀ ਸ਼ਰਤ 'ਤੇ Îਇਕ ਨਾਮੀ ਸਮੱਗਲਰ ਨੇ ਦੱਸਿਆ ਕਿ ਫਿਲੌਰ, ਬੱਸੀ ਪਠਾਣਾਂ, ਖਮਾਣੋਂ ਅਤੇ ਸਰਹਿੰਦ ਵਰਗੇ ਕਸਬਿਆਂ ਤੋਂ ਉਨ੍ਹਾਂ ਨੂੰ ਸ਼ਰਾਬ ਦੀ ਨਾਜਾਇਜ਼ ਖੇਪ ਮੁਹੱਈਆ ਕਰਵਾਈ ਜਾ ਰਹੀ ਹੈ। ਹਰ ਰੋਜ਼ ਕਥਿਤ ਤੌਰ 'ਤੇ ਸੈਂਕੜੇ ਪੇਟੀਆਂ ਨਾਜਾÎਇਜ਼ ਸ਼ਰਾਬ, ਜਿਸ ਵਿਚ ਦੇਸੀ ਬ੍ਰਾਂਡ ਡਾਲਰ ਅਤੇ ਰਾਇਲ ਸਟੈਗ, ਇੰਪੀਰੀਅਲ ਬਲਿਊ ਸ਼ਿਮਲਾਪੁਰੀ, ਅਬਦੁੱਲਾਪੁਰ, ਤਾਜਪੁਰ ਰੋਡ, ਢੋਕਾ ਮੁਹੱਲਾ, ਜਵਾਹਰ ਨਗਰ ਕੈਂਪ, ਪੀਰੂ ਬੰਦਾ, ਦਰੇਸੀ, ਦਸਮੇਸ਼ ਨਗਰ, ਦੁੱਗਰੀ ਸਮੇਤ ਵੱਖ-ਵੱਖ ਇਲਾਕਿਆਂ ਵਿਚ ਖਪਾਈ ਜਾ ਰਹੀ ਹੈ। ਠੇਕਿਆਂ 'ਤੇ ਸ਼ਰਾਬ ਦੇ ਮੁੱਲ ਜ਼ਿਆਦਾ ਹੋਣ ਕਾਰਨ ਰੋਜ਼ ਸ਼ਰਾਬ ਪੀਣ ਦੇ ਸ਼ੌਕੀਨ ਉਨ੍ਹਾਂ ਤੋਂ ਸ਼ਰਾਬ ਖਰੀਦਦੇ ਹਨ। ਇਸ ਵਿਚ 300 ਰੁਪਏ ਤੋਂ ਲੈ ਕੇ 100 ਰੁਪਏ ਤੱਕ ਮੁੱਲ ਵਿਚ ਫਰਕ ਹੀ ਨਾਜਾਇਜ਼ ਵਿੱਕਰੀ ਦੀ ਮੁੱਖ ਵਜ੍ਹਾ ਹੈ। ਸੂਤਰਾਂ ਦੀ ਮੰਨੀਏ ਤਾਂ ਸਾਰੀ ਖੇਡ ਪਿੱਛੇ ਕਈ ਸਫੈਦਪੋਸ਼ ਖਿਡਾਰੀ ਮੈਦਾਨ ਸੰਭਾਲੀ ਬੈਠੇ ਹਨ। ਉਨ੍ਹਾਂ ਦੇ ਇਸ਼ਾਰੇ 'ਤੇ ਹੀ ਹਰ ਰੋਜ਼ ਸੈਂਕੜੇ ਸ਼ਰਾਬ ਦੀਆਂ ਪੇਟੀਆਂ ਨਾ ਸਿਰਫ ਨਾਜਾਇਜ਼ ਤੌਰ 'ਤੇ ਸ਼ਹਿਰ ਵਿਚ ਆਉਂਦੀਆਂ ਹਨ, ਬਲਕਿ ਤਿੰਨ ਤੋਂ ਚਾਰ ਘੰਟਿਆਂ ਦੇ ਅੰਦਰ ਵਿਕ ਵੀ ਜਾਂਦੀਆਂ ਹਨ।
ਮੋਟਾ ਮੁਨਾਫਾ ਖਿੱਚ ਰਿਹੈ ਧੰਦੇ ਵੱਲ
ਅਸਲ ਵਿਚ ਸ਼ਰਾਬ ਦੇ ਠੇਕਿਆਂ 'ਤੇ ਤੈਅ ਰੇਟਾਂ ਅਤੇ ਨਾਜਾਇਜ਼ ਤੌਰ 'ਤੇ ਵਿਕਣ ਵਾਲੀ ਸ਼ਰਾਬ ਦੇ ਰੇਟਾਂ ਵਿਚ ਭਾਰੀ ਫਰਕ ਜਿਥੇ ਪਿਆਕੜਾਂ ਨੂੰ ਸਮੱਗਲਰਾਂ ਤੋਂ ਸ਼ਰਾਬ ਮੰਗਵਾਉਣ ਲਈ ਮਜਬੂਰ ਕਰ ਰਿਹਾ ਹੈ, ਉਥੇ ਇਸ ਵਪਾਰ ਵਿਚ ਮੋਟਾ ਮੁਨਾਫਾ ਗਰੀਬ ਤਬਕੇ ਦੇ ਨੌਜਵਾਨਾਂ ਨੂੰ ਆਪਣਾ ਕੰਮ ਧੰਦਾ ਛੱਡ ਕੇ ਇਸ ਧੰਦੇ ਵਿਚ ਸ਼ਾਮਲ ਹੋਣ ਲਈ ਜ਼ਿਆਦਾ ਖਿੱਚ ਰਿਹਾ ਹੈ।
