ਦੋਸ਼ਾਲੇ ਭੇਂਟ ਕਰਨ ਵਾਲਾ : ‘ਅਕਬਰ ਬਾਦਸ਼ਾਹ’

Tuesday, May 19, 2020 - 01:41 PM (IST)

ਦੋਸ਼ਾਲੇ ਭੇਂਟ ਕਰਨ ਵਾਲਾ : ‘ਅਕਬਰ ਬਾਦਸ਼ਾਹ’

ਅਲੀ ਰਾਜਪੁਰਾ
9417679302

ਅਮਰਕੋਟ ਸਿੰਧ ਵਿਚ  “ਹਮਾਯੂੰ” ਦੇ ਘਰ 23 ਜਨਵਰੀ 1542 ਈ. ਨੂੰ ਅਕਬਰ ਦਾ ਜਨਮ ਹੋਇਆ। ਉਹ ਛੋਟੀ ਉਮਰ ਵਿਚ ਹੀ ਅਕਬਰ ਬਾਦਸ਼ਾਰ ਬਣ ਗਿਆ ਸੀ। ਅਕਬਰ ਦਾ ਪ੍ਰਜਾ ਵਿਚ ਚੰਗਾ ਪ੍ਰਭਾਵ ਰਿਹਾ। ਬੇਸ਼ਕ ਇਸ ਨੇ ਵੱਖਰਾ ਧਰਮ ਦੀਨ-ਏ-ਇਲਾਹੀ ਦੀ ਸਧਾਪਨਾ ਕੀਤੀ ਪਰ ਫੇਰ ਵੀ ਇਹ ਦੂਸਰੇ ਧਰਮਾਂ ਨੂੰ ਦਿਲੋਂ ਸਤਿਕਾਰਦਾ ਸੀ। ਜਦੋਂ 14 ਫਰਵਰੀ 1556 ਈ. ਨੂੰ ਇਹ ਬਾਦਸ਼ਾਰ ਬਣਿਆ, ਉਸ ਸਮੇਂ ਅਕਬਰ ਨੇ ਗੁਰੂ ਅਮਰਦਾਸ ਦੀ ਲਾਹੌਰ ਵਿਚ ਮਹਿਲਾ ਸੁਣੀ ਸੀ। ਇਕ ਵਾਰ ਜਦੋਂ ਇਹ (ਅਕਬਰ) ਬਟਾਲੇ ਤੋਂ ਵਾਪਿਸ ਆਗਰਾ ਜਾ ਰਿਹਾ ਸੀ ਤਾਂ ਉਸ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਗੋਇੰਦਵਾਲ ਹੋਣ ਬਾਰੇ ਪਤਾ ਲੱਗਿਆ ਤਾਂ ਉਹ ਦਰਸ਼ਨਾਂ ਲਈ ਦਰਬਾਰ ’ਚ ਹਾਜ਼ਰ ਹੋਇਆ ਸੀ। ਅਕਬਰ ਨੇ ਪੁੱਤਰ ਦੀ ਦਾਤ ਮੰਗੀ ਅਤੇ ਸੰਗਤ ਵਿਚ ਬੈਠ ਕੇ ਪ੍ਰਸ਼ਾਦਾ-ਪਾਣੀ ਛਕਿਆ। ਅਕਬਰ ਇੱਕੋ ਮਿਲਣੀ ਵਿਚ ਗੁਰੂ ਜੀ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਲੰਗਰ ਦੇ ਨਾਂ ਵੱਡੀ ਜਗੀਰ ਲਾਉਣ ਦੀ ਬੇਨਤੀ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ , “ ਇਹ ਲੰਗਰ ਸੰਗਤ ਦੀ ਚੀਜ਼ ਹੈ, ਸੰਗਤਾਂ ਹੀ ਚਲਾਉਣਗੀਆਂ, ਇੱਥੇ ਜਗੀਰਾਂ ਆ ਗਈਆਂ ਤਾਂ ਬਖੇੜੇ ਪੈਣਗੇ” ।

ਇਸੇ ਤਰ੍ਹਾਂ ਇਕ “ ਕਾਹਨਾ ” ਕਲਾਨੌਰ ਦਾ ਰਹਿਣ ਵਾਲ਼ਾ ਸੀ, ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾ ਰਹੇ ਸਨ ਤਾਂ ਕਈ ਭਗਤ ਇਸ “ਕਾਹਨਾ” ਦੀ ਅਗਵਾਈ ਵਿਚ ਗੁਰੂ ਜੀ ਕੋਲ ਹਾਜ਼ਰ ਹੋਏ, ਕਿ ਉਨ੍ਹਾਂ ਦੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕੀਤੀਆਂ ਜਾਣ, ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਉਨ੍ਹਾਂ ਰਚਨਾਵਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਨੁਕੂਲ ਨਾ ਹੁੰਦਿਆਂ ਦੇਖਦੇ ਬੀੜ ਸਾਹਿਬ ਵਿਚ ਦਰਜ ਕਰਨੋਂ ਇਨਕਾਰ ਕਰ ਦਿੱਤਾ ਤਾਂ “ਕਾਹਨਾ” ਨੇ ਆਪਣੀ ਹੇਠੀ ਮਹਿਸੂਸ ਕੀਤੀ ਅਤੇ ਇਸੇ ਰੜਕ ਕਰਕੇ ਉਹ ਅਕਬਰ ਦੇ ਕੰਨ ਭਰਨ ਦੀ ਤਿਆਰੀ ਕਰਨ ਲੱਗਿਆ। ਅਚਾਨਕ ਉਸ ਦੀ ਮੌਤ ਹੋ ਗਈ। ਉਨ੍ਹਾਂ ਦੇ ਭਗਤਾਂ ਨੇ ਇਸ ਗੱਲ ਦੀ ਅਫ਼ਵਾਹ ਉਡਾ ਦਿੱਤੀ ਕਿ ‘ ਕਾਹਨਾ ’ ਨੂੰ ਗੁਰੂ ਜੀ ਨੇ ਮਰਵਾਇਆ ਹੈ। ਉਨ੍ਹਾਂ ਭਗਤਾਂ ’ਚੋਂ ਇਕ ਨੇ ਸ਼ਿਕਾਇਤਨਾਮਾ ਤਿਆਰ ਕਰਕੇ ਅਕਬਰ ਦੇ ਦਰਬਾਰ ਜਾ ਪੁੱਜਿਆ ਕਿ ‘ ਸ੍ਰੀ ਗੁਰੂ ਅਰਜਨ ਦੇਵ ਜੀ ਇਕ ਗ੍ਰੰਥ ਤਿਆਰ ਕਰ ਰਹੇ ਹਨ, ਜਿਸ ਵਿਚ ਮੁਸਲਮਾਨਾਂ, ਪੀਰ- ਪੈਗ਼ੰਬਰਾਂ ਤੇ ਹਿੰਦੂ ਦੇਵੀ-ਦੇਵਤਿਆਂ ਦੀ ਆਲੋਚਨਾ ’ਤੇ ਮਜ਼ਾਕ ਉਡਾਇਆ ਗਿਆ ਹੈ।’

ਅਕਬਰ ਨੇ ਇਸ ਸ਼ਿਕਾਇਤਨਾਮੇ ’ਤੇ ਕੋਈ ਕਾਰਵਾਈ ਨਾ ਕੀਤੀ, ਕਿਉਂਕਿ ਕੁਝ ਵਰ੍ਹੇ ਪਹਿਲਾਂ ਗੋਇੰਦਵਾਲ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮੂੰਹੋਂ ਅਕਬਰ ਬਾਣੀ ਸੁਣ ਚੁੱਕਿਆ ਸੀ। ਉਨ੍ਹਾਂ ਦਾ ਦਿਲ ਰੱਖਣ ਲਈ ਅਕਬਰ ਨੇ ਇਹ ਕਹਿ ਕੇ ਟਾਲ ਦਿੱਲਾ ਕਿ ਉਹ ਜਲਦੀ ਪੰਜਾਬ ਦੇ ਦੌਰੇ ਉੱਤੇ ਆ ਰਿਹਾ ਹੈ ਅਤੇ ਉਹ ਆਪ ਪੜਤਾਲ ਕਰੇਗਾ। 1605 ਈ. ਵਿਚ ਜਦੋਂ ਅਕਬਰ ਬਟਾਲੇ ਆਇਆ ਤਾਂ ਉਸ ਨੇ ਆਦਰ ਸਾਹਿਤ ਸੁਨੇਹਾ ਭੇਜ ਕੇ ਮਿਲਣ ਲਈ ਕਿਹਾ ਅਤੇ ਇੱਛਾ ਜਤਾਈ ਕਿ ਉਹ ਗੁਰੂ ਜੀ ਦੁਆਰਾ ਤਿਆਰ ਕੀਤੇ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਲੋਚਦਾ ਹੈ। 

ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਸਤਿਕਾਰ ਨਾਲ ਸੰਗਤਾਂ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਅਕਬਰ ਦੇ ਦਰਬਾਰ ਹਾਜ਼ਰ ਹੋਏ। ਅਕਬਰ ਨੇ ਭਰੇ ਦਰਬਾਰ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ’ਚੋਂ ਸ਼ਬਦ ਸੁਣਾਉਣ ਲਈ ਕਿਹਾ, ਵਾਕ “ ਤਿਲੰਗ ਰਾਗੁ” ਵਿਚੋਂ ਆਇਆ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਸੀ : 

ਖਾਕ ਨੂਰ ਕਰਦੇ ਆਲਮ ਦੁਨੀਆਇ।।
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ।। 1 ।।
ਬੰਦੇ ਚਸਮ ਦੀਦੰ ਫਨਾਇ ।।
ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ।। ( ਰਹਾਉ ) ।। ( ਅੰਗ 723 )

ਅਲਹ ਅਗਮ ਖੁਦਾਈ ਬੰਦੇ।।
ਛੋਡਿ ਖਿਆਲ ਦੁਨੀਆ ਕੇ ਧੰਧੇ।।
ਹੋਇ ਪੈ ਖਾਕ ਫਕੀਰ ਮੁਸਾਫਰੁ
ਇਹੁ ਦਰਵੇਸੁ ਕਬੂਲੁ ਦਰਾ।। ( ਅੰਗ 1083 )

ਇਨ੍ਹਾਂ ਵਾਕਾਂ ਤੋਂ ਬਾਅਦ ਸੰਤ ਕਬੀਰ ਦੀ ਦਾ ਵਾਕ ਆਇਆ।

“ ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ।।
ਏਤ ਨੂਰ ਤੇ ਸਭੂ ਜਗੁ ਉਪਜਿਆ ਕਉਨ ਭਲੇ ਕੋ ਮੰਦੇ।।”

ਬਾਦਸ਼ਾਰ ਅਕਬਰ ਇਨ੍ਹਾਂ ਵਾਕਾਂ ਨੂੰ ਸੁਣਦਾ ਹੀ ਆਪਣੇ ਸਿੰਘਾਸਣ ਤੋਂ ਉਤਰ ਆਇਆ ਨੇ ਉਸ ਨੇ 5 ਅਸ਼ਰਫੀਆੰ ਰੱਖ ਕੇ ਮੱਥਾ ਟੇਕਿਆ ਅਤੇ ਕਹਿਣ ਲੱਗਾ, “ਇਸ ਗ੍ਰੰਥ ਵਿੱਚ ਪ੍ਰਮਾਤਮਾ ਦੀ ਉਸਤਤ ਕੀਤੀ ਗਈ ਹੈ, ਮੈਨੂੰ ਤਾਂ ਕੁਝ ਕਿਸੇ ਧਰਮ ਵਿਰੁੱਧ ਨਜ਼ਰ ਨਹੀਂ ਆਇਆ, ਸਗੋਂ ਇਹ ਗ੍ਰੰਥ ਤਾਂ ਆਦਰ ਅਤੇ ਸਤਿਕਾਰਯੋਗ ਹੈ।” ਅਕਬਰ ਨੇ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੂੰ ਦੋਸ਼ਾਲੇ ਭੇਂਟ ਕਰਕੇ ਸਤਿਕਾਰ ਦਿੱਤਾ। ਭਾਈ ਗੁਰਦਾਸ ਜੀ ਨੂੰ ਕਿਹਾ ਕਿ ਮੇਰਾ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਤਿਕਾਰ ਦੇਣਾ ਅਤੇ ਕਹਿਣਾ ਕਿ ਮੈਂ ਲਾਹੌਰ ਤੋਂ ਮੁੜਦੇ ਵੇਲ਼ੇ ਸ੍ਰੀ ਅੰਮ੍ਰਿਤਸਰ ਸਾਹਿਬ ਆ ਕੇ ਦਰਸ਼ਨ ਕਰਾਂਗਾ। ਜ਼ਿਕਰਯੋਗ ਹੈ ਕਿ ਅੰਗਰੇਜ਼ੀ ਦੇ ਵਿਦਵਾਨ ਲਿਖਦੇ ਹਨ ਕਿ ਅਕਬਰ ਨੇ 2 ਘੰਟੇ 27 ਮਿੰਟ ਲਗਭਗ ਸ੍ਰੀ ਗੁਰੂ ਅਮਰਦਾਸ ਜੀ ਨੂੰ ਕਥਾ ਕਰਦਿਆਂ ਸੁਣਿਆ। 


author

rajwinder kaur

Content Editor

Related News