ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ

Wednesday, Nov 26, 2025 - 11:18 AM (IST)

ਨਾਬਾਲਗਾ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਗ੍ਰਿਫ਼ਤਾਰ

ਬਠਿੰਡਾ (ਵਿਜੇ ਵਰਮਾ) : ਬਠਿੰਡਾ ਇਲਾਕੇ ’ਚ ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਮਾਮਲੇ ’ਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਸ ਨੇ ਦੋ 13 ਸਾਲਾ ਨਾਬਾਲਗ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਤੋਂ ਬਾਅਦ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਸਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ। ਇਹ ਘਟਨਾ 22 ਨਵੰਬਰ ਨੂੰ ਵਾਪਰੀ ਸੀ। ਰਿਪੋਰਟਾਂ ਅਨੁਸਾਰ ਮਾਤਾ-ਪਿਤਾ ਦੀ ਗੈਰ-ਹਾਜ਼ਰੀ ’ਚ, ਦੋਵੇਂ ਮੁਲਜ਼ਮ ਮੁੰਡਿਆਂ ਨੇ ਬੱਚੀ ਨੂੰ ਕੁੱਝ ਦਿਵਾਉਣ ਦਾ ਵਾਅਦਾ ਕਰ ਕੇ ਵਰਗਲਾ ਕੇ ਤਿੰਨ ਦਿਨਾਂ ਤਕ ਉਸ ਨਾਲ ਜਬਰ-ਜ਼ਿਨਾਹ ਕੀਤਾ।

ਜਦੋਂ ਬੱਚੀ ਦੀ ਮਾਂ ਨੇ ਉਸ ਦੇ ਖੂਨ ਵਹਿਣ ਅਤੇ ਪੇਟ ਦਰਦ ਬਾਰੇ ਪੁੱਛਿਆ ਤਾਂ ਬੱਚੀ ਨੇ ਘਟਨਾ ਦਾ ਵੇਰਵਾ ਦਿੱਤਾ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ, ਨਹਿਰ ਕਾਲੋਨੀ ਪੁਲਸ ਸਟੇਸ਼ਨ ਨੇ ਕਾਰਵਾਈ ਕੀਤੀ, ਬੱਚੀ ਨੂੰ ਹਸਪਤਾਲ ਲੈ ਗਈ ਅਤੇ ਡਾਕਟਰੀ ਜਾਂਚ ਕਰਵਾਈ। ਜਬਰ-ਜ਼ਿਨਾਹ ਦੀ ਪੁਸ਼ਟੀ ਹੋਣ ’ਤੇ ਪੁਲਸ ਨੇ ਤੁਰੰਤ ਦੋਵਾਂ ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਕੈਨਾਲ ਕਾਲੋਨੀ ਦੇ ਐੱਸ. ਐੱਚ. ਓ. ਹਰਜੀਵਨ ਸਿੰਘ ਨੇ ਕਿਹਾ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਵੇਂ ਨਾਬਾਲਗ ਮੁੰਡਿਆਂ ਖ਼ਿਲਾਫ਼ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਸਮੇਤ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਸਮਾਜ ਵਿਚ ਡਰ ਪੈਦਾ ਕਰਨ ਲਈ ਅਜਿਹੇ ਮਾਮਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ।


author

Babita

Content Editor

Related News