ਵਿਆਹ ਤੋਂ 2 ਦਿਨ ਬਾਅਦ ਪਤਨੀ ਨੇ ਤੋੜਿਆ ਰਿਸ਼ਤਾ, ਸਹੁਰੇ ਘਰ ਜਾਣ ਤੋਂ ਕੀਤਾ ਇਨਕਾਰ

Monday, Jun 25, 2018 - 08:59 PM (IST)

ਵਿਆਹ ਤੋਂ 2 ਦਿਨ ਬਾਅਦ ਪਤਨੀ ਨੇ ਤੋੜਿਆ ਰਿਸ਼ਤਾ, ਸਹੁਰੇ ਘਰ ਜਾਣ ਤੋਂ ਕੀਤਾ ਇਨਕਾਰ

ਝਬਾਲ, (ਲਾਲੂਘੁੰਮਣ)— ਇਥੋਂ ਦੇ ਪਿੰਡ ਭੋਜੀਆ 'ਚ ਇਕ ਲੜਕੀ ਨੇ ਆਪਣੇ ਪਤੀ ਨੂੰ ਵਿਆਹ ਦੇ ਦੂਜੇ ਦਿਨ ਠੁਕਰਾ ਦਿੱਤਾ। ਜਾਣਕਾਰੀ ਮੁਤਾਬਕ ਸਥਾਨਕ ਪਿੰਡ ਭੋਜੀਆਂ ਦੀ ਵਸਨੀਕ ਇਕ ਲੜਕੀ ਵਲੋਂ ਆਪਣੇ ਪਤੀ ਤੋਂ 2 ਦਿਨਾਂ ਬਾਅਦ ਇਸ ਕਰਕੇ ਨਾਤਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਲੜਕੇ ਨਾਲ ਉਸਦਾ ਵਿਆਹ ਕੀਤਾ ਗਿਆ ਹੈ, ਨਾ ਤਾਂ ਉਹ ਉਸਨੂੰ ਪਸੰਦ ਹੈ ਅਤੇ ਨਾ ਹੀ ਉਸ ਦੇ ਹਾਣ ਦਾ ਹੈ।
ਇਸ ਸਬੰਧੀ ਸੋਮਵਾਰ ਨੂੰ ਇਕਠੇ ਹੋਏ ਲੜਕਾ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਾਂਝਾ ਤੌਰ 'ਤੇ ਪੱਤਰਕਾਰ ਸੰਮੇਲਨ ਕੀਤਾ ਗਿਆ। ਲੜਕੀ ਦੇ ਪਿਤਾ ਲਖਬੀਰ ਸਿੰਘ ਤੇ ਮਾਂ ਰਾਜ ਕੌਰ ਨੇ ਆਪਣੀ ਲੜਕੀ ਅਮਨਦੀਪ ਕੌਰ ਨੂੰ ਬਰੂਹਾਂ ਤੋਂ ਉੱਠਾਉਣ ਦੀ ਵਿੱਥਿਆ ਬਿਆਨ ਕਰਦਿਆਂ ਦੱਸਿਆ ਕਿ ਉਸ ਦੇ ਜਵਾਈ ਗੁਰਭੇਜ ਸਿੰਘ ਵੱਲੋਂ ਰਿਸ਼ਤੇਦਾਰੀ 'ਚ ਕਰਾਏ ਗਏ ਰਿਸ਼ਤੇ ਤਹਿਤ ਉਨ੍ਹਾਂ ਵੱਲੋਂ ਕਰਜਾ ਚੁੱਕ ਕਿ ਆਪਣੀ ਧੀ ਦਾ 12 ਜੂਨ ਨੂੰ ਪਰਿਵਾਰ ਦੀ ਸਹਿਮਤੀ ਨਾਲ ਪਿੰਡ ਰਤਨੀ ਖੁਰਦ ਦੇ ਉਕਤ ਲੜਕੇ ਕੁਲਦੀਪ ਸਿੰਘ ਪੁੱਤਰ ਮੱਲਾ ਸਿੰਘ ਨਾਲ ਵਿਆਹ ਕਰਵਾਇਆ ਗਿਆ ਅਤੇ ਲੜਕੀ ਨੂੰ ਖੁਸ਼ੀ-ਖੁਸ਼ੀ ਵਿਦਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 13 ਜੂਨ ਨੂੰ ਉਨ੍ਹਾਂ ਦਾ ਲੜਕਾ ਬਲਦੇਵ ਸਿੰਘ, ਜੋ ਕਿ ਵਿਆਹ ਸਮਾਗਮ 'ਚ ਸ਼ਾਮਲ ਸੀ, ਵੱਲੋਂ ਆਪਣੇ ਚਾਚੇ, ਤਾਇਆਂ ਅਤੇ ਮਾਮੇ (ਜੋ ਉਨ੍ਹਾਂ ਨਾਲ ਨਹੀਂ ਬੋਲਦੇ ਹਨ) ਨਾਲ ਇਕ ਸਲਾਹ ਹੋ ਕਿ ਉਨ੍ਹਾਂ ਦੀ ਲੜਕੀ ਨੂੰ ਵਰਗਲਾਇਆ ਗਿਆ ਅਤੇ ਉਸ ਦੇ ਸਹੁਰੇ ਘਰ 'ਚੋਂ ਇਹ ਕਹਿ ਕੇ ਲੈ ਆਏ ਕਿ 2 ਦਿਨਾਂ ਬਾਅਦ ਉਹ ਲੜਕੀ ਨੂੰ ਭੇਜ ਦੇਣਗੇ ਤੇ ਲੜਕੀ ਨੂੰ ਉਸਦਾ ਮਾਮਾ ਆਪਣੇ ਪਿੰਡ ਮਾਨੋਚਾਹਲ ਲੈ ਗਿਆ, ਜਿੱਥੇ ਜਾ ਕਿ ਉਸ ਦੇ ਲੜਕੇ ਬਲਦੇਵ ਸਿੰਘ ਤੇ ਮਾਮੇ ਬੂਟਾ ਸਿੰਘ ਵੱਲੋਂ ਲੜਕੀ ਨੂੰ ਆਪਣੇ ਪਤੀ ਨਾਲ ਨਾ ਜਾਣ ਲਈ ਭੜਕਾਇਆ ਗਿਆ। 
ਲਖਬੀਰ ਸਿੰਘ ਨੇ ਦੱਸਿਆ ਕਿ ਉਹ ਗਰੀਬ ਆਦਮੀ ਹੈ ਅਤੇ ਬੜੀ ਮੁਸ਼ਕਲ ਨਾਲ ਉਸ ਨੇ ਆਪਣੀ ਧੀ ਦਾ ਘਰ ਵਸਾਇਆ ਸੀ ਪਰ ਉਸ ਦੇ ਲੜਕੇ ਅਤੇ ਰਿਸ਼ਤੇਦਾਰਾਂ ਵੱਲੋਂ ਮਿਲ ਕਿ ਯੋਜਨਾਬੱਧ ਢੰਗ ਨਾਲ ਸ਼ਾਜਿਸ ਘੜਕੇ ਉਸ ਦੀ ਲੜਕੀ ਦਾ ਘਰ ਉਜਾੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਵੱਲੋਂ ਐੱਸ. ਐੱਸ. ਪੀ. ਤਰਨਤਾਰਨ ਦਰਸ਼ਨ ਸਿੰਘ ਮਾਨ ਨੂੰ ਸ਼ਿਕਾਇਤ ਦਰਜ ਕਰਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ। 
ਮੈਨੂੰ ਮੇਰੀ ਪਤਨੀ ਵਾਪਸ ਦਵਾਈ ਜਾਵੇ-ਪਤੀ ਕੁਲਦੀਪ ਸਿੰਘ
ਪਤਨੀ ਨਾਲ ਮਹਿਜ਼ 2 ਦਿਨ ਦਾ ਸਾਥ ਪਾਉਣ ਵਾਲੇ ਪੀੜਤ ਪਤੀ ਕੁਲਦੀਪ ਸਿੰਘ ਨੇ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀਆਂ ਦੁਰਖਾਸਤਾਂ ਅਤੇ ਆਪਣੇ ਵਿਆਹ ਸਮੇਂ ਦੋਹਾਂ ਜੀਆਂ ਦੀ ਇਕੱਠੀ ਤਸਵੀਰ ਨੂੰ ਪੱਤਰਕਾਰਾਂ ਦੇ ਪੇਸ਼ ਕਰਦਿਆਂ ਉਸ ਦੀ ਪਤਨੀ ਉਸ ਨੂੰ ਵਾਪਸ ਦਵਾਉਣ ਦੀ ਮੰਗ ਕੀਤੀ। ਉਸ ਨੇ ਇਹ ਵੀ ਵਾਸਤਾ ਪਾਇਆ ਕਿ ਉਸ ਦੀ ਬੁੱਢੀ ਮਾਂ ਜੋ ਇਸ ਸਮੇਂ ਲਾਚਾਰ ਅਵਸਥਾ 'ਚ ਹੈ ਉਸ 'ਤੇ ਤਰਸ ਕੀਤਾ ਜਾਵੇ। ਉਸ ਨੇ ਕਿਹਾ ਕਿ ਜੇਕਰ ਉਸ ਦੀ ਪਤਨੀ ਉਸ ਨੂੰ ਛੱਡ ਕੇ ਜਾਵੇਗੀ ਤਾਂ ਉਹ ਉਸ ਦੀ ਪਤਨੀ ਨੂੰ ਉਸ ਤੋਂ ਦੂਰ ਕਰਨ ਵਾਲਿਆਂ ਵਿਰੁੱਧ ਸੁਸਾਇਡ ਨੋਟ ਲਿੱਖ ਕੇ ਮੌਤ ਨੂੰ ਗਲੇ ਲਗਾ ਲਵੇਗਾ। ਇੱਧਰ ਪਿੰਡ ਦੇ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਨੇ ਵੀ ਕੁਲਦੀਪ ਸਿੰਘ ਦੇ ਵਿਆਹ ਨਾਲ ਪਿੰਡ ਦੀ ਹੋ ਰਹੀ ਬਦਨਾਮੀ ਦੀ ਦੁਹਾਈ ਪਾਉਂਦਿਆਂ ਲੜਕੀ ਨੂੰ ਆਪਣੇ ਪਤੀ ਦੇ ਘਰ ਵਾਪਸ ਆਉਣ ਦੀ ਅਪੀਲ ਕੀਤੀ।
ਮਤਰੇਈ ਮਾਂ ਨੇ ਅਧੇੜ ਉਮਰ ਦੇ ਵਿਅਕਤੀ ਨਾਲ ਵਿਆਹ ਕੇ ਕੱਢਿਆ ਵੈਰ-ਲੜਕੀ : ਅਮਨਦੀਪ ਕੌਰ
2 ਦਿਨਾਂ ਬਾਅਦ ਆਪਣੇ ਪਤੀ ਨੂੰ ਛੱਡ ਕੇ ਆਉਣ ਵਾਲੀ ਲੜਕੀ ਅਮਨਦੀਪ ਕੌਰ ਨੇ ਜਿੱਥੇ ਆਪਣੀ ਮਤਰੇਈ ਮਾਂ 'ਤੇ ਉਸਦਾ ਅਧੇੜ ਉਮਰ ਦੇ ਵਿਅਕਤੀ ਨਾਲ ਜ਼ਬਰਦਸਤੀ ਵਿਆਹ ਕਰਕੇ ਵੈਰ ਕੱਢਣ ਦੇ ਦੋਸ਼ ਲਾਏ ਹਨ, ਉੱਥੇ ਹੀ ਉਸਦੇ ਭਰਾ ਬਲਦੇਵ ਸਿੰਘ ਨੇ ਆਪਣੇ ਪਿਤਾ 'ਤੇ ਵੀ ਲੜਕੇ ਵਾਲਿਆਂ ਤੋਂ ਲੈਣ-ਦੇਣ ਕਰਨ ਦੇ ਕਥਿਤ ਦੋਸ਼ ਲਾਉਂਦਿਆਂ ਸਕੇ ਭਨਵੱਈਏ ਅਤੇ ਵਿਚੋਲੇ 'ਤੇ ਵੀ ਮਿਲੀਭੁਗਤ ਦੇ ਦੋਸ਼ ਲਾਏ ਹਨ। ਲੜਕੀ ਅਮਨਦੀਪ ਕੌਰ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਹਾਲਤ 'ਚ ਉਕਤ ਲੜਕੇ ਨਾਲ ਨਹੀਂ ਜਾਵੇਗੀ 'ਤੇ ਜੇਕਰ ਕਿਸੇ ਵਲੋਂ ਜ਼ਬਰਦਸਤੀ ਉਕਤ ਲੜਕੇ ਨਾਲ ਭੇਜਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਆਤਮ ਹੱਤਿਆ ਕਰ ਲਵੇਗੀ।
ਕੀ ਕਹਿਣੈ ਤਫਤੀਸ਼ੀ ਅਧਿਕਾਰੀ ਗੁਰਸਾਹਬ ਸਿੰਘ ਦਾ
ਮਾਮਲੇ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਗੁਰਸਾਹਬ ਸਿੰਘ ਦਾ ਕਹਿਣਾ ਹੈ ਕਿ ਲੜਕੀ ਦੇ ਭਰਾ ਬਲਦੇਵ ਸਿੰਘ ਵਲੋਂ ਉਸ ਦੀ ਨਾਬਾਲਗ ਭੈਣ ਦੀ ਉਸ ਦੇ ਪਿਤਾ ਵਲੋਂ ਮਤਰੇਈ ਮਾਂ ਦੇ ਇਸ਼ਾਰੇ 'ਤੇ ਅਧੇੜ ਉਮਰ ਦੇ ਉਕਤ ਵਿਅਕਤੀ ਨਾਲ ਵਿਆਹ ਕਰ ਦੇਣ ਸਬੰਧੀ ਸ਼ਿਕਾਇਤ ਦਰਜ ਕਰਾਈ ਗਈ ਸੀ, ਜਿਸ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਵਲੋਂ ਲੜਕੀ ਸਮੇਤ ਦੋਹਾਂ (ਲੜਕਾ ਅਤੇ ਲੜਕੀ ਧਿਰ) ਧਿਰਾਂ ਨੂੰ ਥਾਣੇ ਬੁਲਾਇਆ ਗਿਆ ਸੀ। ਪਰ ਲੜਕੀ ਨੇ ਮੋਹਤਬਰ ਵਿਅਕਤੀਆਂ ਦੀ ਹਾਜ਼ਰੀ 'ਚ ਆਪਣੇ ਕਥਿਤ ਪਤੀ ਨਾਲ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਉਸ ਦੇ ਮਾਪਿਆਂ ਖਿਲਾਫ ਕਾਰਵਾਈ ਕਰਨ ਦੇ ਬਿਆਨ ਦਰਜ ਕਰਾਏ ਹਨ। ਉਨ੍ਹਾਂ ਦੱਸਿਆ ਕਿ ਪਿਤਾ ਵੱਲੋਂ ਲੜਕੀ ਨੂੰ ਘਰ ਲੈ ਜਾਣ ਤੋਂ ਇਨਕਾਰ ਕਰਨ ਕਰਕੇ ਫਿਲਹਾਲ ਲੜਕੀ ਨੂੰ ਉਸ ਦੇ ਮਾਮੇ ਬੂਟਾ ਸਿੰਘ ਅਤੇ ਭਰਾ ਬਲਦੇਵ ਸਿੰਘ ਦੇ ਸਪੁਰਦ ਕਰ ਦਿੱਤਾ ਗਿਆ ਹੈ, ਜਦੋਂ ਕਿ ਲੜਕੀ ਬਾਲਗ ਹੈ ਜਾਂ ਨਾਬਾਲਗ ਇਸ ਸਬੰਧੀ ਲੜਕੀ ਅਜੇ ਕੋਈ ਵੀ ਸਬੂਤ ਸਬੰਧਤ ਧਿਰ ਪੇਸ਼ ਨਹੀਂ ਕਰ ਸਕੀ, ਇਸ ਕਰਕੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।


Related News