ਕੋਟਕਪੂਰਾ-ਫ਼ਰੀਦਕੋਟ ਰੋਡ ''ਤੇ ਪੁਲ ਦਾ ਨਿਰਮਾਣ ਸ਼ੁਰੂ ਹੋਣ ਤੋਂ ਬਾਅਦ ਸ਼ਹਿਰ ''ਚ ਟ੍ਰੈਫ਼ਿਕ ਸਮੱਸਿਆ ਹੋਈ ਗੰਭੀਰ
Sunday, Nov 19, 2017 - 04:22 AM (IST)

ਕੋਟਕਪੂਰਾ, (ਨਰਿੰਦਰ)- ਕੋਟਕਪੂਰਾ-ਫ਼ਰੀਦਕੋਟ ਰੋਡ 'ਤੇ ਰੇਲਵੇ ਲਾਈਨਾਂ 'ਤੇ ਬਣ ਰਹੇ ਪੁਲ ਦੇ ਮੁਕੰਮਲ ਹੋ ਜਾਣ ਤੋਂ ਬਾਅਦ ਇਲਾਕਾ ਵਾਸੀਆਂ ਨੂੰ ਦਰਪੇਸ਼ ਫ਼ਾਟਕ ਬੰਦ ਰਹਿਣ ਦੀ ਸਮੱਸਿਆ ਤੋਂ ਸਦਾ ਲਈ ਛੁਟਕਾਰਾ ਮਿਲ ਜਾਵੇਗਾ। ਅਜਿਹਾ ਹੋਣ ਨਾਲ ਸਿਰਫ਼ ਕੋਟਕਪੂਰਾ ਵਾਸੀਆਂ ਨੂੰ ਹੀ ਫ਼ਾਇਦਾ ਨਹੀਂ ਹੋਵੇਗਾ ਸਗੋਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆਉਣ ਵਾਲੇ ਛੋਟੇ-ਵੱਡੇ ਵਾਹਨਾਂ ਨੂੰ ਵੀ ਇਸ ਦਾ ਵੱਡਾ ਲਾਭ ਮਿਲੇਗਾ। ਇਸ ਪੁਲ ਨੂੰ ਬਣਾਉਣ ਦੀ ਮੰਗ ਲੋਕਾਂ ਵੱਲੋਂ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ, ਜਿਸ ਦੇ ਪੂਰਾ ਹੋਣ ਨਾਲ ਲੋਕਾਂ ਦਾ ਖੁਸ਼ ਹੋਣਾ ਸੁਭਾਵਿਕ ਹੈ ਪਰ ਹਾਲ ਦੀ ਘੜੀ ਇਸ ਪੁਲ ਦੇ ਨਿਰਮਾਣ ਕਾਰਜ ਸ਼ੁਰੂ ਹੋਣ ਨਾਲ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਬੇਹੱਦ ਗੰਭੀਰ ਹੋ ਗਈ ਹੈ।
ਇਲਾਕੇ ਦੇ ਆਲੇ-ਦੁਆਲੇ ਦੇ ਲੋਕਾਂ ਵੱਲੋਂ ਖਾਸ ਕਰ ਕੇ ਫ਼ਰੀਦਕੋਟ ਆਉਣ-ਜਾਣ ਲਈ ਤਾਂ ਇਸ ਰਸਤੇ ਦੀ ਮੁੱਖ ਰਸਤੇ ਵਜੋਂ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਲੋਕਾਂ ਨੂੰ ਜਲਾਲੇਆਣਾ ਬਾਈਪਾਸ ਜਾਂ ਮੋਗਾ ਰੋਡ ਵੱਲ ਦੀ ਨੈਸ਼ਨਲ ਹਾਈਵੇ 54 ਰਾਹੀਂ ਫ਼ਰੀਦਕੋਟ ਆਉਣਾ-ਜਾਣਾ ਪੈਂਦਾ ਹੈ। ਪੰਜਾਬ ਅਤੇ ਬਾਹਰ ਦੇ ਸੂਬਿਆਂ ਦੇ ਵਾਹਨਾਂ ਨੂੰ ਕੋਟਕਪੂਰਾ 'ਚੋਂ ਹੋ ਕੇ ਲੰਘਣ ਸਮੇਂ ਹੁਣ ਇਕੋ-ਇਕ ਰਸਤਾ ਸ਼ਹਿਰ ਵਿਚ ਲੰਘਦੀ ਨੈਸ਼ਨਲ ਹਾਈਵੇ 15 ਹੀ ਬਚਿਆ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਛੋਟੇ-ਵੱਡੇ ਵਾਹਨਾਂ ਦੇ ਇਥੋਂ ਹੋ ਕੇ ਲੰਘਣ ਕਾਰਨ ਇਸ ਸੜਕ 'ਤੇ ਮੋਗਾ-ਬਠਿੰਡਾ ਤਿਕੋਣੀ ਤੋਂ ਬੱਤੀਆਂ ਵਾਲੇ ਚੌਕ ਤੱਕ ਅਕਸਰ ਹੀ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਰਸਤੇ 'ਤੇ ਸਥਿਤ ਬੱਸ ਸਟੈਂਡ ਅਤੇ ਇਥੋਂ ਨਿਕਲਦੇ ਨਿੱਕੇ-ਵੱਡੇ ਅਨੇਕਾਂ ਰਸਤੇ ਟ੍ਰੈਫ਼ਿਕ ਜਾਮ ਦਾ ਕਾਰਨ ਬਣ ਰਹੇ ਹਨ।
ਜਾਣਕਾਰੀ ਅਨੁਸਾਰ ਇਸ ਪੁਲ ਦੇ ਨਿਰਮਾਣ 'ਤੇ ਦੋ ਸਾਲਾਂ ਦਾ ਸਮਾਂ ਲੱਗੇਗਾ ਅਤੇ ਕੰਮ ਸ਼ੁਰੂ ਹੋਏ ਨੂੰ ਕਰੀਬ 7 ਮਹੀਨਿਆਂ ਦਾ ਸਮਾਂ ਬੀਤਿਆ ਹੈ। ਇਸ ਲਈ ਅਜੇ ਸਵਾ ਸਾਲ ਦਾ ਸਮਾਂ ਹੋਰ ਪਿਆ ਹੋਣ ਕਾਰਨ ਆਵਾਜਾਈ ਦੀ ਸਮੱਸਿਆ ਦਾ ਹੱਲ ਕਰਨਾ ਬਹੁਤ ਜ਼ਰੂਰੀ ਹੈ।