ਮਕੌੜਾ ਪੱਤਣ ’ਤੇ ਪੱਕੇ ਪੁਲ ਦਾ ਕੰਮ ਛੇਤੀ ਹੀ ਹੋਵੇਗਾ ਸ਼ੁਰੂ : ਸ਼ਮਸ਼ੇਰ ਸਿੰਘ
Wednesday, Jul 02, 2025 - 02:19 AM (IST)

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਵਿਧਾਨ ਸਭਾ ਹਲਕਾ ਦੀਨਾਨਗਰ ਦੇ ਰਾਵੀ ਦਰਿਆ ਦੇ ਮਕੌੜਾ ਪੱਤਣ ਉੱਪਰ ਪੱਕਾ ਪੁਲ ਬਣਾਉਣ ਦਾ ਕੰਮ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਪ੍ਰੋਜੈਕਟ ਲਈ ਲੋੜੀਂਦੀ ਜ਼ਮੀਨ ਦੇ ਪ੍ਰਸ਼ਾਸ਼ਨ ਵੱਲੋਂ ਐਵਾਰਡ ਵੀ ਪਾਸ ਕਰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਰਾਜ ਸਭਾ ਤੋਂ ਦਿੱਤਾ ਅਸਤੀਫ਼ਾ
ਇਹ ਖੁਲਾਸਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਦੀਨਾਨਗਰ ਦੇ ਰਾਵੀ ਦਰਿਆ ਪਾਰਲੇ ਸੱਤ ਪਿੰਡਾਂ ਦੇ ਲੋਕਾਂ ਦੀ ਬੜੇ ਹੀ ਲੰਮੇ ਸਮੇਂ ਤੋਂ ਰਾਵੀ ਦਰਿਆ ਉੱਪਰ ਪੱਕੇ ਪੁਲ ਦੀ ਮੰਗ ਸੀ, ਕਿਉਂਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾਂ ਤੱਕ ਵੀ ਰਾਵੀ ਪਾਰਲੇ ਲੋਕਾਂ ਨੂੰ ਪਿਛਲੀਆਂ ਸਰਕਾਰਾਂ ਇਕ ਪੱਕਾ ਪੁਲ ਮੁਹੱਈਆ ਨਹੀਂ ਸਨ ਕਰਵਾ ਸਕੀਆਂ ਅਤੇ ਲੋਕਾਂ ਨੂੰ ਦਰਿਆ ਦੇ ਆਰ-ਪਾਰ ਜਾਣ ਲਈ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਉੱਪਰ ਮਕੌੜਾ ਪੱਤਣ ਵਿਖੇ 1600 ਮੀਟਰ ਲੰਮੇ ਪੁਲ ਨੂੰ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਤੇਜ਼ੀ ਨਾਲ ਕਦਮ ਚੁੱਕੇ ਜਾ ਰਹੇ ਹਨ ਅਤੇ ਆਉਂਦੇ ਕੁਝ ਦਿਨਾਂ ਦੇ ਅੰਦਰ ਹੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇਸ ਪੁਲ ਨੂੰ ਬਣਾਉਣ ਦੇ ਕੰਮ ਦਾ ਨੀਂਹ ਪੱਧਰ ਰੱਖਣਗੇ। ਜਿਸ ਮਗਰੋਂ ਜਲਦੀ ਹੀ ਪੁਲ ਤਿਆਰ ਕਰਕੇ ਦੀਨਾਨਗਰ ਹਲਕੇ ਦੇ ਲੋਕਾਂ ਦੇ ਸਪੁਰਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਾਰਤ 'ਚ ਜਲਦੀ ਹੋਵੇਗੀ 'ਸਟਾਰਲਿੰਕ' ਦੀ ਐਂਟਰੀ, ਪਿੰਡ-ਸ਼ਹਿਰ ਹਰ ਥਾਂ ਚੱਲੇਗਾ ਹਾਈ-ਸਪੀਡ ਇੰਟਰਨੈੱਟ
ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਪ੍ਰੋਜੈਕਟ ਅਧੀਨ ਸੱਤ ਪਿੰਡਾਂ ਮਕੌੜਾ, ਚੱਕ ਰਾਮ ਸਹਾਏ, ਮਹੇਸ਼ਪੁਰ, ਤੂਰ, ਰਾਜਪੁਰ ਜੱਟਾਂ, ਸ਼ਾਹਪੁਰ ਅਤੇ ਇਸਮਾਈਲਪੁਰ ਦੀ ਜ਼ਮੀਨ ਹਾਸਲ ਕਰਨ ਲਈ ਕਰੀਬ 8 ਕਰੋੜ ਰੁਪਏ ਦੇ ਐਵਾਰਡ ਪਾਸ ਕਰ ਦਿੱਤੇ ਗਏ ਹਨ ਜਿਸ ਨਾਲ ਹੁਣ ਪੁਲ ਦੇ ਨਿਰਮਾਣ ਕੰਮ ਨੂੰ ਸ਼ੁਰੂ ਕਰਨ ਲਈ ਰਾਹ ਪੱਧਰਾ ਹੋ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8