ਸਾਉਣ ਮਹੀਨੇ ਤੋਂ ਪਹਿਲਾਂ ਸ਼ੁਰੂ ਹੋਈ ਬਰਸਾਤ ਨੇ ਗਰਮੀ ਤੋਂ ਦਿਵਾਈ ਭਾਰੀ ਰਾਹਤ
Wednesday, Jul 09, 2025 - 04:46 PM (IST)

ਅੰਮ੍ਰਿਤਸਰ (ਸਰਬਜੀਤ) : ਸਾਉਣ ਮਹੀਨੇ ਤੋਂ ਪਹਿਲਾਂ ਹੀ ਸ਼ੁਰੂ ਹੋਈਆਂ ਬਰਸਾਤਾਂ ਨੇ ਗੁਰੂ ਨਗਰੀ ਵਿਖੇ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਖ਼ਾਸਾ ਰਾਹਤ ਪਹੁੰਚਾ ਦਿੱਤੀ ਹੈ ਪਰ ਸੜਕਾਂ ਅਤੇ ਬਜ਼ਾਰਾਂ 'ਚ ਜਮ੍ਹਾਂ ਹੋਏ ਬਰਸਾਤੀ ਪਾਣੀ ਨਾਲ ਲੋਕ ਕਾਫੀ ਲੰਬਾ ਸਮਾਂ ਪਰੇਸ਼ਾਨ ਹੁੰਦੇ ਰਹੇ। ਸਾਉਣ ਦੇ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਨ੍ਹਾਂ ਬਰਸਾਤਾਂ ਨੇ ਪੰਜਾਬ ਵਿੱਚ ਮੌਸਮ ਨੂੰ ਬਦਲ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁੱਝ ਦਿਨਾਂ ਤੱਕ ਇਸੇ ਤਰ੍ਹਾਂ ਤੇਜ਼ ਬਰਸਾਤ ਜਾਰੀ ਰਹਿ ਸਕਦੀ ਹੈ। ਇਸ ਨਾਲ ਨਾ ਸਿਰਫ਼ ਗਰਮੀ ਘਟੇਗੀ, ਸਗੋਂ ਕਿਸਾਨਾਂ ਨੂੰ ਖੇਤੀ ਲਈ ਵੀ ਇਹ ਬਰਸਾਤ ਲਾਭਕਾਰੀ ਸਾਬਤ ਹੋਵੇਗੀ।
ਇਸ ਬਰਸਾਤ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਈਆਂ ਤਸਵੀਰਾਂ ਨੇ ਹਰ ਕਿਸੇ ਦਾ ਮਨ ਮੋਹ ਲਿਆ। ਮੀਂਹ ਦੀਆਂ ਬੂੰਦਾਂ ਵਿੱਚ ਭਿੱਜਦੇ ਹੋਏ ਸ਼ਰਧਾਲੂ ਜਦੋਂ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਤਾਂ ਉਹ ਦ੍ਰਿਸ਼ ਆਤਮਕ ਸ਼ਾਂਤੀ ਅਤੇ ਅਡੋਲ ਵਿਸ਼ਵਾਸ ਦੀ ਜਿਊਂਦੀ-ਜਾਗਦੀ ਤਸਵੀਰ ਲੱਗ ਰਹੀ ਸੀ। ਜੇਕਰ ਦੂਜੇ ਪਾਸੇ ਵੇਖੀਏ ਤਾਂ ਅੰਮ੍ਰਿਤਸਰ ਵਿਖੇ ਹੋਈ ਬਰਸਾਤ ਨੇ ਨਿਗਮ ਦੀ ਪੋਲ ਖੋਲ੍ਹ ਦਿੱਤੀ ਹੈ।
ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਅੰਦਰੂਨੀ ਬਜ਼ਾਰਾਂ ਤੋਂ ਲੈ ਕੇ ਹੈਰੀਟੇਜ ਸਟਰੇਟ ਤੋਂ ਇਲਾਵਾ ਸ਼ਹਿਰ ਦੇ ਆਲੇ-ਦੁਆਲੇ ਦੀਆਂ ਵੱਡੀਆਂ ਸੜਕਾਂ ਅਤੇ ਬਾਜ਼ਾਰ ਬਰਸਾਤੀ ਪਾਣੀ ਨਾਲ ਭਰੇ ਦਿਖਾਈ ਦਿੱਤੇ, ਜਿਸ ਤੋਂ ਇਹ ਸਾਫ ਲੱਗ ਰਿਹਾ ਸੀ ਕਿ 2 ਘੰਟੇ ਦੀ ਹੋਈ ਲਗਾਤਾਰ ਬਾਰਸ਼ ਤੋਂ ਬਾਅਦ ਚਾਰ ਘੰਟਿਆਂ ਤੱਕ ਸੜਕਾਂ ਤੋਂ ਪਾਣੀ ਨਹੀਂ ਨਿਕਲ ਸਕਿਆ। ਰਾਹਗੀਰ ਆਪਣੇ ਵਾਹਨਾਂ ਤੇ ਘੱਟ ਸਪੀਡ ਨਾਲ ਪਾਣੀ ਵਿੱਚੋਂ ਨਿਕਲਦੇ ਦਿਖਾਈ ਦਿੱਤੇ, ਉੱਥੇ ਹੀ ਕਈਆਂ ਦਾ ਕਹਿਣਾ ਸੀ ਕਿ ਅਜੇ ਤਾਂ ਬਰਸਾਤ ਸ਼ੁਰੂ ਹੋਈ ਹੈ ਤਾਂ ਇਹ ਹਾਲ ਹੋ ਗਿਆ ਜੇਕਰ ਸਾਉਣ ਮਹੀਨਾ ਪੂਰਾ ਇਸੇ ਤਰ੍ਹਾਂ ਮੀਹ ਪੈਂਦਾ ਰਿਹਾ ਤਾਂ ਗੁਰੂ ਨਗਰੀ ਦਾ ਰੱਬ ਹੀ ਰਖਵਾਲਾ ਹੋਵੇਗਾ।