ਕੋਟਕਪੂਰਾ ਵਿਚ ਮੀਂਹ ਕਾਰਨ ਇਕ ਘਰ ਦੀ ਛੱਤ ਡਿੱਗੀ
Tuesday, Jul 15, 2025 - 05:54 PM (IST)

ਕੋਟਕਪੂਰਾ (ਨਰਿੰਦਰ ਬੈੜ੍ਹ) : ਸ਼ਹਿਰ ਵਿਚ ਬੀਤੇ ਦਿਨੀਂ ਪਏ ਮੋਹਲੇਧਾਰ ਮੀਂਹ ਕਾਰਨ ਸਥਾਨਕ ਗਾਂਧੀ ਬਸਤੀ ਵਿਚ ਇਕ ਘਰ ਦੀ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਛੱਤ ਡਿੱਗਣ ਸਮੇਂ ਪਰਿਵਾਰ ਦਾ ਕੋਈ ਮੈਂਬਰ ਘਰ ਵਿਚ ਮੌਜੂਦ ਨਹੀਂ ਸੀ, ਜਿਸਦੇ ਚੱਲਦਿਆਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਘਰ ਦਾ ਸਾਰਾ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪ੍ਰਭਾਵਿਤ ਪਰਿਵਾਰ ਅਤੇ ਆਂਢ-ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਸਵੇਰ ਤੋਂ ਫਰੀਦਕੋਟ ਜ਼ਿਲੇ ਵਿਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਇਸ ਮੀਂਹ ਕਾਰਨ ਬੀਤੇ ਦਿਨ ਕੋਟਕਪੂਰਾ ਦੀ ਗਾਂਧੀ ਬਸਤੀ ਵਿਚ ਇਕ ਘਰ ਦੀ ਛੱਤ ਡਿੱਗ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੀ ਮੁਖੀ ਔਰਤ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦੀ ਹੈ ਅਤੇ ਨੇੜਲੇ ਪਿੰਡ ਝੋਨਾ ਲਗਾਉਣ ਗਈ ਹੋਈ ਸੀ। ਉਸਨੇ ਦੱਸਿਆ ਕਿ ਉਸ ਨੂੰ ਉਸਦੇ ਗੁਆਂਢੀਆਂ ਨੇ ਛੱਤ ਡਿੱਗਣ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਛੱਤ ਡਿੱਗਣ ਨਾਲ ਲਗਭਗ 50 ਹਜ਼ਾਰ ਦਾ ਸਾਮਾਨ ਨੁਕਸਾਨਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਆਪਣੇ ਘਰ ਦੀ ਕਮਜ਼ੋਰ ਛੱਤ ਬਾਰੇ ਜਾਣਦੀ ਸੀ ਪਰ ਆਪਣੀ ਆਰਥਿਕ ਸਥਿਤੀ ਕਾਰਨ ਉਹ ਇਸਦੀ ਮੁਰੰਮਤ ਨਹੀਂ ਕਰਵਾ ਸਕੀ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ। ਇਸ ਮੌਕੇ ਗੁਆਂਢ ਵਿਚ ਰਹਿੰਦੀ ਇਕ ਔਰਤ ਜਸਵਿੰਦਰ ਕੌਰ ਨੇ ਕਿਹਾ ਕਿ ਛੱਤ ਡਿੱਗਣ ਤੋਂ ਬਾਅਦ ਹੁਣ ਇਸ ਪਰਿਵਾਰ ਕੋਲ ਰਹਿਣ ਲਈ ਕੋਈ ਸਹਾਰਾ ਨਹੀਂ ਬਚਿਆ ਹੈ। ਅਜਿਹੀ ਸਥਿਤੀ ਵਿਚ, ਸਰਕਾਰ ਅਤੇ ਪ੍ਰਸ਼ਾਸਨ ਨੂੰ ਇਸ ਪਰਿਵਾਰ ਦੀ ਘਰ ਦੀ ਛੱਤ ਬਣਾਉਣ ਵਿਚ ਮਦਦ ਕਰਨੀ ਚਾਹੀਦੀ ਹੈ।