ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ ਪ੍ਰੇਸ਼ਾਨੀਆਂ ਦੇ ਰੋੜੇ

Tuesday, Jul 01, 2025 - 01:32 PM (IST)

ਪੰਜਾਬ 'ਚ ਪੈਦਾ ਹੋ ਸਕਦੈ ਗੰਭੀਰ ਸੰਕਟ ! ਇੱਟਾਂ ਵਾਲੇ ਭੱਠਿਆਂ ਦੇ ਰਾਹ ’ਚ ਪ੍ਰੇਸ਼ਾਨੀਆਂ ਦੇ ਰੋੜੇ

ਗੁਰਦਾਸਪੁਰ (ਹਰਮਨ)-ਸਮੁੱਚੇ ਪੰਜਾਬ ਅੰਦਰ ਭੱਠਾ ਮਾਲਕਾਂ ਵੱਲੋਂ ਸੱਤ ਮਹੀਨੇ ਭੱਠੇ ਬੰਦ ਕਰਨ ਦੇ ਕੀਤੇ ਗਏ ਐਲਾਨ ਨੇ ਭੱਠਾ ਉਦਯੋਗ ਨਾਲ ਜੁੜੇ ਕਈ ਮਸਲਿਆਂ, ਸੰਕਟਾਂ ਅਤੇ ਪ੍ਰੇਸ਼ਾਨੀਆਂ ਨੂੰ ਉਜਾਗਰ ਕਰ ਦਿੱਤਾ ਹੈ। 7 ਮਹੀਨੇ ਭੱਠੇ ਬੰਦ ਰੱਖਣ ਦਾ ਐਲਾਨ ਜ਼ਿਆਦਾਤਰ ਮਾਲਵੇ ਨਾਲ ਸਬੰਧਤ ਭੱਠਾ ਮਾਲਕਾਂ ਵੱਲੋਂ ਕੀਤਾ ਗਿਆ ਹੈ, ਜਦੋ ਕਿ ਜ਼ਿਲਾ ਗੁਰਦਾਸਪੁਰ ਅਤੇ ਇਸ ਇਲਾਕੇ ਦੀ ਸਮੁੱਚੀ ਬੈਲਟ ’ਚ ਕੰਮ ਕਰਦੇ ਭੱਠਾ ਮਾਲਕਾਂ ਨੇ ਅਜੇ ਤੱਕ ਇਸ ਸੰਦਰਭ ’ਚ ਇੱਟਾਂ ਦੇ ਭੱਠੇ ਬੰਦ ਰੱਖਣ ਕੋਈ ਵੀ ਐਲਾਨ, ਸਮਰਥਨ ਜਾਂ ਵਿਰੋਧ ਨਹੀਂ ਕੀਤਾ ਹੈ।

ਜੇਕਰ ਪਿਛਲੇ ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਜ਼ਿਲੇ ’ਚ ਭੱਠੇ ਸਿਰਫ 4 ਮਹੀਨੇ ਹੀ ਬੰਦ ਰਹਿੰਦੇ ਸਨ ਕਿਉਂਕਿ ਭੱਠਾ ਮਾਲਕਾਂ ਦਾ ਦਾਅਵਾ ਹੈ ਕਿ ਮਾਲਵੇ ਅਤੇ ਮਾਝੇ ਅੰਦਰ ਮੀਂਹ ਦੀ ਮਾਤਰਾ ਅਤੇ ਹੋਰ ਪ੍ਰਸਥਿਤੀਆਂ ’ਚ ਬਹੁਤ ਫਰਕ ਹੈ, ਜਿਸ ਕਾਰਨ 7 ਮਹੀਨੇ ਭੱਠੇ ਬੰਦ ਰੱਖਣ ਦੀ ਸੂਰਤ ’ਚ ਉਨ੍ਹਾਂ ਦਾ ਬਹੁਤ ਨੁਕਸਾਨ ਹੁੰਦਾ ਹੈ।

ਗੁਰਦਾਸਪੁਰ ਦੀ ਇਸ ਬੈਲਟ ’ਚ ਕੰਮ ਕਰਦੇ ਭੱਠਾ ਮਾਲਕ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਆਰਥਿਕ ਚੁਨੌਤੀਆਂ ਅਤੇ ਸੰਕਟਾਂ ’ਚ ਘਿਰੇ ਹੋਣ ਦਾ ਦਾਅਵਾ ਕਰ ਰਹੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਇੱਟਾਂ ਤਿਆਰ ਕਰਨ ਦਾ ਰਸਤੇ ’ਚ ਪ੍ਰੇਸ਼ਾਨੀਆਂ ਦੇ ਰੋੜੇ ਹਨ। ਦੂਜੇ ਪਾਸੇ ਭੱਠਾ ਮਜ਼ਦੂਰ ਵੀ ਕਈ ਵਾਰ ਆਪਣੀ ਪਤਲੀ ਆਰਥਿਕ ਹਾਲਤ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਦੇ ਨਾਲ ਹੀ ਇੱਟਾਂ ਦੇ ਖਰੀਦਦਾਰ ਲੋਕ ਵੀ ਇਸ ਗੱਲ ਨੂੰ ਲੈ ਕੇ ਨਿਰਾਸ਼ਾ ਜ਼ਾਹਿਰ ਕਰਦੇ ਹਨ ਕਿ ਇੱਟਾਂ ਦੇ ਰੇਟ ਬਹੁਤ ਵੱਧ ਗਏ ਹਨ ਪਰ ਜੇਕਰ ਸਮੁੱਚੇ ਭੱਠਾ ਕਾਰੋਬਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਨਾਲ ਜਿਹੜੀ ਕੋਈ ਵੀ ਧਿਰ ਇਸ ਮੌਕੇ ਖੁਸ਼ ਨਜ਼ਰ ਨਹੀਂ ਆ ਰਹੀ।

ਇਹ ਵੀ ਪੜ੍ਹੋਪੰਜਾਬ 'ਚ ਵੱਡਾ ਐਨਕਾਊਂਟਰ, ਹਥਿਆਰ ਬਰਾਮਦਗੀ ਦੌਰਾਨ ਮੁਲਜ਼ਮ ਨੇ ਚਲਾਈਆਂ ਗੋਲੀਆਂ

ਕੀ ਹੈ ਗੁਰਦਾਸਪੁਰ ਜ਼ਿਲ੍ਹੇ ਦੀ ਸਥਿਤੀ

ਗੁਰਦਾਸਪੁਰ ਭੱਠਾ ਮਾਲਕ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਰਾਜੀਵ ਬਜਾਜ ਅਤੇ ਸੀਨੀਅਰ ਅਹੁਦੇਦਾਰ ਕਸ਼ਮੀਰ ਸਿੰਘ ਗੁਰਾਇਆ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲੇ ਅੰਦਰ ਤਕਰੀਬਨ 1663 ਭੱਠੇ ਹਨ, ਜਿਨ੍ਹਾਂ ’ਚੋਂ 37 ਭੱਠੇ ਪਹਿਲਾਂ ਹੀ ਬੰਦ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ 126 ਭੱਠਿਆਂ ਤੇ ਮਾਲਕਾਂ ਵੱਲੋਂ ਟੈਕਸ ਭਰਿਆ ਜਾਂਦਾ ਰਿਹਾ ਸੀ।

ਪਿਛਲੇ ਸੀਜ਼ਨ ’ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਕਾਰਨ 33 ਫੀਸਦੀ ਭੱਠਾ ਮਾਲਕਾਂ ਵੱਲੋਂ ਆਪਣੇ ਭੱਠੇ ਨਹੀਂ ਚਲਾਏ ਗਏ। ਉਨ੍ਹਾਂ ਕਿਹਾ ਕਿ ਹਾਲਾਤ ਬੇਹੱਦ ਬਦਤਰ ਬਣਦੇ ਜਾ ਰਹੇ ਹਨ ਅਤੇ ਇਹ ਉਮੀਦ ਹੈ ਕਿ ਆਉਣ ਵਾਲੇ ਸਮੇਂ ’ਚ ਹੋਰ ਵੀ ਭੱਠਾ ਮਾਲਕ ਇਸ ਕਾਰੋਬਾਰ ਤੋਂ ਤੌਬਾ ਕਰ ਜਾਣਗੇ।

ਇਹ ਵੀ ਪੜ੍ਹੋ-ਪੰਜਾਬ 'ਚ ਖ਼ਤਰੇ ਦੀ ਘੰਟੀ! ਇਸ ਨਹਿਰ 'ਚ ਪੈ ਗਿਆ ਪਾੜ

ਕੀ ਹੈ ਮਾਲਵੇ ਅਤੇ ਮਾਝੇ ’ਚ ਫਰਕ

ਰਾਜੀਵ ਬਜਾਜ ਨੇ ਦੱਸਿਆ ਕਿ ਮਾਲਵੇ ’ਚ ਬਾਰਿਸ਼ ਘੱਟ ਹੋਣ ਕਾਰਨ ਉਸ ਖੇਤਰ ਅੰਦਰ ਭੱਠਾ ਮਾਲਕ ਸਾਲ ਵਿਚ ਸਿਰਫ ਇਕ ਵਾਰ ਭੱਠੇ ਚਲਾਉਂਦੇ ਹਨ। ਉਨ੍ਹਾਂ ਕਿਹਾ ਕਿ ਉਸ ਖੇਤਰ ਦੇ ਭੱਠੇ ਵੱਡੇ ਪੱਧਰ ਦੇ ਇੱਟਾਂ ਤਿਆਰ ਕਰਦੇ ਹਨ, ਜਿਨ੍ਹਾਂ ਵੱਲੋਂ ਜਨਵਰੀ ਮਹੀਨੇ ਭੱਠਿਆਂ ’ਚ ਅੱਗ ਲਗਾਈ ਜਾਂਦੀ ਹੈ ਅਤੇ ਜੂਨ ਜੁਲਾਈ ਵਿਚ ਸਾਰਾ ਕੰਮ ਸਮੇਟ ਲਿਆ ਜਾਂਦਾ ਹੈ। ਜਦੋਂ ਕਿ ਮਾਝੇ ਖੇਤਰ ’ਚ ਬਾਰਿਸ਼ ਜ਼ਿਆਦਾ ਹੋਣ ਕਾਰਨ ਇਸ ਖੇਤਰ ’ਚ ਭੱਠਾ ਮਾਲਕ ਪਹਿਲਾਂ ਮਾਰਚ ਤੋਂ ਜੂਨ ਤੱਕ ਭੱਠੇ ਚਲਾਉਂਦੇ ਹਨ, ਜਿਸ ਤੋਂ ਬਾਅਦ ਚਾਰ ਮਹੀਨੇ ਭੱਠੇ ਬੰਦ ਰੱਖ ਕੇ ਮੁੜ ਅਕਤੂਬਰ ਤੋਂ ਦਸੰਬਰ ਤੱਕ ਵੀ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਹਨ।

PunjabKesari

ਉਨ੍ਹਾਂ ਕਿਹਾ ਕਿ ਇਸ ਖੇਤਰ ’ਚ ਸਿਰਫ ਚਾਰ ਮਹੀਨੇ ਹੀ ਭੱਠੇ ਬੰਦ ਰੱਖੇ ਜਾਂਦੇ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਬੇਹੱਦ ਘਾਟਾ ਪੈਂਦਾ ਹੈ ਪਰ ਮਾਲਵਾ ਖੇਤਰ ਦੇ ਭੱਠਾ ਮਾਲਕ ਸਿਰਫ ਇਕ ਵਾਰ ਹੀ ਅੱਗ ਲਗਾ ਕੇ ਇਕੱਠਾ ਮਾਲ ਤਿਆਰ ਕਰ ਲੈਂਦੇ ਹਨ, ਜਿਸ ਨੂੰ ਉਹ ਜੁਲਾਈ ਤੋਂ ਬਾਅਦ ਪੂਰੇ ਪੰਜਾਬ ’ਚ ਵੇਚਦੇ ਹਨ। ਉਨ੍ਹਾਂ ਕਿਹਾ ਕਿ ਉਹ ਯੂਨੀਅਨ ਵੱਲੋਂ 7 ਮਹੀਨੇ ਭੱਠੇ ਬੰਦ ਰੱਖਣ ਦੇ ਫੈਸਲੇ ਦਾ ਕੋਈ ਵਿਰੋਧ ਨਹੀ ਕਰ ਰਹੇ ਅਤੇ ਗੁਰਦਾਸਪੁਰ ਜ਼ਿਲੇ ਅੰਦਰ ਮੀਟਿੰਗ ਕਰ ਕੇ ਫੈਸਲਾ ਲੈਣਗੇ।

ਇਹ ਵੀ ਪੜ੍ਹੋਗਿਆਨੀ ਰਘਬੀਰ ਸਿੰਘ ਨੇ ਹਾਈਕੋਰਟ 'ਚੋਂ ਪਟੀਸ਼ਨ ਵਾਪਸ ਲੈਣ ਦਾ ਕੀਤਾ ਐਲਾਨ

ਕੀ ਹਨ ਵੱਡੀਆਂ ਚੁਣੌਤੀਆਂ

ਰਾਜੀਵ ਬਜਾਜ ਨੇ ਦੱਸਿਆ ਕਿ ਮਾਝੇ ਖੇਤਰ ’ਚ ਭੱਠਾ ਮਾਲਕ ਬਹੁਤ ਵੱਡੀਆਂ ਸਮੱਸਿਆਵਾਂ ’ਚ ਘਿਰੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਰਿਸ਼ ਆਉਣ ਕਾਰਨ ਬਹੁਤ ਨੁਕਸਾਨ ਹੁੰਦਾ ਹੈ। ਭੱਠਾ ਚਲਾਉਣ ਕਾਰਨ ਬਾਲਣ ਵੀ ਜ਼ਿਆਦਾ ਲੱਗਦਾ ਹੈ ਅਤੇ ਲੇਬਰ ਵੀ ਜ਼ਿਆਦਾ ਪੈਂਦੀ ਹੈ। ਇਸ ਜ਼ਿਲੇ ’ਚੋਂ ਐਕਸਪ੍ਰੈੱਸ ਹਾਈਵੇ ਦੇ ਸ਼ੁਰੂ ਹੋਏ ਨਿਰਮਾਣ ਕਾਰਨ ਮਿੱਟੀ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਹੈ, ਜਿਸ ਕਾਰਨ ਹੁਣ ਮਿੱਟੀ ਤਿੰਨ ਗੁਣਾ ਜ਼ਿਆਦਾ ਰੇਟ ’ਤੇ ਮਿਲ ਰਹੀ ਹੈ।

ਉਨ੍ਹਾਂ ਕਿਹਾ ਕਿ ਕਰੀਬ ਦੋ ਤਿੰਨ ਸਾਲ ਪਹਿਲਾਂ ਇਕ ਏਕੜ ’ਚੋਂ ਇਕ ਫੁੱਟ ਡੂੰਘੀ ਮਿੱਟੀ ਪੁੱਟਣ ਦਾ ਰੇਟ ਇਕ ਲੱਖ ਰੁਪਇਆ ਸੀ ਪਰ ਹੁਣ ਇਹੀ ਰੇਟ 3 ਲੱਖ ਰੁਪਏ ਤੱਕ ਹੋ ਗਿਆ ਹੈ। ਸਰਕਾਰ ਦੀ ਮਾਈਨਿੰਗ ਪਾਲਿਸੀ ਵੀ ਪ੍ਰੇਸ਼ਾਨੀ ਦਾ ਕਾੲਨ ਬਣਦੀ ਹੈ। ਕੋਲੇ ਦਾ ਰੇਟ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਹੁਣ ਕੋਲੇ ਦੇ ਰੇਟ ’ਚ ਕੁਝ ਗਿਰਾਵਟ ਆਈ ਹੈ ਪਰ ਜੇਕਰ ਕਰੀਬ ਚਾਰ ਸਾਲ ਪਹਿਲਾਂ ਨਾਲ ਮੁਕਾਬਲਾ ਕੀਤਾ ਜਾਵੇ ਤਾਂ ਰੇਟ ਬਹੁਤ ਵੱਧ ਗਏ ਹਨ।

ਇਹ ਵੀ ਪੜ੍ਹੋਪੰਜਾਬ 'ਚ ਗਰਮੀਆਂ ਦੀ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ

ਵੱਡੀ ਸਮੱਸਿਆ ਬਣੀ ਲੇਬਰ ਦੀ ਘਾਟ

ਉਨ੍ਹਾਂ ਦੱਸਿਆ ਕਿ ਇਸ ਮੌਕੇ ਮਾਝਾ ਬੈਲਟ ਦੇ ਭੱਠਾ ਮਾਲਕਾਂ ਲਈ ਸਭ ਤੋਂ ਵੱਡੀ ਸਮੱਸਿਆ ਲੇਬਰ ਦੀ ਘਾਟ ਹੈ। ਉਨ੍ਹਾਂ ਕਿਹਾ ਕਿ ਲੋਕਲ ਲੇਬਰ ਪਹਿਲਾਂ ਹੀ ਅਰਬ ਦੇਸ਼ਾਂ ਸਮੇਤ ਹੋਰ ਥਾਵਾਂ ’ਤੇ ਜਾ ਚੁੱਕੀ ਹੈ ਅਤੇ ਛਤੀਸਗੜ੍ਹ, ਯੂ. ਪੀ. ਵਰਗੇ ਸੂਬਿਆਂ ਤੋਂ ਆਉਣ ਵਾਲੀ ਲੇਬਰ ਵੀ ਹੁਣ ਭੱਠਾ ਮਾਲਕਾਂ ਨੂੰ ਬਹੁਤ ਪ੍ਰੇਸ਼ਾਨ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣੇ ਹੋਏ ਹਨ ਕਿ ਅਡਵਾਂਸ ਪੇਮੈਂਟ ਲੈਣ ਦੇ ਬਾਵਜੂਦ ਲੇਬਰ ਪੰਜਾਬ ’ਚ ਨਹੀਂ ਆ ਰਹੀ ਅਤੇ ਜਿਹੜੇ ਭੱਠਾ ਮਜ਼ਦੂਰ ਪੰਜਾਬ ਵਿਚ ਆ ਰਹੇ ਹਨ, ਉਨ੍ਹਾਂ ਵੱਲੋਂ ਵੀ ਮਾਲਵਾ ਖੇਤਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਕਿਉਂਕਿ ਉੱਥੇ ਭੱਠਾ ਮਾਲਕਾਂ ਦਾ ਕੰਮ ਹੁਣ ਜ਼ਿਆਦਾ ਹੈ। ਇਸ ਕਾਰਨ ਲੇਬਰ ਦੀ ਘਾਟ ਵੀ ਭੱਠਾ ਮਾਲਕਾਂ ਲਈ ਕਾਫੀ ਵੱਡੀ ਸਿਰਦਰਦੀ ਬਣੀ ਹੋਈ ਹੈ, ਜਿਸ ਦਾ ਇੱਟਾਂ ਦੇ ਉਤਪਾਦਨ ’ਚ ਅਸਰ ਪੈ ਰਿਹਾ ਹੈ।

ਇੱਟਾਂ ਦੇ ਰੇਟ ਨੂੰ ਲੈ ਕੇ ਲੋਕ ਵੀ ਨਾ ਖੁਸ਼

ਇਕ ਪਾਸੇ ਭੱਠਾ ਮਾਲਕ ਅਤੇ ਭੱਠਿਆਂ ਦੇ ਕੰਮ ਕਰਨ ਵਾਲੇ ਮਜ਼ਦੂਰ ਵੀ ਆਪਣੀ ਪ੍ਰੇਸ਼ਾਨੀਆਂ ’ਚ ਘਿਰੇ ਹੋਏ ਹਨ। ਦੂਜੇ ਪਾਸੇ 1000 ਇੱਟਾਂ ਦਾ ਰੇਟ 6800 ਤੋਂ 7000 ਰੁਪਏ ਹੋਣ ਕਾਰਨ ਆਮ ਲੋਕ ਵੀ ਕਾਫੀ ਸ਼ਿਕਵਾ ਕਰਦੇ ਹਨ ਕਿ ਇੱਟਾਂ ਦੇ ਰੇਟ ਕਾਫੀ ਵੱਧ ਚੁੱਕੇ ਹਨ। ਹੁਣ ਜਦੋਂ ਪੰਜਾਬ ਦੇ ਭੱਠਾ ਮਾਲਕਾਂ ਨੇ ਸੱਤ ਮਹੀਨੇ ਭੱਠੇ ਬੰਦ ਕਰਨ ਦਾ ਐਲਾਨ ਕੀਤਾ ਹੈ ਤਾਂ ਇਸ ਦਾ ਅਸਰ ਵੀ ਇੱਟਾਂ ਦੇ ਰੇਟਾਂ ’ਤੇ ਪਵੇਗਾ ਕਿਉਂਕਿ ਜੁਲਾਈ ਦੇ ਸ਼ੁਰੂਆਤ ’ਚ ਹੀ ਮਾਝੇ ਸਮੇਤ ਪੰਜਾਬ ਦੇ ਹੋਰ ਖੇਤਰਾਂ ਵਿਚ ਚੱਲ ਰਹੇ ਭੱਠੇ ਬੰਦ ਹੋ ਜਾਣਗੇ, ਜਿਸ ਦੇ ਬਾਅਦ ਇੱਟਾਂ ਦੇ ਰੇਟ ’ਚ 200 ਤੋਂ 500 ਰੁਪਏ ਤੱਕ ਦਾ ਵਾਧਾ ਹੋਵੇਗਾ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਮਾਲਵੇ ਖੇਤਰ ’ਚ ਚੱਲ ਰਹੇ ਵੱਡੇ ਭੱਠਿਆਂ ਵੱਲੋਂ ਗੁਰਦਾਸਪੁਰ ਸਮੇਤ ਸਮੁੱਚੇ ਪੰਜਾਬ ਅੰਦਰ ਇੱਟਾਂ ਦੀ ਸਪਲਾਈ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ, ਜਿਨ੍ਹਾਂ ਵੱਲੋਂ ਘੱਟ ਰੇਟ ਲੈ ਕੇ ਵੀ ਮੁਨਾਫਾ ਕਮਾਇਆ ਜਾ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News