ਫ਼ਰੀਦਕੋਟ ਜ਼ਿਲ੍ਹੇ 'ਚ ਹੋਏ ਤਿੰਨ ਕਤਲਾਂ ਦੇ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ
Thursday, Jul 10, 2025 - 03:49 PM (IST)

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਅੰਦਰ ਬੀਤੇ ਦਿਨੀਂ ਇਕ ਤੋਂ ਬਾਅਦ ਹੋਏ ਤਿੰਨ ਅੰਨ੍ਹੇ ਕਤਲਾਂ ਦੀ ਗੁੱਥੀ ਨੂੰ ਸੁਲਝਾਉਣ ਵਿਚ ਪੁਲਸ ਨੂੰ ਸਫ਼ਲਤਾ ਹਾਸਲ ਹੋਈ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸੰਦੀਪ ਕੁਮਾਰ ਐੱਸ. ਪੀ. (ਇੰਨਵੈਸਟੀਗੇਸ਼ਨ), ਤਰਲੋਚਨ ਸਿੰਘ ਡੀ.ਐੱਸ.ਪੀ ਸਬ-ਡਵੀਜ਼ਨ, ਜਤਿੰਦਰ ਸਿੰਘ ਡੀ.ਐਸ.ਪੀ ਸਬ-ਡਵੀਜਨ (ਕੋਟਕਪੂਰਾ) ਅਤੇ ਅਰੁਣ ਮੁੰਡਨ ਡੀ.ਐਸ.ਪੀ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠਲੀਆਂ ਟੀਮਾਂ ਨੇ ਇਨ੍ਹਾਂ ਕਤਲਾਂ ਦੀ ਗੁੱਥੀ ਨੂੰ ਥੋੜ੍ਹੇ ਸਮੇਂ ਵਿਚ ਸੁਲਝਾ ਕੇ ਆਪਣੀ ਸੂਝ-ਬੂਝ ਦੀ ਮਿਸਾਲ ਕਾਇਮ ਕੀਤੀ ਹੈ। ਇਹ ਜਾਣਕਾਰੀ ਜ਼ਿਲ੍ਹੇ ਦੀ ਸੀਨੀਅਰ ਪੁਲਸ ਕਪਤਾਨ ਡਾ. ਪ੍ਰੱਗਿਆ ਜੈਨ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ। ਉਨ੍ਹਾਂ ਵੇਰਵੇ ਸਹਿਤ ਦੱਸਿਆ ਕਿ ਕਤਲ ਦੀ ਪਹਿਲੀ ਵਾਰਦਾਤ ਸੰਧਵਾਂ ਵਿਖੇ ਬੀਤੀ 6-7 ਜੁਲਾਈ ਦੀ ਦਰਮਿਆਨੀ ਰਾਤ ਨੂੰ ਜਗਮੋਹਨ ਸਿੰਘ ਨਾਮਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਵੇਲੇ ਹੱਤਿਆ ਕਰ ਦਿੱਤੀ ਗਈ ਜਦੋਂ ਉਹ ਆਪਣੇ ਘਰ ਦੇ ਨੇੜੇ ਖੇਤ ਵੱਲ ਗੇੜਾ ਮਾਰਣ ਚੱਲਿਆ ਸੀ। ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਸ ਵੱਲੋਂ ਨਾਨਕਸਰ ਬਸਤੀ ਸੰਧਵਾਂ ਦੇ ਦੋਸ਼ੀ ਚੰਦ ਸਿੰਘ, ਹਰਬੰਸ ਕੌਰ ਅਤੇ ਇਕ ਨਾਬਾਲਗ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਕਤਲ ਦੀ ਵਜ੍ਹਾ ਰੰਜਿਸ਼ ਇਹ ਸਾਹਮਣੇ ਆਈ ਕਿ ਦੋਸ਼ੀਆ ਨੇ ਹਰਬੰਬ ਕੌਰ ਅਤੇ ਮ੍ਰਿਤਕ ਦੇ ਆਪਸੀ ਨਜਾਇਜ਼ ਸਬੰਧ ਹੋਣ ਦਾ ਸ਼ੱਕ ਹੋਣ ਕਰਕੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲ "ਚ ਸ਼ਰਮਨਾਕ ਘਟਨਾ, ਅਧਿਆਪਕ ਨੇ 14-15 ਕੁੜੀਆਂ ਨਾਲ ਕੀਤਾ...
ਦੂਸਰੇ ਅੰਨ੍ਹੇ ਕਤਲ ਜੋ ਪਿੰਡ ਕੰਮੇਆਣਾ ਵਿਖੇ 8 ਜੁਲਾਈ ਹੋਇਆ ਸੀ ਵਿਚ ਦੋਸ਼ੀ ਰਵਿੰਦਰ ਕੁਮਾਰ ਉਰਫ ਸੁੱਖਾ ਵਾਸੀ ਸ਼੍ਰੀ ਮੁਕਤਸਰ ਸਾਹਿਬ, ਤੇਜ ਸਿੰਘ ਵਾਸੀ ਪਿੰਡ ਕੰਮੇਆਣਾ ਅਤੇ ਮਨਪ੍ਰੀਤ ਕੌਰ ਵਾਸੀ ਪਿੰਡ ਕੰਮੇਆਣਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਪਾਸੋਂ 315 ਬੋਰ ਦੇਸੀ ਕੱਟਾ ਅਤੇ ਜਿੰਦਾ ਰੌਂਦ ਵੀ ਬਰਾਮਦ ਕੀਤੇ ਗਏ। ਇਸ ਕਤਲ ਦੀ ਵਜ੍ਹਾ ਇਹ ਰਹੀ ਕਿ ਮ੍ਰਿਤਕ ਇੰਦਰਜੀਤ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਰਵਿੰਦਰ ਕੁਮਾਰ ਉਰਫ ਸੁੱਖਾ ਨਾਲ ਨਜਾਇਜ਼ ਸਬੰਧ ਸਨ ਜੋ ਕਿ ਉਸ ਨਾਲ ਹੀ ਫ਼ਰੀਦਕੋਟ ਵਿਖੇ ਰਹਿ ਰਹੀ ਸੀ। ਜਿਸ ਦੌਰਾਨ ਮਨਪ੍ਰੀਤ ਕੌਰ ਵੱਲੋਂ ਇਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਰਵਿੰਦਰ ਕੁਮਾਰ ਅਤੇ ਆਪਣੇ ਪਿਤਾ ਤੇਜ ਸਿੰਘ ਨਾਲ ਮਿਲ ਕੇ ਇੰਦਰਜੀਤ ਸਿੰਘ ਦੇ ਕਤਲ ਦੀ ਸਾਜ਼ਿਸ਼ ਘੜੀ ਅਤੇ ਜਿਸ ਉਪਰੰਤ ਰਵਿੰਦਰ ਕੁਮਾਰ ਉਰਫ ਸੁੱਖਾ ਅਤੇ ਤੇਜ ਸਿੰਘ ਰਾਤ ਨੂੰ ਮੋਟਰਸਾਈਕਲਾਂ ’ਤੇ ਪਿੰਡ ਕੰਮੇਆਣਾ ਪੁੱਜੇ ਅਤੇ ਫਿਰ ਰਵਿੰਦਰ ਕੁਮਾਰ ਨੇ ਨਜਾਇਜ਼ ਕੱਟੇ ਨਾਲ ਇੰਦਰਜੀਤ ਸਿੰਘ ਦੀ ਹੱਤਿਆ ਕਰ ਦਿੱਤੀ।
ਇਹ ਵੀ ਪੜ੍ਹੋ : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਨੂੰ ਝਟਕਾ, ਪੈ ਗਿਆ ਨਵਾਂ ਪੰਗਾ
ਤੀਸਰਾ ਅੰਨ੍ਹਾਂ ਕਤਲ ਜੋ ਰਜਨੀ ਉਰਫ ਰਾਜਬੀਰ ਕੌਰ ਦਾ ਹੋਇਆ ਸੀ। ਇਸ ਮਾਮਲੇ ਵਿਚ ਪੁਲਸ ਵੱਲੋਂ ਮ੍ਰਿਤਕ ਰਜਨੀ ਦੇ ਪਿਤਾ ਗੁਰਬਖਸ਼ ਸਿੰਘ ਦੇ ਬਿਆਨਾ ’ਤੇ ਮੁਕੱਦਮਾ ਦਰਜ ਕੀਤਾ ਸੀ ਜਿਸਤੋਂ ਬਾਅਦ ਪੁਲਸ ਟੀਮਾਂ ਵੱਲੋਂ ਮ੍ਰਿਤਕ ਦੇ ਪਤੀ ਰਸ਼ਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਸੂਤਰਾਂ ਅਨੁਸਾਰ ਦੋਸ਼ੀ ਵੱਲੋਂ ਹੱਤਿਆ ਕਰਨ ਲਈ ਵਰਤਿਆ ਗਿਆ ਕਹੀ ਦਾ ਦਸਤਾ ਵੀ ਬਰਾਮਦ ਕਰ ਲਿਆ ਹੈ। ਇਸ ਕਤਲ ਦੀ ਵਜ੍ਹਾ ਰੰਜਿਸ਼ ਇਹ ਰਹੀ ਕਿ ਦੋਸ਼ੀ ਰਸ਼ਪਾਲ ਸਿੰਘ ਆਪਣੀ ਪਤਨੀ ਮ੍ਰਿਤਕ ਰਜਨੀ ਦੀ ਕੁੱਟਮਾਰ ਕਰਦਾ ਰਹਿੰਦਾ ਸੀ ਜਿਸ ਕਰਕੇ ਉਹ 6 ਮਹੀਨਿਆਂ ਤੋਂ ਉਸਤੋਂ ਵੱਖ ਰਹਿ ਰਹੀ ਸੀ। ਜਦੋ ਮ੍ਰਿਤਕ ਬੀਤੀ 8 ਜੁਲਾਈ ਨੂੰ ਆਪਣੇ ਬੱਚਿਆਂ ਨੂੰ ਮਿਲਣ ਗਈ ਤਾਂ ਦੋਸ਼ੀ ਰਸ਼ਪਾਲ ਸਿੰਘ ਨੇ ਸੱਟਾਂ ਮਾਰ ਕੇ ਉਸਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਮੁਲਾਜ਼ਮਾਂ ਦੀ ਆਈ ਸ਼ਾਮਤ, ਜਾਰੀ ਹੋਏ ਨੋਟਿਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e