ਤੇਜ਼ ਬਾਰਿਸ਼ ਨਾਲ ਗੁਰੂ ਨਗਰੀ ਹੋਈ ਜਲਥਲ, ਲੋਕਾਂ ਨੂੰ ਗਰਮੀ ਤੋਂ ਮਿਲੀ ਭਾਰੀ ਰਾਹਤ
Tuesday, Jul 08, 2025 - 04:57 AM (IST)

ਅੰਮ੍ਰਿਤਸਰ (ਸਰਬਜੀਤ) : ਗੁਰੂ ਨਗਰੀ ਵਿਖੇ ਹੋਈ ਤੇਜ਼ ਬਾਰਿਸ਼ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਤਾਂ ਖਾਸਾ ਰਾਹਤ ਮਿਲ ਗਈ ਪਰ ਸੜਕਾਂ ਅਤੇ ਬਾਜ਼ਾਰਾਂ ਵਿੱਚ ਜਮ੍ਹਾਂ ਹੋਏ ਬਰਸਾਤੀ ਪਾਣੀ ਨਾਲ ਲੋਕ ਕਾਫੀ ਲੰਬਾ ਸਮਾਂ ਪਰੇਸ਼ਾਨ ਹੁੰਦੇ ਰਹੇ। ਸਾਵਨ ਦੇ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਨ੍ਹਾਂ ਬਰਸਾਤਾਂ ਨੇ ਪੰਜਾਬ ਵਿੱਚ ਮੌਸਮ ਦੀ ਰੁੱਤ ਨੂੰ ਬਦਲ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਦੀ ਹਲਕੀ ਤੇ ਤੇਜ਼ ਬਰਸਾਤ ਜਾਰੀ ਰਹਿ ਸਕਦੀ ਹੈ। ਇਸ ਨਾਲ ਨਾ ਸਿਰਫ਼ ਗਰਮੀ ਘਟੇਗੀ, ਸਗੋਂ ਖੇਤੀ ਲਈ ਵੀ ਇਹ ਬਰਸਾਤ ਲਾਭਕਾਰੀ ਸਾਬਤ ਹੋਵੇਗੀ।
ਇਹ ਵੀ ਪੜ੍ਹੋ : ਬਿਆਨਾ ਲੈ ਕੇ ਨਹੀਂ ਕਾਰਵਾਈ ਰਜਿਸਟਰੀ, ਦੋ ਔਰਤਾਂ 'ਤੇ ਧੋਖਾਧੜੀ ਦਾ ਕੇਸ ਦਰਜ
ਇਸ ਬਰਸਾਤ ਦੌਰਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਈਆਂ ਤਸਵੀਰਾਂ ਨੇ ਹਰ ਕਿਸੇ ਦਾ ਮਨ ਮੋਹ ਲਿਆ। ਮੀਂਹ ਦੀਆਂ ਬੂੰਦਾਂ ਵਿੱਚ ਭੀਜਦੇ ਹੋਏ ਸ਼ਰਧਾਲੂ ਜਦੋਂ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ, ਤਾਂ ਉਹ ਦ੍ਰਿਸ਼ ਆਤਮਿਕ ਸ਼ਾਂਤੀ ਅਤੇ ਅਡੋਲ ਵਿਸ਼ਵਾਸ ਦੀ ਜ਼ਿੰਦੀ ਜਾਗਦੀ ਤਸਵੀਰ ਲੱਗ ਰਹੀ ਸੀ। ਸੋਸ਼ਲ ਮੀਡੀਆ 'ਤੇ ਵੀ ਇਹ ਅਲੌਕਿਕ ਪਲ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਜੇਕਰ ਦੂਸਰੇ ਪਾਸੇ ਵੇਖੀਏ ਤਾਂ ਅੰਮ੍ਰਿਤਸਰ ਵਿਖੇ ਹੋਈ ਪਹਿਲੀ ਬਰਸਾਤ ਨੇ ਹੀ ਨਿਗਮ ਦੇ ਪੋਲ ਖੋਲ ਦਿੱਤੇ ਹਨ ਸ਼੍ਰੀ ਹਰਿਮੰਦਰ ਸਾਹਿਬ ਵੱਲ ਜਾਂਦੇ ਅੰਦਰੂਨੀ ਬਾਜ਼ਾਰਾਂ ਤੋਂ ਲੈ ਕੇ ਹੈਰੀਟੇਜ ਸਟਰੇਟ ਤੋਂ ਇਲਾਵਾ ਸ਼ਹਿਰ ਦੇ ਆਲੇ ਦੁਆਲੇ ਦੀਆਂ ਵੱਡੀਆਂ ਸੜਕਾਂ ਅਤੇ ਬਾਜ਼ਾਰ ਬਰਸਾਤੀ ਪਾਣੀ ਨਾਲ ਭਰੇ ਦਿਖਾਈ ਦਿੱਤੇ, ਜਿਸ ਤੋਂ ਇਹ ਸਾਫ ਲੱਗ ਰਿਹਾ ਸੀ ਕਿ ਦੋ ਘੰਟੇ ਦੀ ਹੋਈ ਲਗਾਤਾਰ ਬਾਰਿਸ਼ ਤੋਂ ਬਾਅਦ ਚਾਰ ਘੰਟਿਆਂ ਤੱਕ ਸੜਕਾਂ ਤੋਂ ਪਾਣੀ ਨਹੀਂ ਨਿਕਲ ਸਕਿਆ। ਰਾਹਗੀਰ ਆਪਣੇ ਵਾਹਨਾਂ ਤੇ ਘੱਟ ਸਪੀਡ ਨਾਲ ਪਾਣੀ ਵਿੱਚੋਂ ਨਿਕਲਦੇ ਦਿਖਾਈ ਦਿੱਤੇ। ਉਥੇ ਹੀ ਕਈਆਂ ਦਾ ਕਹਿਣਾ ਸੀ ਕਿ ਅਜੇ ਤਾਂ ਬਰਸਾਤ ਸ਼ੁਰੂ ਹੋਈ ਹੈ ਤਾਂ ਇਹ ਹਾਲ ਹੋ ਗਿਆ, ਜੇਕਰ ਸਾਉਣ ਮਹੀਨਾ ਪੂਰਾ ਇਸੇ ਤਰ੍ਹਾਂ ਮੀਹ ਪੈਂਦਾ ਰਿਹਾ ਤਾਂ ਗੁਰੂ ਨਗਰੀ ਦਾ ਰੱਬ ਹੀ ਰਖਵਾਲਾ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8