3 ਦਹਾਕਿਆ ਦੇ ਬਾਅਦ ਵੀ ਸਿਵਲ ਹਸਪਤਾਲ ਨੂੰ ਨਹੀਂ ਮਿਲਿਆ ਆਈ. ਸੀ. ਯੂ. ਵਾਰਡ
Friday, Sep 08, 2017 - 02:09 AM (IST)
ਮੋਗਾ, (ਸੰਦੀਪ)- ਬੇਸ਼ੱਕ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਮੂਹ ਜ਼ਿਲਾ ਪੱਧਰੀ ਸਿਵਲ ਹਸਪਤਾਲਾਂ 'ਚ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਇਨ੍ਹਾਂ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਦੀਆਂ ਪ੍ਰੇਸ਼ਾਨੀਆਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਹ ਦਾਅਵੇ ਸਿਰਫ ਲੋਕਾਂ ਨੂੰ ਦਿਨ ਵੇਲੇ ਦਿਖਾਏ ਜਾਣ ਵਾਲੇ ਸੁਪਨਿਆਂ ਦੀ ਤਰ੍ਹਾਂ ਹੀ ਜਾਪਦੇ ਹਨ, ਜਿਸ ਦੀ ਉਦਾਹਰਨ ਇੱਥੋਂ ਦਾ ਜ਼ਿਲਾ ਪੱਧਰੀ ਹਸਪਤਾਲ ਦੇ ਰਿਹਾ ਹੈ।
ਪਿਛਲੇ ਤਿੰਨ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਰਿਹਾ ਜ਼ਿਲਾ ਪੱਧਰੀ ਹਸਪਤਾਲ 'ਚ ਇੰਨੇ ਸਾਲਾਂ ਤੋਂ ਬਾਅਦ ਵੀ ਸਿਹਤ ਵਿਭਾਗ ਇੱਥੇ ਗੰਭੀਰ ਹਾਲਤ 'ਚ ਆਉਣ ਵਾਲੇ ਮਰੀਜ਼ਾਂ ਲਈ ਆਈ. ਸੀ. ਯੂ. ਵਾਰਡ ਵੀ ਨਹੀਂ ਬਣਾਇਆ ਸਕਿਆ, ਜਿਸ ਕਰ ਕੇ ਇਹ ਹਸਪਤਾਲ ਸਿਰਫ ਰੈਫਰਲ ਹਸਪਤਾਲ ਬਣ ਕੇ ਰਹਿ ਗਿਆ ਹੈ, ਜਿਸ ਦਾ ਸਬੂਤ ਇੱਥੋਂ ਦੇ ਐਮਰਜੈਂਸੀ ਵਾਰਡ ਦੇ ਰਜਿਸਟਰ 'ਚ ਹਰ ਰੋਜ਼ ਇੱਥੋਂ ਰੈਫਰ ਕੀਤੇ ਜਾਣ ਵਾਲੇ ਮਰੀਜ਼ਾਂ ਦਾ ਦਰਜ ਰਿਕਾਰਡ ਦੇ ਰਿਹਾ ਹੈ।
ਇਹੀ ਨਹੀਂ, ਮੀਂਹ ਦੇ ਮੌਸਮ ਦੇ ਨਾਲ-ਨਾਲ ਡੇਂਗੂ ਅਤੇ ਸਵਾਈਨ ਫਲੂ ਦੇ ਖਤਰੇ ਨੂੰ ਦੇਖਦਿਆਂ ਹਸਪਤਾਲ 'ਚ ਆਈਸੋਲੇਸ਼ਨ ਵਾਰਡ ਤਾਂ ਸਥਾਪਤ ਕੀਤਾ ਗਿਆ ਹੈ ਪਰ ਆਈ. ਸੀ. ਯੂ. ਵਾਰਡ ਦੀ ਸਹੂਲਤ ਹਸਪਤਾਲ 'ਚ ਨਾ ਹੋਣ ਕਾਰਨ ਇਹ ਆਈਸੋਲੇਸ਼ਨ ਵਾਰਡ ਵੀ ਮੁੱਢਲੇ ਇਲਾਜ ਕਰਨ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।
