ਇਸ ਤਰੀਕ ਤੋਂ ਜੈਪੁਰ ਲਈ ਆਦਮਪੁਰ ਹਵਾਈ ਅੱਡੇ ਤੋਂ ਸ਼ੁਰੂ ਹੋਵੇਗੀ ਉਡਾਣ
Wednesday, Mar 11, 2020 - 05:37 PM (IST)
ਜਲੰਧਰ (ਚੋਪੜਾ)— ਆਦਮਪੁਰ ਹਵਾਈ ਅੱਡੇ ਤੋਂ ਜੈਪੁਰ ਲਈ ਰੋਜ਼ਾਨਾ ਉਡਾਣ 29 ਮਾਰਚ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਰੋਜ਼ਾਨਾ ਸਵੇਰੇ 7.30 ਵਜੇ ਤੋਂ ਜੈਪੁਰ ਤੋਂ ਹਵਾਈ ਉਡਾਣ ਸਵੇਰੇ 8.30 ਵਜੇ ਆਦਮਪੁਰ ਹਵਾਈ ਅੱਡੇ 'ਤੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਆਦਮਪੁਰ ਹਵਾਈ ਅੱਡੇ ਤੋਂ ਦੁਪਹਿਰ 12.30 ਵਜੇ ਜਹਾਜ਼ ਉਡਾਣ ਭਰ ਕੇ ਦੁਪਹਿਰ 2 ਵਜੇ ਜੈਪੁਰ ਪਹੁੰਚਿਆ ਕਰੇਗਾ।
ਆਦਮਪੁਰ ਹਵਾਈ ਅੱਡੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਲਈ ਪ੍ਰਸ਼ਾਸਨਿਕ ਕੰਪਲੈਕਸ 'ਚ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਵਾਈ ਅੱਡੇ ਨੂੰ ਜਾਣ ਲਈ ਯਾਤਰੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਆਦਮਪੁਰ ਤੋਂ ਹਵਾਈ ਅੱਡੇ ਦੀ ਸੜਕ ਨੂੰ 40 ਕਰੋੜ ਦੀ ਲਾਗਤ ਨਾਲ 4 ਲੇਨ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਰਿੰਦਰ ਸ਼ਰਮਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਕੰਮ ਨੂੰ ਜਲਦ ਸ਼ੁਰੂ ਕਰਵਾਉਣ ਦੀਆਂ ਸੰਭਾਵਨਾਵਾਂ ਲੱਭਣ। ਇਸ ਮੌਕੇ ਕਾਰਜਕਾਰੀ ਇੰਜੀ. ਅਜੀਤ ਸਿੰਘ, ਐੱਚ. ਐੱਸ. ਧਾਰੀਵਾਲ, ਡਾਇਰੈਕਟਰ ਆਦਮਪੁਰ ਹਵਾਈ ਅੱਡਾ ਕੇਵਲ ਕ੍ਰਿਸ਼ਨ ਅਤੇ ਹੋਰ ਵੀ ਮੌਜੂਦ ਸਨ।