''ਵਾਰਿਸ ਪੰਜਾਬ ਦੇ'' ਜਥੇਬੰਦੀ ਨੇ ਉੱਤਰਾਖੰਡ ''ਚ ਨਿਹੰਗ ਸਿੰਘਾਂ ਨਾਲ ਬਦਸਲੂਕੀ ਦਾ ਚੁੱਕਿਆ ਮੁੱਦਾ
Sunday, Jun 21, 2026 - 07:54 PM (IST)
ਦੇਹਰਾਦੂਨ/ਮੁੱਲਾਂਪੁਰ ਦਾਖਾ, (ਕਾਲੀਆ)-16 ਜੂਨ ਨੂੰ ਕਰਨਪ੍ਰਯਾਗ, ਉੱਤਰਾਖੰਡ ਵਿਖੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ’ਤੇ ਜਾ ਰਹੇ ਚਾਰ ਸਿੱਖ ਨੌਜਵਾਨ ਨਿਹੰਗ ਸਿੱਖਾਂ 'ਤੇ ਹੋਏ ਹਮਲੇ, ਕੁੱਟਮਾਰ ਤੇ ਉਨ੍ਹਾਂ ਖ਼ਿਲਾਫ਼ ਇਕਤਰਫ਼ਾ ਪਰਚਾ ਦਰਜ ਕੀਤੇ ਜਾਣ ਦੀ ਘਟਨਾ ਨੇ ਸਮੁੱਚੇ ਸਿੱਖ ਜਗਤ ਵਿੱਚ ਗਹਿਰੀ ਚਿੰਤਾ ਤੇ ਰੋਸ ਪੈਦਾ ਕੀਤਾ ਹੈ। ਨੌਜਵਾਨਾਂ ਨੂੰ ਬਿਨਾਂ ਦਸਤਾਰ ਅਦਾਲਤ 'ਚ ਪੇਸ਼ ਕੀਤੇ ਜਾਣ ਦੀ ਘਟਨਾ ਨੇ ਵੀ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਵਫ਼ਦ ਜਿਸ 'ਚ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ, ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਤਿਕਾਰਯੋਗ ਪਿਤਾ ਬਾਪੂ ਤਰਸੇਮ ਸਿੰਘ, ਮੁੱਲਾਂਪੁਰ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਗੁਰਦੁਆਰਾ ਸ਼ਹੀਦ ਸਿੰਘਾਂ ਸੁਹਾਣਾ ਸਾਹਿਬ ਦੇ ਮੁੱਖ ਸੇਵਾਦਾਰ ਹਰਜਿੰਦਰ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਦਲੇਰ ਸਿੰਘ ਡੋਡ, ਰਸ਼ਪਾਲ ਸਿੰਘ ਸੋਸਨ ਅਤੇ ਗੰਗਵੀਰ ਸਿੰਘ ਹੋਰ ਆਗੂ ਸ਼ਾਮਲ ਸਨ, ਉਹਨਾਂ ਨੇ ਮੁੱਖ ਮੰਤਰੀ ਉੱਤਰਾਖੰਡ ਦੇ ਦੌਰੇ ’ਤੇ ਹੋਣ ਕਾਰਨ ਉਨ੍ਹਾਂ ਦੇ ਨਿਰਦੇਸ਼ਾਂ ਅਨੁਸਾਰ ਡੀਜੀਪੀ ਦੀਪਮ ਸੇਠ ਦੇ ਨਾਲ ਵਿਸਥਾਰਪੂਰਵਕ ਮੁਲਾਕਾਤ ਕੀਤੀ।
ਇਸ ਦੌਰਾਨ ਡੀ.ਜੀ.ਪੀ. ਵੱਲੋਂ ਭਰੋਸਾ ਦਵਾਇਆ ਗਿਆ ਕਿ ਮਾਮਲੇ ਦੀ ਜਾਂਚ ਜ਼ਿਲ੍ਹੇ ਤੋਂ ਬਾਹਰ ਕਿਸੇ ਨਿਰਪੱਖ ਏਜੰਸੀ ਜਾਂ ਅਧਿਕਾਰੀ ਨੂੰ ਸੌਂਪੀ ਜਾਵੇਗੀ। ਇਸ ਦੇ ਨਾਲ ਹੀ ਦੂਜੀ ਧਿਰ ਖ਼ਿਲਾਫ਼ ਵੀ ਕਰਾਸ ਪਰਚਾ ਦਰਜ ਕਰ ਦਿੱਤਾ ਗਿਆ ਹੈ। ਡੀਜੀਪੀ ਨੇ ਇਹ ਵੀ ਭਰੋਸਾ ਦਿੱਤਾ ਕਿ ਬਿਨਾਂ ਮੈਡੀਕਲ ਸਬੂਤਾਂ ਦੇ ਲਗਾਈ ਗਈ ਧਾਰਾ 307 ਅਤੇ ਹੋਰ ਬੇਬੁਨਿਆਦ ਧਾਰਾਵਾਂ, ਜਿਨ੍ਹਾਂ ਵਿੱਚ ਛੇੜਛਾੜ ਸਬੰਧੀ ਧਾਰਾਵਾਂ ਵੀ ਸ਼ਾਮਲ ਹਨ, ਉਨ੍ਹਾਂ ਦੀ ਸਮੀਖਿਆ ਕਰਕੇ ਉਨ੍ਹਾਂ ਨੂੰ ਹਟਾਉਣ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਚਾਰੇ ਨੌਜਵਾਨਾਂ ਦੀ ਜਲਦ ਤੋਂ ਜਲਦ ਰਿਹਾਈ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਡੈਲੀਗੇਸ਼ਨ ਨੇ ਆਸ ਪ੍ਰਗਟਾਈ ਕਿ ਪੀੜਤ ਨੌਜਵਾਨਾਂ ਨੂੰ ਜਲਦ ਇਨਸਾਫ਼ ਮਿਲੇਗਾ, ਜੇਕਰ ਇਨਸਾਫ਼ ਵਿੱਚ ਦੇਰੀ ਜਾਂ ਪੱਖਪਾਤ ਕੀਤਾ ਗਿਆ ਤਾਂ ਸਿੱਖ ਕੌਮ ਅਤੇ ਸੰਬੰਧਿਤ ਜਥੇਬੰਦੀਆਂ ਇਸ ਮਾਮਲੇ ਦੀ ਡੱਟ ਕੇ ਪੈਰਵਾਈ ਕਰਨਗੀਆਂ ਤੇ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰੱਖਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
