ਹੰਬੜਾਂ-ਲੁਧਿਆਣਾ ਰੋਡ ’ਤੇ ਰੇਤ ਨਾਲ ਭਰਿਆ ਓਵਰਲੋਡ ਟਿੱਪਰ ਪਲਟਿਆ

Tuesday, Jun 16, 2026 - 05:08 PM (IST)

ਹੰਬੜਾਂ-ਲੁਧਿਆਣਾ ਰੋਡ ’ਤੇ ਰੇਤ ਨਾਲ ਭਰਿਆ ਓਵਰਲੋਡ ਟਿੱਪਰ ਪਲਟਿਆ

ਲੁਧਿਆਣਾ (ਅਨਿਲ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਹੰਬੜਾਂ ਪੁਲਸ ਚੌਕੀ ਦੇ ਇਲਾਕੇ ਵਿਚ ਅੱਜ ਲੁਧਿਆਣਾ-ਹੰਬੜਾਂ ਰੋਡ ’ਤੇ ਰੇਤ ਨਾਲ ਭਰਿਆ ਓਵਰਲੋਡ ਟਿੱਪਰ ਬੇਕਾਬੂ ਹੋ ਕੇ ਹਾਈਵੇ ‘ਤੇ ਪਲਟ ਗਿਆ ਜਿਸ ਕਾਰਨ ਹਾਈਵੇ ‘ਤੇ ਕਈ ਘੰਟੇ ਤੱਕ ਭਾਰੀ ਟ੍ਰੈਫਿਕ ਜਾਮ ਲੱਗਾ ਰਿਹਾ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪੀ.ਸੀ.ਆਰ. ਮੁਲਾਜ਼ਮ ਕੇਵਲ ਕ੍ਰਿਸ਼ਨ ਪੁਲਸ ਟੀਮ ਦੇ ਨਾਲ ਪੁੱਜੇ ਅਤੇ ਹਾਦਸੇ ਵਿਚ ਜ਼ਖਮੀ ਹੋਏ ਡ੍ਰਾਈਵਰ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿਚ ਲੈ ਕੇ ਗਏ।

ਦੱਸਿਆ ਜਾ ਰਿਹਾ ਹੈ ਕਿ ਇਸ ਇਲਾਕੇ ਵਿਚ ਕੁਝ ਲੋਕਾਂ ਵੱਲੋਂ ਨਾਜਾਇਜ਼ ਤਰੀਕੇ ਨਾਲ ਰੇਤ ਦੀ ਮਾਈਨਿੰਗ ਦਾ ਕਾਰੋਬਾਰ ਚਲਾਇਆ ਜਾ ਰਿਹਾ ਹੈ ਜਿਸ ਕਾਰਨ ਨਾਜਾਇਜ਼ ਰੇਤ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਪੁਲਸ ਨੂੰ ਧੋਖਾ ਦੇਣ ਲਈ ਬਿਨਾਂ ਨੰਬਰ ਦੇ ਟਿੱਪਰ ਚਲਾਇਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਜੋ ਟਿੱਪਰ ਰੇਤ ਦਾ ਭਰ ਕੇ ਜਾ ਰਿਹਾ ਸੀ, ਉਸ ’ਤੇ ਨਾ ਤਾਂ ਅੱਗੇ ਨੰਬਰ ਪਲੇਟ ਲੱਗੀ ਹੋਈ ਸੀ ਅਤੇ ਨਾ ਹੀ ਪਿੱਛੇ ਜਿਸ ਤੋਂ ਬਾਅਦ ਜਦੋਂ ਪੁਲਸ ਨੂੰ ਉਕਤ ਮਾਮਲੇ ਸਬੰਧੀ ਜਾਣਕਾਰੀ ਮਿਲੀ ਤਾਂ ਪੁਲਸ ਵੱਲੋਂ ਮੌਕੇ ’ਤੇ ਕ੍ਰੇਨ ਬੁਲਾ ਕੇ ਪਹਿਲਾਂ ਸੜਕ ’ਤੇ ਪਲਟੇ ਟਿੱਪਰ ਨੂੰ ਸਿੱਧਾ ਕੀਤਾ ਗਿਆ ਅਤੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਸ਼ੁਰੂ ਕਰਵਾਇਆ ਗਿਆ।

ਜਦੋਂ ਉਕਤ ਮਾਮਲੇ ਸਬੰਧੀ ਚੌਕੀ ਮੁਖੀ ਪ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਹਾਦਸਾ ਹੋਣ ਤੋਂ ਬਾਅਦ ਪੁਲਸ ਨੇ ਸਭ ਤੋਂ ਪਹਿਲਾਂ ਜ਼ਖਮੀ ਟਿੱਪਰ ਚਾਲਕ ਗੁਰਪ੍ਰੀਤ ਸਿੰਘ ਨੂੰ ਇਲਾਜ ਲਈ ਲਿਜਾਇਆ ਗਿਆ। ਪੁਲਸ ਵੱਲੋਂ ਓਵਰਲੋਡ ਟਿੱਪਰ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਟਿੱਪਰ ਚਾਲਕ ਦੇ ਕੋਲ ਰੇਤ ਦੀ ਮਾਈਨਿੰਗ ਦੀ ਕੋਈ ਰਸੀਦ ਪ੍ਰਾਪਤ ਨਾ ਹੋਈ ਤਾਂ ਪੁਲਸ ਵੱਲੋਂ ਉਸ ਚਾਲਕ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

Anmol Tagra

Content Editor

Related News