ਖੁਰਾਕ ਸਪਲਾਈ ਵਿਭਾਗ ਦੀ ਟੀਮ ਨੇ ਗੈਸ ਮਾਫੀਆ ਦੇ ਵੱਖ-ਵੱਖ ਟਿਕਾਣਿਆਂ ’ਤੇ ਮਾਰੇ ਛਾਪੇ
Saturday, Jun 20, 2026 - 02:51 PM (IST)
ਲੁਧਿਆਣਾ (ਖੁਰਾਣਾ)- 'ਜਗ ਬਾਣੀ' ਵੱਲੋਂ ਬੀਤੀ 17 ਜੂਨ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਖਬਰ ‘ਨਾਜਾਇਜ਼ ਅੰਡਾ ਬੰਦ ਕਰ ਕੇ ਅੰਡਰਗਰਾਊਂਡ ਹੋਇਆ ਗੈਸ ਮਾਫੀਆ,’ ਮਾਮਲੇ ਤੋਂ ਬਾਅਦ ਹਰਕਤ ਵਿਚ ਆਏ ਖੁਰਕ ਪਸਪਲਾਈ ਵਿਭਾਗ ਦੇ ਕੰਟ੍ਰੋਲਰ ਲਖਬੀਰ ਸਿੰਘ ਸੰਧੂ ਦੇ ਨਿਰਦੇਸ਼ਾਂ ’ਤੇ ਬਣਾਈ ਵਿਭਾਗੀ ਮੁਲਾਜ਼ਮਾਂ ਦੀ ਟੀਮ ਵੱਲੋਂ ਗੈਸ ਮਾਫੀਆ ਦੇ ਵੱਖ ਵੱਖ ਟਿਕਾਣਿਆਂ ’ਤੇ ਛਾਪੇਮਾਰੀਆਂ ਕੀਤੀਆਂ ਗਈਆਂ।
ਇਸ ਦੌਰਾਨ ਵਿਭਾਗੀ ਟੀਮ ਵਿਚ ਸ਼ਾਮਲ ਏ.ਐੱਫ.ਐੱਸ.ਓ. ਨਿਤਿਨ ਕਾਲੀਆ, ਦਵਿੰਦਰ ਸਿੰਘ, ਪਰਵਿੰਦਰ ਸਿੰਘ ਲੱਧੜ, ਨਿਤਿਨ ਅਰੋੜਾ ਅਤੇ ਅਜੇ ਕੁਮਾਰ ਸਾਰੇ ਇੰਸਪੈਕਟਰਾਂ ਵੱਲੋਂ ਬਸਤੀ ਜੋਧੇਵਾਲ ਦੇ ਕੈਲਾਸ਼ ਨਗਰ ਇਲਾਕੇ ਅਤੇ ਮੇਹਰਬਾਨ ਦੀ ਚੁੰਗੀ ਦੇ ਕੋਲ ਪੈਂਦੀ ਪ੍ਰਸਿੱਧ ਸਵੀਟ ਸ਼ਾਪ ਸਮੇਤ ਹੋਰ ਕਈ ਸ਼ੱਕੀ ਥਾਵਾਂ ਦੀ ਚੈਕਿੰਗ ਕੀਤੀ ਪਰ ਇਸ ਦੌਰਾਨ ਮੇਹਰਬਾਨ ਇਲਾਕੇ ਵਿਚ ਘਰੇਲੂ ਗੈਸ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲੇ ਸੰਦੀਪ ਸਿੰਘ ਨੂੰ ਪਹਿਲਾਂ ਹੀ ਮਾਮਲੇ ਦੀ ਭਿਣਕ ਪੈ ਗਈ ਤੇ ਉਹ ਆਪਣੇ ਟਿਕਾਣਿਆਂ ਤੋਂ ਮਾਲ ਸਮੇਟਣ ਸਮੇਤ ਮੌਕੇ ਤੋਂ ਰਫੂ ਚੱਕਰ ਹੋਣ ਵਿਚ ਕਾਮਯਾਬ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਖੁਰਾਕ ਸਪਲਾਈ ਵਿਭਾਗ ਦੀ ਛਾਪੇਮਾਰੀ ਟੀਮ ਵਿਚ ਹੀ ਸ਼ਾਮਲ ਇਕ ਇੰਸਪੈਕਟਰ ਵੱਲੋਂ ਸੰਦੀਪ ਸਿੰਘ ਨੂੰ ਪਹਿਲਾਂ ਹੀ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਸੀ ਜਿਸ ਕਾਰਨ ਸੰਦੀਪ ਸਿੰਘ ਮੌਕੇ ਤੋਂ ਨਿਕਲਣ ਜਾਣ ਸਮੇਤ ਸਿਫਾਰਸ਼ਾਂ ਦਾ ਜੁਗਾੜ ਲਗਾ ਕੇ ਆਪਣਾ ਬਚਾਅ ਕਰਨ ਵਿਚ ਜੁਟ ਗਿਆ। ਹਾਲਾਂਕਿ ਇਸ ਦੌਰਾਨ ਉਸ ਨੇ ਦਾਅਵਾ ਕੀਤਾ ਕਿ ਉਹ ਗੈਸ ਪਲਟੀ ਦਾ ਕੰਮ ਨਹੀਂ ਕਰਦਾ ਪਰ ਜਦੋਂ ਮੀਡੀਆ ਮੁਲਾਜ਼ਮਾਂ ਵੱਲੋਂ ਸੰਦੀਪ ਨੂੰ ਸਵਾਲ ਕੀਤੇ ਗਏ ਤਾਂ ਉਹ ਉਚਿਤ ਜਵਾਬ ਦੇਣ ਤੋਂ ਬਚਦਾ ਨਜ਼ਰ ਆਇਆ।
ਦੂਜੇ ਪਾਸੇ ਹਾਜ਼ਰ ਜੋਧੇਵਾਲ ਦੇ ਕੈਲਾਸ਼ ਨਗਰ ਇਲਾਕੇ ਵਿਚ ਸਾਈਕਲ ਰਿਪੇਅਰ ਦੀ ਦੁਕਾਨ ਚਲਾਉਣ ਵਾਲੇ ਰਾਮੂ ਯਾਦਵ ਦੇ ਅੱਡੇ ‘ਤੇ ਛਾਪੇਮਾਰੀ ਕਰਨ ਦੌਰਾਨ ਵੀ ਖੁਰਾਕ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ।
ਇੰਸਪੈਕਟਰ ਦਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਕਾਰਵਾਈ ਦੌਰਾਨ ਸਾਈਕਲ ਰਿਪੇਅਰ ਦੀ ਦੁਕਾਨ ਚਲਾਉਣ ਵਾਲੇ ਰਾਮੂ ਯਾਦਵ ਨੇ ਕਬੂਲਿਆ ਕਿ ਉਹ ਕੁਝ ਸਮਾਂ ਪਹਿਲਾਂ ਤੱਕ ਘਰੇਲੂ ਗੈਸ ਦੀ ਪਲਟੀ ਦਾ ਕੰਮ ਕਰਦਾ ਸੀ ਪਰ ਹੁਣ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਵੱਲੋਂ ਦਿੱਤੀ ਕਥਿਤ ਜਾਣਕਾਰੀ ਮੁਤਾਬਕ ਉਸ ਨੇ ਹੁਣ ਗੈਸ ਦੀ ਪਲਟੀ ਦਾ ਟਿਕਾਣਾ ਬਦਲ ਲਿਆ ਹੈ ਜੋ ਕਿ ਜਾਂਚ ਦਾ ਵਿਸ਼ਾ ਹੈ।
ਗੈਸ ਮਾਫੀਆ ਦੇ ਖਿਲਾਫ ਲਗਾਤਾਰ ਕੀਤੀ ਜਾਵੇਗੀ ਕਾਰਵਾਈ : ਕੰਟਰੋਲਰ ਸੰਧੂ
ਖੁਰਾਕ ਸਪਲਾਈ ਵਿਭਾਗ ਦੇ ਕੰਟਰੋਲਰ ਲਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਗੈਸ ਮਾਫੀਆ ਦੇ ਸ਼ੱਕੀ ਟਿਕਾਣਿਆਂ ’ਤੇ ਛਾਪੇਮਾਰੀਆਂ ਦੌਰਾਨ ਕਿਤੋਂ ਵੀ ਕੋਈ ਵੱਡਾ ਜਾਂ ਛੋਟਾ ਗੈਸ ਸਿਲੰਡਰ ਨਹੀਂ ਮਿਲਿਆ। ਉਨ੍ਹਾਂ ਨੇ ਕਿਹਾ ਕਿ ਗੈਸ ਮਾਫੀਆ ਖਿਲਾਫ ਛਾਪੇਮਾਰੀ ਦੀ ਜਾਣਕਾਰੀ ਲੀਕ ਹੋਣ ਦੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਮੁਲਜ਼ਮ ਪਾਏ ਜਾਣ ਵਾਲੇ ਮੁਲਾਜ਼ਮਾਂ ਖਿਲਾਫ ਸਖਤ ਵਿਭਾਗੀ ਕਾਰਵਾਈ ਹੋਵੇਗੀ।
