ਪੰਜਾਬ ''ਚ ਮੁੜ ਤੋਂ ਬੰਬ ਧਮਾਕਿਆਂ ਦੀ ਧਮਕੀ! ਮਨੁੱਖੀ ਬੰਬ ਨਾਲ...

Wednesday, Jun 17, 2026 - 02:22 PM (IST)

ਪੰਜਾਬ ''ਚ ਮੁੜ ਤੋਂ ਬੰਬ ਧਮਾਕਿਆਂ ਦੀ ਧਮਕੀ! ਮਨੁੱਖੀ ਬੰਬ ਨਾਲ...

ਲੁਧਿਆਣਾ (ਰਾਜ): ਮਹਾਨਗਰ ਵਿਚ ਇਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਮਿਲਣ ਨਾਲ ਸਨਸਨੀ ਫੈਲ ਗਈ ਹੈ। ਬੁੱਧਵਾਰ ਨੂੰ ਨਗਰ ਨਿਗਮ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਦੀ ਅਧਿਕਾਰਤ ਈਮੇਲ ਆਈ.ਡੀ. 'ਤੇ ਆਈ ਇਕ ਧਮਕੀ ਭਰੀ ਮੇਲ ਤੋਂ ਬਾਅਦ ਹੜਕੰਪ ਮੱਚ ਗਿਆ। ਇਸ ਵਾਰ ਈ-ਮੇਲ ਭੇਜਣ ਵਾਲੇ ਨੇ ਕਿਸੇ ਲਵਾਰਿਸ ਬੈਗ ਜਾਂ ਟਾਈਮਰ ਬੰਬ ਦੀ ਨਹੀਂ, ਸਗੋਂ ਮਨੁੱਖੀ ਬੰਬ ਰਾਹੀਂ ਇਨ੍ਹਾਂ ਦਫ਼ਤਰਾਂ ਨੂੰ ਉਡਾਉਣ ਦੀ ਖੌਫ਼ਨਾਕ ਧਮਕੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਈ-ਮੇਲ ਭੇਜਣ ਵਾਲੇ ਸਿਰਫਿਰੇ ਨੇ ਲੁਧਿਆਣਾ ਮੇਅਰ ਦੇ ਦਫ਼ਤਰ, ਨਗਰ ਨਿਗਮ ਦਫ਼ਤਰ, ਡੀ.ਸੀ. ਦਫ਼ਤਰ ਅਤੇ ਸ਼ਹਿਰ ਦੇ ਰੇਲਵੇ ਟਰੈਕ 'ਤੇ ਬੰਬ ਧਮਾਕੇ ਕਰਨ ਦੀ ਚੇਤਾਵਨੀ ਦਿੱਤੀ ਹੈ। ਇਸ ਧਮਕੀ ਦੀ ਭਿਣਕ ਮਿਲਦਿਆਂ ਹੀ ਤੁਰੰਤ ਪੁਲਸ ਦੇ ਉੱਚ ਅਧਿਕਾਰੀ ਅਤੇ ਸੁਰੱਖਿਆ ਏਜੰਸੀਆਂ ਅਲਰਟ ਮੋਡ 'ਤੇ ਆ ਗਈਆਂ।

ਚੰਡੀਗੜ੍ਹ-ਦਿੱਲੀ ਦੀਆਂ ਖ਼ੁਫ਼ੀਆ ਏਜੰਸੀਆਂ ਅਲਰਟ 'ਤੇ

ਇਸ ਧਮਕੀ ਭਰੇ ਈ-ਮੇਲ ਮਗਰੋਂ ਚੰਡੀਗੜ੍ਹ ਅਤੇ ਦਿੱਲੀ ਤੱਕ ਦੀਆਂ ਖੁਫੀਆ ਏਜੰਸੀਆਂ ਅਲਰਟ ਹੋ ਗਈਆਂ ਹਨ ਅਤੇ ਡਿਜੀਟਲ ਫੁੱਟਪ੍ਰਿੰਟਸ ਖੰਗਾਲੇ ਜਾ ਰਹੇ ਹਨ। ਧਮਕੀ ਭਰੀ ਈਮੇਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਾਈਬਰ ਕ੍ਰਾਈਮ ਦੀਆਂ ਟੀਮਾਂ ਅਤੇ ਦੇਸ਼ ਦੀਆਂ ਖੁਫੀਆ ਏਜੰਸੀਆਂ ਤੁਰੰਤ ਹਰਕਤ ਵਿਚ ਆ ਗਈਆਂ ਹਨ। ਇਹ ਈ-ਮੇਲ ਕਿੱਥੋਂ ਭੇਜੀ ਗਈ, ਇਸ ਦਾ ਪਤਾ ਲਗਾਉਣ ਅਤੇ ਭੇਜਣ ਵਾਲੇ ਸ਼ਾਤਿਰ ਨੂੰ ਬੇਨਕਾਬ ਕਰਨ ਲਈ ਉੱਚ-ਪੱਧਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਤਕਨੀਕੀ ਪਹਿਲੂਆਂ, ਆਈ.ਪੀ. ਐਡਰੈੱਸ ਅਤੇ ਡਿਜੀਟਲ ਫੁੱਟਪ੍ਰਿੰਟਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਤੱਕ ਪਹੁੰਚਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਲੁਧਿਆਣਾ ਵਿਚ ਬੰਬ ਧਮਾਕਿਆਂ ਦੀ ਧਮਕੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਕਰੀਬ ਤਿੰਨ ਹਫ਼ਤੇ ਪਹਿਲਾਂ ਵੀ ਅਜਿਹੀ ਹੀ ਇਕ ਫਰਜ਼ੀ ਈ-ਮੇਲ ਆਈ ਸੀ, ਜਿਸ ਵਿਚ ਲੁਧਿਆਣਾ ਦੇ ਮੇਅਰ ਦਫ਼ਤਰ ਅਤੇ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਚੇਤਾਵਨੀ ਦਿੱਤੀ ਗਈ ਸੀ। ਹਾਲਾਂਕਿ, ਲੁਧਿਆਣਾ ਵਿਚ ਪਿਛਲੇ ਸਮੇਂ ਦੌਰਾਨ ਆਈਆਂ ਅਜਿਹੀਆਂ ਸਾਰੀਆਂ ਬੰਬ ਥ੍ਰੈਟ ਈਮੇਲਾਂ ਮਹਿਜ਼ ਇਕ ਅਫ਼ਵਾਹ ਹੀ ਸਾਬਤ ਹੋਈਆਂ ਹਨ। ਪੁਲਸ ਦਾ ਮੰਨਣਾ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ, ਜਿਸ ਨੂੰ ਜਲਦੀ ਹੀ ਸਲਾਖਾਂ ਪਿੱਛੇ ਭੇਜ ਦਿੱਤਾ ਜਾਵੇਗਾ।

ਘਬਰਾਉਣ ਦੀ ਕੋਈ ਲੋੜ ਨਹੀਂ: ADCP

ਮਾਮਲੇ ਦੀ ਪੁਸ਼ਟੀ ਕਰਦਿਆਂ ਐਡੀਸ਼ਨਲ ਡੀ.ਸੀ.ਪੀ. ਦੇਵ ਸਿੰਘ ਨੇ ਦੱਸਿਆ ਕਿ ਬੰਬ ਦੀ ਧਮਕੀ ਵਾਲੀ ਈ-ਮੇਲ ਮਿਲਣ ਦੀ ਸੂਚਨਾ ਮਿਲਦੇ ਹੀ ਪੁਲਸ ਦੀਆਂ ਵਿਸ਼ੇਸ਼ ਟੀਮਾਂ ਅਤੇ ਬੰਬ ਨਿਰੋਧਕ ਦਸਤੇ ਨੇ ਤੁਰੰਤ ਦੋਵਾਂ ਦਫ਼ਤਰਾਂ ਦੇ ਕੰਪਲੈਕਸਾਂ ਦੀ ਸਖ਼ਤ ਚੈਕਿੰਗ ਕੀਤੀ। ਪੂਰੇ ਇਲਾਕੇ ਨੂੰ ਖੰਗਾਲਣ ਤੋਂ ਬਾਅਦ ਪੁਲਸ ਨੂੰ ਉੱਥੇ ਕੋਈ ਵੀ ਸ਼ੱਕੀ ਵਸਤੂ ਜਾਂ ਵਿਸਫੋਟਕ ਬਰਾਮਦ ਨਹੀਂ ਹੋਇਆ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸ਼ਹਿਰ ਵਿਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ।


author

Anmol Tagra

Content Editor

Related News