ਨਿਰਮਾਣਅਧੀਨ MALL ''ਚ ਵਾਪਰਿਆ ਦਰਦਨਾਕ ਹਾਦਸਾ! ਸਿਰ ''ਤੇ ਪਾਈਪ ਡਿੱਗਣ ਨਾਲ ਮਜ਼ਦੂਰ ਦੀ ਮੌਤ
Saturday, Jun 20, 2026 - 05:27 PM (IST)
ਲੁਧਿਆਣਾ (ਰਾਜ): ਚੰਡੀਗੜ੍ਹ ਰੋਡ ਸਥਿਤ ਵਰਧਮਾਨ ਪਿਓਰ ਇੰਫਰਾਟੈੱਕ ਮਾੱਲ ਦੀ ਨਿਰਮਾਣਅਧੀਨ ਸਾਈਟ 'ਤੇ ਵਾਪਰੇ ਦਰਦਨਾਕ ਹਾਦਸੇ ਵਿਚ ਮਜ਼ਦੂਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਾਈਟ 'ਤੇ ਕੰਮ ਕਰਦਿਆਂ ਅਚਾਨਕ ਕਾਫ਼ੀ ਉਚਾਈ ਤੋਂ ਸਕੈਪ ਹੋਲਡਿੰਗ ਦਾ ਇਕ ਭਾਰੀ-ਭਰਕਮ ਲੋਹੇ ਦਾ ਪਾਈਪ ਮਜ਼ਦੂਰ ਦੇ ਸਿਰ 'ਤੇ ਆ ਡਿੱਗਿਆ ਤੇ ਉਹ ਮੌਕੇ 'ਤੇ ਹੀ ਦਮ ਤੋੜ ਗਿਆ। ਪੁਲਸ ਨੇ ਇਸ ਮਾਮਲੇ ਵਿਚ ਲਾਪਰਵਾਹੀ ਵਰਤਣ ਦੇ ਦੋਸ਼ ਹੇਠ ਨਿਰਮਾਣ ਕਾਰਜ ਨਾਲ ਜੁੜੀਆਂ ਦੋ ਫ਼ਰਮਾਂ ਦੇ ਪ੍ਰਬੰਧਕਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਕਮਲੇਸ਼ ਕੁਮਾਰ ਯਾਦਵ ਵਜੋਂ ਹੋਈ ਹੈ।
ਮ੍ਰਿਤਕ ਦੀ ਭਰਾ ਅਨੂਪ ਕੁਮਾਰ ਨੇ ਪ੍ਰਬੰਧਕਾਂ 'ਤੇ ਦੋਸ਼ ਲਗਾਇਆ ਕਿ ਕੰਮ ਦੌਰਾਨ ਮਜ਼ਦੂਰਾਂ ਦੀ ਸੁਰੱਖਿਆ ਦਾ ਧਿਆਨ ਨਹੀਂ ਰੱਖਿਾ ਜਾ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਜਮਾਲਪੁਰ ਪੁਲਸ ਤੁਰੰਤ ਮੌਕੇ 'ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਮਾਰਟਮ ਲਈ ਭੇਜਿਆ ਗਿਆ। ਪੁਲਸ ਨੇ ਸ਼ਿਕਾਇਤਕਰਤਾ ਅਨੂਪ ਕੁਮਾਰ ਦੇ ਬਿਆਨਾਂ ਦੇ ਅਧਾਰ 'ਤੇ ਦੋਹਾਂ ਫ਼ਰਮਾਂ ਨਾਲ ਜੁੜੇ ਮੁੱਖ ਪ੍ਰਬੰਧਕਾਂ ਅਮਿਤ ਮਿਸ਼ਰਾ ਤੇ ਸੰਦੀਪ ਕੁਮਾਰ ਦੇ ਖ਼ਿਲਾਫ਼ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
