ਕਿਰਪਾਨ ਨਾਲ ਵੱਢਿਆ ਕੰਨ, ਤੋੜ''ਤੀ ਬਾਂਹ...! ਲੁਧਿਆਣਾ ''ਚ ਸਕੇ ਭਰਾਵਾਂ ''ਤੇ ਜਾਨਲੇਵਾ ਹਮਲਾ

Monday, Feb 16, 2026 - 01:43 PM (IST)

ਕਿਰਪਾਨ ਨਾਲ ਵੱਢਿਆ ਕੰਨ, ਤੋੜ''ਤੀ ਬਾਂਹ...! ਲੁਧਿਆਣਾ ''ਚ ਸਕੇ ਭਰਾਵਾਂ ''ਤੇ ਜਾਨਲੇਵਾ ਹਮਲਾ

ਲੁਧਿਆਣਾ (ਰਾਜ): ਮਹਾਨਗਰ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਖੌਫ਼ਨਾਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕੁਝ ਹਮਲਾਵਰਾਂ ਨੇ ਘਰ ਵਿਚ ਵੜ ਕੇ ਦੋ ਸਕੇ ਭਰਾਵਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਸ ਖੂਨੀ ਝੜਪ ਵਿਚ ਹਮਲਾਵਰਾਂ ਦੀ ਬੇਰਹਿਮੀ ਇਸ ਕਦਰ ਦੇਖਣ ਨੂੰ ਮਿਲੀ ਕਿ ਉਨ੍ਹਾਂ ਨੇ ਇਕ ਭਰਾ ਦਾ ਕੰਨ ਕਿਰਪਾਨ ਨਾਲ ਵੱਢ ਕੇ ਲਟਕਾ ਦਿੱਤਾ, ਜਦਕਿ ਦੂਜੇ ਭਰਾ ਦੀ ਬਾਂਹ ਤੋੜ ਦਿੱਤੀ। ਫਿਲਹਾਲ ਦੋਵੇਂ ਲਹੂ-ਲੁਹਾਣ ਹਾਲਤ ਵਿਚ ਸੀ.ਐੱਮ.ਸੀ. ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਹਨ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ ਹਰਜੀਤ ਸਿੰਘ ਦੀ ਸ਼ਿਕਾਇਤ 'ਤੇ ਸ਼ਮਸ਼ੇਰ ਸਿੰਘ, ਮੱਖਣ ਸਿੰਘ, ਅਮਰੀਕ ਸਿੰਘ, ਕਾਲਾ ਸਿੰਘ, ਜਤਿੰਦਰ ਸਿੰਘ, ਹਰਪ੍ਰੀਤ ਸਿੰਘ, ਅਤੇ ਹੋਰ ਲੋਕਾਂ 'ਤੇ ਕੇਸ ਦਰਜ ਕੀਤਾ ਗਿਆ ਹੈ।

ਘਟਨਾ ਦੀ ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਭਰਾ ਹਰਪਾਲ ਸਿੰਘ ਨਾਲ ਕੁੱਟਮਾਰ ਕਰ ਰਹੇ ਸਨ। ਕਿਸੇ ਤਰ੍ਹਾਂ ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਭਰਾ ਨੂੰ ਹਮਲਾਵਰਾਂ ਦੇ ਚੁੰਗਲ ਵਿਚੋਂ ਛੁਡਵਾਇਆ ਅਤੇ ਜਾਨ ਬਚਾਉਣ ਲਈ ਦੋਵੇਂ ਭਰਾ ਆਪਣੇ ਘਰ ਦੇ ਅੰਦਰ ਚਲੇ ਗਏ। ਪਰ ਹਮਲਾਵਰਾਂ ਦਾ ਖੂਨ ਇਸ ਕਦਰ ਖੌਲ ਰਿਹਾ ਸੀ ਕਿ ਉਹ ਘਾਤਕ ਹਥਿਆਰਾਂ ਨਾਲ ਜ਼ਬਰਦਸਤੀ ਘਰ ਦੇ ਅੰਦਰ ਦਾਖਲ ਹੋ ਗਏ ਅਤੇ ਹਮਲਾ ਕਰ ਦਿੱਤਾ। ਪੀੜਤ ਨੇ ਰੂਹ ਕੰਬਾਊ ਮੰਜ਼ਰ ਬਿਆਨ ਕਰਦਿਆਂ ਦੱਸਿਆ ਕਿ ਮੁਲਜ਼ਮ ਕਾਲਾ ਸਿੰਘ ਨੇ ਹੱਥ ਵਿਚ ਫੜੀ ਕਿਰਪਾਨ ਨਾਲ ਉਸ 'ਤੇ ਹਮਲਾ ਕੀਤਾ, ਜਿਸ ਨਾਲ ਉਸ ਦਾ ਖੱਬਾ ਕੰਨ ਕੱਟ ਕੇ ਲਟਕ ਗਿਆ। ਇੰਨਾ ਹੀ ਨਹੀਂ, ਉਸ ਦੀ ਸੱਜੀ ਬਾਂਹ 'ਤੇ ਵੀ ਡੂੰਘਾ ਜ਼ਖ਼ਮ ਕਰ ਦਿੱਤਾ ਗਿਆ। ਹਮਲਾਵਰਾਂ ਨੇ ਉਸ ਦੇ ਭਰਾ ਹਰਪਾਲ ਸਿੰਘ ਨੂੰ ਵੀ ਨਹੀਂ ਬਖਸ਼ਿਆ ਅਤੇ ਉਸ ਦੀ ਖੱਬੀ ਬਾਂਹ ਤੋੜ ਦਿੱਤੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਸ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।


author

Anmol Tagra

Content Editor

Related News