ਮਿਲਾਵਟੀ ਪੈਟਰੋਲ ਰਾਹੀਂ ਲੁੱਟ-ਖਸੁੱਟ ਦਾ ਦੋਸ਼, ਲੋਕਾਂ ਵੱਲੋਂ ਹੰਗਾਮਾ
Wednesday, Mar 24, 2021 - 12:23 AM (IST)
ਖਰੜ (ਰਣਬੀਰ)- ਖਰੜ-ਕੁਰਾਲੀ ਰੋਡ ’ਤੇ ਸਥਿਤ ਇਕ ਪੈਟਰੋਲ ਪੰਪ ’ਤੇ ਮਿਲਾਵਟੀ ਪੈਟਰੋਲ ਪਾਉਣ ਦਾ ਦੋਸ਼ ਲਾ ਕੇ ਦੇਰ ਸ਼ਾਮ ਲੋਕਾਂ ਨੇ ਖੂਬ ਹੰਗਾਮਾ ਕੀਤਾ। ਮਸਲਾ ਪਤਾ ਚੱਲਦਿਆਂ ਹੀ ਥਾਣਾ ਸਦਰ ਪੁਲਸ ਵੀ ਮੌਕੇ ’ਤੇ ਪੁੱਜ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮੌਕੇ ’ਤੇ ਹਾਜ਼ਰ ਲੋਕਾਂ ਦਾ ਕਹਿਣਾ ਸੀ ਕਿ ਇਸ ਪੰਪ ’ਤੇ ਮਿਲਾਵਟੀ ਪੈਟਰੋਲ ਪਾਇਆ ਜਾ ਰਿਹਾ ਹੈ ।
ਇਹ ਖ਼ਬਰ ਪੜ੍ਹੋ- ਸ਼੍ਰੇਅਸ ਦੇ ਮੈਚ ਦੌਰਾਨ ਲੱਗੀ ਸੱਟ, ਆਈ. ਪੀ. ਐੱਲ. 'ਚ ਖੇਡਣਾ ਹੋਇਆ ਮੁਸ਼ਕਿਲ
ਤਰਲੋਚਨ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਉਸ ਨੇ 50 ਰੁਪਏ ਦਾ ਪੈਟਰੋਲ ਮੋਟਰਸਾਈਕਲ ਵਿਚ ਪਵਾਇਆ ਸੀ ਪਰ ਕੁਝ ਹੀ ਦੂਰੀ ’ਤੇ ਜਾ ਕੇ ਉਸ ਦਾ ਮੋਟਰਸਾਈਕਲ ਖ਼ਰਾਬ ਹੋ ਗਿਆ ਅਤੇ ਉਸ ਨੂੰ ਰਿਪੇਅਰ ਕਰਵਾਉਣਾ ਪਿਆ। ਦੂਜੇ ਗਾਹਕ ਬਜਿੰਦਰ ਸ਼ਰਮਾ ਨੇ ਦੱਸਿਆ ਕਿ ਉਸ ਨੇ 510 ਰੁਪਏ ਦਾ ਪੈਟਰੋਲ ਇਸ ਪੰਪ ਤੋਂ ਮੋਟਰਸਾਈਕਲ ਵਿਚ ਪੁਆਇਆ ਸੀ ਪਰ ਉਸ ਦਾ ਵੀ ਮੋਟਰਸਾਈਕਲ ਖ਼ਰਾਬ ਹੋ ਗਿਆ। ਜਦੋਂ ਉਹ ਇਸ ਪੰਪ ’ਤੇ ਸ਼ਿਕਾਇਤ ਦੇਣ ਲਈ ਪੁੱਜਾ ਤਾਂ ਇੱਥੋਂ ਦੇ ਮੁਲਾਜ਼ਮ ਉਸ ਨਾਲ ਬਹਿਸਣ ਲੱਗੇ। ਇੰਨੀ ਦੇਰ ਵਿਚ ਕੁਝ ਹੋਰ ਲੋਕ ਵੀ ਸ਼ਿਕਾਇਤ ਲੈ ਕੇ ਉੱਥੇ ਪੁੱਜ ਗਏ, ਜਿਨ੍ਹਾਂ ਨੂੰ ਵੇਖ ਕੇ ਪੰਪ ਦਾ ਸਾਰਾ ਸਟਾਫ ਰਫੂਚਕੱਰ ਹੋ ਗਿਆ। ਲੋਕਾਂ ਨੇ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ।
ਇਹ ਖ਼ਬਰ ਪੜ੍ਹੋ- IND vs ENG : ਭਾਰਤ ਨੇ ਇੰਗਲੈਂਡ ਨੂੰ 66 ਦੌੜਾਂ ਨਾਲ ਹਰਾਇਆ
ਜਾਣਕਾਰੀ ਮੁਤਾਬਕ ਇਹ ਪੰਪ ਕੁਝ ਸਮਾਂ ਪਹਿਲਾਂ ਬੰਦ ਹੋ ਚੁੱਕਿਆ ਹੈ ਅਤੇ ਪੰਪ ਮੈਨੇਜਮੈਂਟ ਵੱਲੋਂ ਚੰਡੀਗੜ੍ਹ ਤੋਂ ਗ਼ੈਰ-ਕਾਨੂੰਨੀ ਰੂਪ ’ਚ ਟੈਂਕਰ ਭਰਵਾ ਕੇ ਲਿਆਂਦਾ ਜਾਂਦਾ ਹੈ ਅਤੇ ਇੱਥੇ ਗੈਰ-ਕਾਨੂੰਨੀ ਢੰਗ ਨਾਲ ਵੇਚਿਆ ਜਾ ਰਿਹਾ ਹੈ। ਇਸ ਸਬੰਧੀ ਪੰਪ ਦੇ ਮਾਲਕ ਅਤੇ ਸਟਾਫ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨਾਲ ਗੱਲ ਨਹੀਂ ਹੋ ਸਕੀ। ਫਿਲਹਾਲ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।