ਪੇਂਟਰ ਕਤਲ ਮਾਮਲੇ ’ਚ ਦੋਸ਼ੀ ਨੂੰ ਉਮਰ ਕੈਦ, ਦੂਜਾ ਮੁਲਜ਼ਮ ਬਰੀ

Thursday, Jan 22, 2026 - 01:34 PM (IST)

ਪੇਂਟਰ ਕਤਲ ਮਾਮਲੇ ’ਚ ਦੋਸ਼ੀ ਨੂੰ ਉਮਰ ਕੈਦ, ਦੂਜਾ ਮੁਲਜ਼ਮ ਬਰੀ

ਚੰਡੀਗੜ੍ਹ (ਪ੍ਰੀਕਸ਼ਿਤ) : ਮੌਲੀਜਾਗਰਾਂ ਸਥਿਤ ਵਿਕਾਸ ਨਗਰ ’ਚ ਕਰੀਬ ਦੋ ਸਾਲ ਪਹਿਲਾਂ ਨੌਜਵਾਨ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਦੋਸ਼ੀ ਨੂੰ ਜ਼ਿਲ੍ਹਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਮੁਲਜ਼ਮ ਦੀ ਪਛਾਣ ਅਜੇ ਉਰਫ਼ ਭਾਂਜਾ ਵਜੋਂ ਹੋਈ। ਮਾਮਲੇ ’ਚ ਗ੍ਰਿਫ਼ਤਾਰ ਮੁਲਜ਼ਮ ਸਤਪਾਲ ਤੇ ਮੁਕੇਸ਼ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ। ਮੁਲਜ਼ਮ ਨੇ ਸਾਥੀਆਂ ਨਾਲ ਮਿਲ ਕੇ ਸੰਜੇ ਯਾਦਵ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਅਜੇ ਦੇ ਕੱਪੜਿਆਂ ’ਤੇ ਮ੍ਰਿਤਕ ਦੇ ਖ਼ੂਨ ਦੇ ਨਿਸ਼ਾਨ ਮਿਲੇ ਸਨ। ਵਾਰਦਾਤ ’ਚ ਵਰਤੇ ਚਾਕੂ ’ਤੇ ਵੀ ਖ਼ੂਨ ਲੱਗਾ ਸੀ। ਡੀ.ਐੱਨ.ਏ. ਜਾਂਚ ਦੀ ਮਦਦ ਨਾਲ ਪੁਲਸ ਦਾ ਕੇਸ ਮਜ਼ਬੂਤ ਹੋਇਆ ਤੇ ਮੁਲਜ਼ਮ ਨੂੰ ਸਜ਼ਾ ਸੁਣਾਈ।

ਚਾਕੂ ਤੇ ਅਜੇ ਦੇ ਕੱਪੜਿਆਂ ’ਤੇ ਲੱਗੇ ਖ਼ੂਨ ਦੇ ਡੀ.ਐੱਨ.ਏ. ਨਮੂਨੇ ਮ੍ਰਿਤਕ ਦੇ ਖ਼ੂਨ ਨਾਲ ਮੇਲ ਖਾਂਦੇ ਸਨ। ਮ੍ਰਿਤਕ ਸੰਜੇ ਯਾਦਵ ਦੀ ਪਤਨੀ ਨੇ 1 ਜਨਵਰੀ 2024 ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਪਤੀ ਅਤੇ ਇੱਕ ਸਾਲ ਦੀ ਬੇਟੀ ਨਾਲ ਮੌਲੀਜਾਗਰਾਂ ਥਾਣਾ ਖੇਤਰ ’ਚ ਪੈਂਦੇ ਵਿਕਾਸ ਨਗਰ ’ਚ ਰਹਿੰਦੀ ਹੈ। ਪਤੀ ਸੰਜੇ ਪਲੰਬਰ ਦਾ ਕੰਮ ਕਰਦਾ ਸੀ। ਸ਼ਿਕਾਇਤ ਮੁਤਾਬਕ ਘਟਨਾ ਵਾਲੇ ਦਿਨ ਸੰਜੇ ਸਬਜ਼ੀ ਲੈਣ ਗਿਆ ਸੀ। ਇਸੇ ਦੌਰਾਨ ਕਾਲ ਆਈ, ਜਿਸ ’ਚ ਫੋਨ ਕਰਨ ਵਾਲੇ ਨੇ ਕਿਹਾ ਕਿ ਉਹ ਜ਼ਰੂਰੀ ਕੰਮ ਲਈ ਸੰਜੇ ਨੂੰ ਮਿਲਣਾ ਚਾਹੁੰਦਾ ਹੈ।

ਜਦੋਂ ਸੰਜੇ ਘਰ ਆਇਆ ਤਾਂ ਪ੍ਰੀਤੀ ਨੇ ਉਸਨੂੰ ਕਾਲ ਬਾਰੇ ਦੱਸਿਆ। ਰਾਤ ਕਰੀਬ 8:10 ਵਜੇ ਸੰਜੇ ਘਰੋਂ ਨਿਕਲਿਆ ਪਰ ਦੇਰ ਰਾਤ ਤੱਕ ਵਾਪਸ ਨਹੀਂ ਆਇਆ। ਸਾਰੀ ਰਾਤ ਇੰਤਜ਼ਾਰ ਤੋਂ ਬਾਅਦ ਪ੍ਰੀਤੀ ਦਿਓਰ ਮੋਹਿਤ ਨਾਲ ਉਸਦੀ ਭਾਲ ਕਰਨ ਲਈ ਨਿਕਲੀ। ਸਵੇਰੇ ਕਰੀਬ 4:30 ਵਜੇ ਵਿਕਾਸ ਨਗਰ ਪਾਰਕ ਨੇੜੇ ਲੜਾਈ ਤੇ ਚਾਕੂ ਮਾਰਨ ਦੀ ਸੂਚਨਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਸੰਜੇ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪ੍ਰੀਤੀ ਨੇ ਰੰਜਿਸ਼ ਕਾਰਨ ਸੰਜੇ ਦੇ ਕਤਲ ਦਾ ਦੋਸ਼ ਲਾਇਆ ਸੀ।


author

Babita

Content Editor

Related News