ਨਾ ਫੋਨ ਆਇਆ, ਨਾ ਪਾਸਵਰਡ ਪੁੱਛਿਆ, ਲਿੰਕ ''ਤੇ ਕਲਿਕ ਕਰਦੇ ਹੀ ਖਾਤਾ ਹੋਇਆ ਖਾਲੀ

Saturday, Jan 06, 2018 - 07:35 PM (IST)

ਨਾ ਫੋਨ ਆਇਆ, ਨਾ ਪਾਸਵਰਡ ਪੁੱਛਿਆ, ਲਿੰਕ ''ਤੇ ਕਲਿਕ ਕਰਦੇ ਹੀ ਖਾਤਾ ਹੋਇਆ ਖਾਲੀ

ਅਬੋਹਰ (ਰਹੇਜਾ) : ਅਬੋਹਰ ਵਿਚ ਖਾਤੇ 'ਚੋਂ ਪੈਸੇ ਕੱਢ ਕੇ ਠੱਗੀ ਮਾਰਨ ਦਾ ਇਕ ਨਵਾਂ ਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਖਾਤਾਧਾਰਕ ਨੂੰ ਨਾ ਹੀ ਕਿਸੇ ਵਿਅਕਤੀ ਵੱਲੋਂ ਫੋਨ ਆਇਆ ਅਤੇ ਨਾ ਹੀ ਉਸ ਤੋਂ ਕੋਈ ਕ੍ਰੈਡਿਟ-ਡੈਬਿਟ ਕਾਰਡ ਸੰਬੰਧੀ ਪੁੱਛਿਆ ਗਿਆ ਅਤੇ ਇੱਥੋਂ ਤੱਕ ਕਿ ਨਾ ਹੀ ਕੋਈ ਓ.ਟੀ.ਪੀ. ਪੁੱਛਿਆ ਗਿਆ। ਬਸ ਇਕ ਮੈਸੇਜ 'ਤੇ ਕਲਿਕ ਕਰਦੇ ਹੀ ਖਾਤਾਧਾਰਕ ਦੇ ਖਾਤੇ 'ਚੋਂ ਹਜ਼ਾਰਾਂ ਰੁਪਏ 5 ਮਿੰਟ ਵਿਚ ਕੱਢ ਲਏ ਗਏ।
ਜਾਣਕਾਰੀ ਦਿੰਦੇ ਹੋਏ ਸਰਕੂਲਰ ਰੋਡ ਵਾਸੀ ਉਦਿਤ ਪੈਡੀਵਾਲ ਪੁੱਤਰ ਜਗਤ ਪੈਡੀਵਾਲ ਨੇ ਦੱਸਿਆ ਕਿ ਉਸਨੂੰ 20 ਸਤੰਬਰ 2017 ਦੀ ਰਾਤ ਕਰੀਬ 9.30 ਵਜੇ ਇਕ ਮੈਸੇਜ ਆਇਆ ਸੀ । ਮੈਸੇਜ ਵਿਚ ਇਕ ਲਿੰਕ ਦਿੱਤਾ ਗਿਆ ਸੀ, ਉਸਨੇ ਉਸ ਲਿੰਕ 'ਤੇ ਕਲਿਕ ਕੀਤਾ ਸੀ। ਉਸਦੇ 1 ਮਿੰਟ ਬਾਅਦ ਉਸਦੇ ਨੰਬਰ 'ਤੇ ਆਈ.ਸੀ.ਆਈ.ਸੀ.ਆਈ. ਬੈਂਕ ਵਲੋਂ ਉਸਦੇ ਖਾਤੇ 'ਚੋਂ ਪੈਸੇ ਨਿਕਲਣ ਦੇ ਮੈਸੇਜ ਆਉਣ ਲੱਗੇ । ਉਸਨੂੰ ਪੰਜ ਮਿੰਟ ਤੱਕ ਬੈਂਕ ਵਲੋਂ ਮੈਸੇਜ ਆਉਂਦੇ ਰਹੇ ਅਤੇ ਪੰਜ ਮਿੰਟ ਵਿਚ ਸ਼ਾਤਰਾਂ ਵੱਲੋਂ ਉਸਦੇ ਸੇਵਿੰਗ ਖਾਤੇ ਵਿਚ ਪਏ 29 ਹਜ਼ਾਰ ਰੁਪਏ ਕੱਢ ਲਏ ਗਏ ਜਦੋਂ ਤੱਕ ਉਸਨੂੰ ਕੁਝ ਸਮਝ ਆਉਂਦਾ ਉਦੋਂ ਤੱਕ ਉਸਦਾ ਖਾਤਾ ਖਾਲ੍ਹੀ ਹੋ ਚੁੱਕਾ ਸੀ।  
ਉਦਿਤ ਪੈਡੀਵਾਲ ਨੇ ਦੱਸਿਆ ਕਿ ਅਗਲੀ ਸਵੇਰ ਜਦੋਂ ਉਹ ਆਈ.ਸੀ.ਆਈ.ਸੀ.ਆਈ. ਬੈਂਕ ਵਿਚ ਇਸ ਸਬੰਧੀ ਸ਼ਿਕਾਇਤ ਕਰਨ ਗਿਆ ਤਾਂ ਬੈਂਕ ਅਧਿਕਾਰੀਆਂ ਨੇ ਉਸਨੂੰ ਇਹ ਗੱਲ ਕਹੀ ਕਿ ਪੈਸੇ ਟ੍ਰਾਂਸਫਰ ਤੁਹਾਡੇ ਵੱਲੋਂ ਹੋਏ ਹਨ। ਜਦ ਕਿ ਉਦਿਤ ਪੈਡੀਵਾਲ ਨੇ ਦੱਸਿਆ ਕਿ ਉਸਨੇ ਤਾਂ ਕੋਈ ਟ੍ਰਾਂਜ਼ੈਕਸ਼ਨ ਕੀਤੀ ਹੀ ਨਹੀਂ । ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਵੈਬਸਾਈਟ ਪੀ.ਓ. ਮਣੀ ਵਲੋਂ 7 ਅਤੇ ਆਈਬੀਬੋ ਵਲੋਂ 3 ਟ੍ਰਾਂਜ਼ੈਕਸ਼ਨਾਂ ਹੋਈਆਂ ਹਨ। ਇਸ ਸੰਬੰਧ ਵਿਚ ਜਦੋਂ ਉਦਿਤ ਨੇ ਬੈਂਕ ਅਧਿਕਾਰੀਆਂ ਨੂੰ ਦੱਸਿਆ ਕਿ ਅਜਿਹਾ ਕਿਵੇਂ ਹੋ ਸਕਦਾ ਹੈ, ਨਾ ਹੀ ਤਾਂ ਮੈਂ ਕੋਈ ਪਾਸਵਰਡ ਦੱਸਿਆ, ਨਾ ਹੀ ਡੈਬਿਟ-ਕ੍ਰੈਡਿਟ ਕਾਰਡ ਦਾ ਨੰਬਰ ਦੱਸਿਆ, ਇਥੋਂ ਤੱਕ ਕਿ ਟ੍ਰਾਂਜੈਕਸ਼ਨ ਤੋਂ ਪਹਿਲਾਂ ਹਰ ਖਾਤਾਧਾਰਕ ਦੇ ਨੰਬਰ 'ਤੇ ਬੈਂਕ ਵੱਲੋਂ ਇਕ ਓ.ਟੀ.ਪੀ. ਨੰਬਰ ਭੇਜਿਆ ਜਾਂਦਾ ਹੈ ਉਹ ਵੀ ਉਸਨੂੰ ਨਹੀਂ ਆਇਆ । ਬੈਂਕ ਅਧਿਕਾਰੀਆਂ ਨੇ ਉਦਿਤ ਦੀ ਕੋਈ ਗੱਲ ਨਹੀਂ ਸੁਣੀ ਅਤੇ ਉਸਦੀ ਹੀ ਗਲਤੀ ਦੱਸੀ। ਇਸ ਸੰਬੰਧੀ ਪੁਲਸ ਨੇ ਜਾਂਚ ਤੋਂ ਬਾਅਦ ਹੁਣ ਮਾਮਲਾ ਦਰਜ ਕੀਤਾ ਹੈ ਅਤੇ ਅਣਪਛਾਤੇ ਵਿਅਕਤੀਆਂ 'ਤੇ ਧਾਰਾ 379 ਆਈਪੀਸੀ 66 ਆਈਟੀ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News