ਵੱਖ-ਵੱਖ ਸੜਕ ਹਾਦਸਿਆਂ ’ਚ ਗਈ ਚਾਰ ਦੀ ਜਾਨ
Sunday, Dec 03, 2017 - 04:12 PM (IST)
ਦੀਨਾਨਗਰ/ਪਠਾਨਕੋਟ (ਕਪੂਰ, ਸ਼ਾਰਦਾ, ਵਿਨੋਦ) — ਸ਼ਨੀਵਾਰ ਦੀਨਾਨਗਰ, ਪਠਾਨਕੋਟ ਅਤੇ ਗੁਰਦਾਸਪੁਰ ਖੇਤਰਾਂ ਵਿਚ ਵਾਪਰੇ 4 ਵੱਖ-ਵੱਖ ਹਾਦਸਿਆਂ ਵਿਚ ਇਕ ਰਿਕਸ਼ਾ ਚਾਲਕ ਸਮੇਤ 4 ਵਿਅਕਤੀ ਮਾਰੇ ਗਏ। ਤੇਜ਼ ਰਫਤਾਰ ਟਰੱਕ ਦੀ ਲਪੇਟ ਵਿਚ ਮਿੱਟੀ ਢੋਣ ਵਾਲਾ ਰਿਕਸ਼ਾ ਆ ਜਾਣ ਨਾਲ ਰਿਕਸ਼ਾ ਚਾਲਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਪ੍ਰਭਾਰੀ ਅਸ਼ੋਕ ਕੁਮਾਰ ਨੇ ਦੱਸਿਆ ਹੈ ਕਿ ਅਮਨਦੀਪ ਕਿਰਾਏ 'ਤੇ ਰਿਕਸ਼ਾ ਲੈ ਕੇ ਪਿੰਡ ਡੀਡਾ ਸੈਣੀਆਂ ਵਿਖੇ ਮਿੱਟੀ ਢੋਣ ਦਾ ਕੰਮ ਕਰਨ ਤੋਂ ਬਾਅਦ ਵਾਪਸ ਦੀਨਾਨਗਰ ਆ ਰਿਹਾ ਸੀ ਤਾਂ ਬਾਈਪਾਸ ਤੇ ਮਗਰਾਲਾ ਦੇ ਨੇੜੇ ਪਠਾਨਕੋਟ ਵੱਲੋਂ ਆ ਰਹੇ ਇਕ ਟਰੱਕ ਨੇ ਰਿਕਸ਼ਾ ਨੂੰ ਅਪਣੀ ਲਪੇਟ ਵਿਚ ਲੈ ਲਿਆ। ਰਿਕਸ਼ਾ ਚਾਲਕ ਅਮਨਦੀਪ ਦੇ ਬੁਰੀ ਤਰਾਂ ਨਾਲ ਜ਼ਖਮੀ ਹੋਣ 'ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਟਰੱਕ ਚਾਲਕ ਟਰੱਕ ਛੱਡ ਕੇ ਭੱਜ ਗਿਆ। ਪੁਲਸ ਨੇ ਟਰੱਕ ਨੂੰ ਹਿਰਾਸਤ ਵਿਚ ਲੈ ਕੇ ਕਾਨੂੰਨੀ ਕਾਰਵਾਈ ਦੇ ਬਾਅਦ ਅਮਨਦੀਪ ਦੀ ਲਾਸ਼ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਗਈ ਹੈ। ਡੀਡਾ ਸੈਣੀਆਂ ਦੇ ਸਾਬਕਾ ਸਰਪੰਚ ਐੱਨ. ਪੀ. ਸਿੰਘ ਨੇ ਦੱਸਿਆ ਹੈ ਜਦੋਂ ਤੋਂ ਬਾਈਪਾਸ ਬਣਿਆ ਹੋਇਆ ਹੈ, ਹਾਈਵੇ ਅਥਾਰਟੀ ਵੱਲੋਂ ਪਿੰਡ ਵਾਸੀਆਂ ਦੇ ਲਈ ਸੁਰੱਖਿਆ ਦੇ ਕੋਈ ਪ੍ਰਬੰਧ ਨਹੀ ਕੀਤੇ ਗਏ ਹਨ ਅਤੇ ਹੁਣ ਤੱਕ ਤਿੰਨ ਲੋਕਾਂ ਦੀ ਦੁਰਘਟਨਾਵਾਂ ਵਿਚ ਮੌਤ ਹੋ ਚੁੱਕੀ ਹੈ।
ਮਹਿੰਦਰਾ ਪਿੱਕਅਪ ਨੇ ਮੋਟਰਸਾਈਕਲ ਸਵਾਰ ਕੁਚਲਿਆ
ਪਠਾਨਕੋਟ-ਸ਼ਾਹਪੁਰਕੰਡੀ ਰੋਡ 'ਤੇ ਪੰਗੋਲੀ ਚੌਕ ਦੇ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਇਕ ਮਹਿੰਦਰਾ ਪਿੱਕਅਪ ਨੇ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਿਸ਼ਾਨ ਸਿੰਘ (45) ਵਾਸੀ ਪਿੰਡ ਧਲੌਰੀਆਂ ਵੱਜੋਂ ਹੋਈ। ਮ੍ਰਿਤਕ ਦੇ ਭਰਾਵਾਂ ਗੁਰਨਾਮ ਸਿੰਘ ਅਤੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਪੰਗੋਲੀ ਚੌਕ ਵਿਚ ਅਹਾਤਾ ਚਲਾਉਂਦਾ ਹੈ ਅਤੇ ਬੀਤੀ ਰਾਤ ਨੂੰ ਉਹ ਆਪਣੀ ਮੋਟਰਸਾਈਕਲ 'ਤੇ ਸਾਮਾਨ ਖਰੀਦਣ ਲਈ ਬਾਜ਼ਾਰ ਗਿਆ ਹੋਇਆ ਸੀ ਕਿ ਸਾਹਮਣੇ ਤੋਂ ਆਉਂਦੀ ਤੇਜ਼ ਰਫ਼ਤਾਰ ਮਹਿੰਦਰਾ ਪਿਕਅਪ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ। ਦੂਜੇ ਪਾਸੇ ਸ਼ਾਹਪੁਰਕੰਡੀ ਪੁਲਸ ਦੇ ਏ. ਐੱਸ. ਆਈ. ਵਿਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੇ ਭਰਾਵਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਇਕ ਦੀ ਗਈ ਜਾਨ
ਗੁਰਦਾਸਪੁਰ -ਬੀਤੀ ਸ਼ਾਮ ਮੋਟਰਸਾਈਕਲ-ਕਾਰ ਦੀ ਟੱਕਰ 'ਚ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਬਚਨ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਥਾਣੇਵਾਲ ਦੇ ਲੜਕੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਮਹਿੰਦਰਾ ਟਰੈਕਟਰ ਏਜੰਸੀ ਬੱਬਰੀ ਵਿਖੇ ਬਤੌਰ ਸੁਰੱਖਿਆ ਕਰਮਚਾਰੀ ਹੈ ਅਤੇ ਬੀਤੀ ਸ਼ਾਮ ਕਰੀਬ ਸਾਢੇ 6 ਵਜੇ ਡਿਊਟੀ ਤੋਂ ਛੁੱਟੀ ਹੋਣ ਦੇ ਬਾਅਦ ਉਹ ਮੋਟਰਸਾਈਕਲ 'ਤੇ ਆਪਣੇ ਪਿੰਡ ਥਾਣੇਵਾਲ ਜਾ ਰਹੇ ਸੀ ਕਿ ਜਦ ਬੱਬਰੀ ਬਾਈਪਾਸ ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਸਥਾਨਕ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਸੜਕ ਪਾਰ ਕਰਦਾ ਰਾਹਗੀਰ ਆਇਆ ਕਾਰ ਦੀ ਲਪੇਟ 'ਚ
ਪਠਾਨਕੋਟ-ਜਲੰਧਰ ਰੋਡ 'ਤੇ ਨੰਗਲਭੂਰ ਕਸਬੇ ਕੋਲ ਵਾਪਰੇ ਸੜਕ ਹਾਦਸੇ ਵਿਚ ਕਾਰ ਦੀ ਲਪੇਟ ਵਿਚ ਆਉਣ ਨਾਲ ਰਾਹਗੀਰ ਦੀ ਮੌਤ ਹੋ ਗਈ। ਹਾਦਸੇ ਦੇ ਸਮੇਂ ਕਿਸ਼ੋਰ ਸੜਕ ਪਾਰ ਕਰ ਰਿਹਾ ਸੀ ਕਿ ਕਾਰ ਦੀ ਲਪੇਟ ਵਿਚ ਆ ਗਿਆ।ਜਾਣਕਾਰੀ ਦਿੰਦੇ ਹੋਏ ਨੰਗਲਭੂਰ ਚੌਕੀ ਦੇ ਮੁਖੀ ਏ. ਐੱਸ. ਆਈ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਕਿਸ਼ੋਰ ਕੁਮਾਰ ਪੁੱਤਰ ਹੀਰਾ ਲਾਲ ਵਾਸੀ ਪਿੰਡ ਲਾੜੀ ਬ੍ਰਾਹਮਣਾਂ ਵੱਜੋਂ ਹੋਈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਅਨੁਸਾਰ ਕਿਸ਼ੋਰ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਆਈ. ਪੀ. ਸੀ. ਦੀ ਧਾਰਾ 174 ਦੇ ਤਹਿਤ ਕਾਰਵਾਈ ਕਰ ਦਿੱਤੀ ਹੈ।
