ਸੋਮਵਾਰ ਨੂੰ 'ਬੰਦ' ਦੀ ਕਾਲ! ਪ੍ਰੈੱਸ ਦੀ ਆਜ਼ਾਦੀ ’ਤੇ ਹਮਲੇ ਵਿਰੁੱਧ ਵਪਾਰੀ ਤੇ ਵੱਖ-ਵੱਖ ਜਥੇਬੰਦੀਆਂ ਇਕਜੁੱਟ

Saturday, Jan 17, 2026 - 11:13 PM (IST)

ਸੋਮਵਾਰ ਨੂੰ 'ਬੰਦ' ਦੀ ਕਾਲ! ਪ੍ਰੈੱਸ ਦੀ ਆਜ਼ਾਦੀ ’ਤੇ ਹਮਲੇ ਵਿਰੁੱਧ ਵਪਾਰੀ ਤੇ ਵੱਖ-ਵੱਖ ਜਥੇਬੰਦੀਆਂ ਇਕਜੁੱਟ

ਜਲੰਧਰ, (ਸੋਨੂ ਮਹਾਜਨ)- ਪੰਜਾਬ ਸਰਕਾਰ ਵੱਲੋਂ ਮੀਡੀਆ ਅਦਾਰਿਆਂ 'ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਵਿਰੋਧ ਵਿੱਚ ਅੱਜ ਜਲੰਧਰ ਦੀਆਂ ਵੱਖ-ਵੱਖ ਵਪਾਰਕ ਅਤੇ ਸਮਾਜਿਕ ਐਸੋਸੀਏਸ਼ਨਾਂ ਨੇ ਇੱਕਜੁੱਟ ਹੋ ਕੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਇੱਕ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਆਗੂਆਂ ਨੇ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਅਤੇ ਹੋਰ ਮੀਡੀਆ ਅਦਾਰਿਆਂ 'ਤੇ ਕੀਤੇ ਜਾ ਰਹੇ 'ਹਮਲਿਆਂ' ਅਤੇ ਦਰਜ ਕੀਤੇ ਗਏ 'ਝੂਠੇ ਪਰਚਿਆਂ' ਦੀ ਸਖ਼ਤ ਨਿਖੇਧੀ ਕੀਤੀ ਹੈ।

ਸੋਮਵਾਰ ਨੂੰ ਭਗਵਾਨ ਵਾਲਮੀਕਿ ਚੌਂਕ ’ਚ ਹੋਵੇਗਾ ਵੱਡਾ ਇਕੱਠ 

ਵੱਖ-ਵੱਖ ਐਸੋਸੀਏਸ਼ਨਾਂ ਨੇ ਐਲਾਨ ਕੀਤਾ ਹੈ ਕਿ ਇਸ ਧੱਕੇਸ਼ਾਹੀ ਵਿਰੁੱਧ ਸੋਮਵਾਰ ਸਵੇਰੇ 9:30 ਵਜੇ ਭਗਵਾਨ ਸ੍ਰੀ ਵਾਲਮੀਕਿ ਚੌਂਕ ਵਿਖੇ ਸਾਰੇ ਦੁਕਾਨਦਾਰ, ਵਪਾਰੀ ਅਤੇ ਵੱਖ-ਵੱਖ ਵਰਗਾਂ ਦੇ ਲੋਕ ਇਕੱਠੇ ਹੋਣਗੇ। ਉੱਥੋਂ ਇਕੱਠੇ ਹੋ ਕੇ ਜ਼ਿਲ੍ਹੇ ਦੇ ਡੀ.ਸੀ. ਅਤੇ ਪੁਲਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਆਗੂਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਇਹ 'ਘਟੀਆ ਰੀਤ' ਬੰਦ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਅਤੇ ਸਟੇਟ ਬੰਦ ਦੀ ਕਾਲ ਵੀ ਦਿੱਤੀ ਜਾ ਸਕਦੀ ਹੈ।

ਪੰਜਾਬ ਕੇਸਰੀ ਪੰਜਾਬ ਦੀ ‘ਬੈਕਬੋਨ’, ਧੱਕੇਸ਼ਾਹੀ ਬਰਦਾਸ਼ਤ ਨਹੀਂ 

ਵਪਾਰੀ ਵਰਗ ਬਾਜ਼ਾਰ ਸ਼ੇਖਾਂ ਦੇ ਪ੍ਰਧਾਨ ਜਸਪ੍ਰੀਤ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਪੰਜਾਬ ਕੇਸਰੀ ਇੱਕ ਬਹੁਤ ਪੁਰਾਣਾ ਨਾਮ ਹੈ ਅਤੇ ਇਹ ਪੰਜਾਬ ਦੀ 'ਬੈਕਬੋਨ' ਹੈ। ਉਨ੍ਹਾਂ ਕਿਹਾ ਕਿ ਲਾਲਾ ਜਗਤ ਨਰਾਇਣ ਜੀ ਦੇ ਸਮੇਂ ਤੋਂ ਇਹ ਅਦਾਰਾ ਸੱਚ ਦੀ ਆਵਾਜ਼ ਬਣਿਆ ਹੋਇਆ ਹੈ ਅਤੇ ਹਰ ਧਰਮ ਤੇ ਵਰਗ ਦੇ ਲੋਕਾਂ ਦੀ ਮਦਦ ਕਰਦਾ ਆ ਰਿਹਾ ਹੈ। ਵਪਾਰੀਆਂ ਅਨੁਸਾਰ ਪ੍ਰੈੱਸ ਦੀ ਆਜ਼ਾਦੀ ਨੂੰ ਰੋਕਣਾ ਲੋਕਤੰਤਰ ਦਾ ਘਾਣ ਹੈ।

ਇਸ ਸੰਘਰਸ਼ ਨੂੰ ਬਾਜ਼ਾਰ ਸ਼ੇਖਾਂ, ਦਿਲਕੁਸ਼ਾ ਮਾਰਕੀਟ (ਮੈਡੀਕਲ ਸਟੋਰ), ਸੁਨਿਆਰਾ ਬਾਜ਼ਾਰ, ਨਕੋਦਰ ਚੌਂਕ ਬਿਲਡਿੰਗ ਮਟੀਰੀਅਲ ਐਸੋਸੀਏਸ਼ਨ, ਟਰੱਕ ਯੂਨੀਅਨ, ਕੱਪੜਾ ਵਪਾਰੀ ਅਤੇ ਰੇਤਾ-ਬਜਰੀ ਯੂਨੀਅਨ ਸਮੇਤ ਕਈ ਹੋਰ ਸੰਸਥਾਵਾਂ ਨੇ ਸਮਰਥਨ ਦਿੱਤਾ ਹੈ।

ਸਿਆਸੀ ਪਾਰਟੀਆਂ ਨੇ ਵੀ ਕੀਤੀ ਨਿੰਦਾ 

ਸ਼੍ਰੋਮਣੀ ਅਕਾਲੀ ਦਲ ਸਮੇਤ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਮਾਮਲੇ 'ਤੇ ਸਰਕਾਰ ਨੂੰ ਘੇਰਿਆ ਹੈ। ਆਗੂਆਂ ਨੇ ਕਿਹਾ ਕਿ ਪਹਿਲਾਂ 'ਅਜੀਤ' ਅਖ਼ਬਾਰ ਅਤੇ ਹੁਣ 'ਪੰਜਾਬ ਕੇਸਰੀ' 'ਤੇ ਹੋ ਰਹੀ ਕਾਰਵਾਈ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਪ੍ਰੈੱਸ ਅਤੇ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।


author

Rakesh

Content Editor

Related News