ਪੰਜਾਬ: ਪਹਿਲਾਂ ਬੰਨ੍ਹਿਆ ਮੂੰਹ, ਫ਼ਿਰ ਗੰਡਾਸਾ ਮਾਰ ਵੱਖ ਕਰ ਦਿੱਤੀ ਰੀੜ੍ਹ ਦੀ ਹੱਡੀ! ਬੇਜ਼ੁਬਾਨ ਨੂੰ ਦਿੱਤੀ ਦਰਦਨਾਕ ਮੌਤ
Monday, Jan 05, 2026 - 11:42 AM (IST)
ਲੁਧਿਆਣਾ (ਰਾਜ): ਡੇਹਲੋਂ ਦੇ ਪਿੰਡ ਆਸੀ ਕਲਾਂ ਵਿਚ ਇਕ ਬੇਸਹਾਰਾ ਬਲਦ ਨਾਲ ਅਣਮਨੁੱਖੀ ਤਸ਼ੱਦਦ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਦੋ ਨੌਜਵਾਨਾਂ ਨੇ ਇਕ ਬੇਜ਼ੁਬਾਨ ਨੂੰ ਅਜਿਹੇ ਤਸੀਹੇ ਦਿੱਤੇ ਕਿ ਉਸ ਦੀ ਕਲਪਨਾ ਕਰ ਕੇ ਵੀ ਰੂਹ ਕੰਬ ਉੱਠਦੀ ਹੈ। ਉਨ੍ਹਾਂ ਬੇਜ਼ੁਬਾਨ 'ਤੇ ਗੰਡਾਸਿਆਂ ਨਾਲ ਅਜਿਹਾ ਹਮਲਾ ਕੀਤਾ ਕਿ ਉਸ ਦੀ ਰੀੜ੍ਹ ਦੀ ਹੱਡੀ ਤਕ ਵੱਖ ਹੋ ਗਈ, ਜਿਸ ਕਾਰਨ ਬਾਅਦ ਵਿਚ ਉਸ ਦੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਗੱਜਣ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਧਰਮਿੰਦਰ ਸਿੰਘ ਅਤੇ ਹਰਨੇਕ ਸਿੰਘ ਨੇ ਪਿੰਡ ਵਿਚ ਘੁੰਣ ਵਾਲੇ ਇਕ ਬੇਸਹਾਰਾ ਬਲਦ ਨੂੰ ਘੇਰ ਲਿਆ ਤੇ ਰੱਸੀਆਂ ਨਾਲ ਉਸ ਦਾ ਮੂੰਹ ਬੰਨ੍ਹ ਦਿੱਤਾ ਤਾਂ ਜੋ ਉਹ ਨਾ ਤਾਂ ਉੱਥੋਂ ਭੱਜ ਸਕੇ ਤੇ ਨਾ ਹੀ ਚੀਕ ਨਾ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਤੇਜ਼ਧਾਰ ਗੰਡਾਸਿਆਂ ਨਾਲ ਬਲਦ ਦੀ ਪਿੱਠ 'ਤੇ ਕਈ ਵਾਰ ਕੀਤੇ। ਜਦੋਂ ਗੱਜਣ ਸਿੰਘ ਨੇ ਬਲਦ ਨੂੰ ਲਹੂ-ਲੁਹਾਨ ਹਾਲਤ ਵਿਚ ਡਿੱਗਦੇ ਦੇਖਿਆ ਅਤੇ ਰੌਲਾ ਪਾਇਆ, ਤਾਂ ਮੁਲਜ਼ਮ ਪਿੱਛੇ ਹਟੇ। ਉਦੋਂ ਤਕ ਬੈਲ ਦੀ ਰੀੜ੍ਹ ਦੀ ਹੱਡੀ ਵੱਢੀ ਜਾ ਚੁੱਕੀ ਸੀ।
ਪਿੰਡ ਵਾਸੀਆਂ ਨੇ ਤੜਫ ਰਹੇ ਬਲਦ ਨੂੰ ਤੁਰੰਤ ਫਿਰੋਜ਼ਪੁਰ ਰੋਡ ਸਥਿਤ ਗਡਵਾਸੂ ਯੂਨੀਵਰਸਿਟੀ ਦੇ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਜ਼ਖ਼ਮ ਇੰਨੇ ਡੂੰਘੇ ਸਨ ਕਿ ਬਲਦ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਥਾਣਾ ਡੇਹਲੋਂ ਦੀ ਪੁਲਸ ਨੇ ਗੱਜਣ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮਾਂ ਖ਼ਿਲਾਫ਼ BNS 325 ਅਤੇ 3 (5) ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਹਨ ਅਤੇ ਪੁਲਸ ਵੱਲੋਂ ਉਨ੍ਹਾਂ ਦੀ ਭਾਲ ਕਰ ਰਹੀ ਹੈ ਹੈ।
