ਪਲਾਂਟ ਵਿਚ ਸਫਾਈ ਕਰਦਿਆਂ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ
Saturday, Jul 25, 2026 - 02:08 PM (IST)
ਲੁਧਿਆਣਾ (ਰਾਜ)- ਸਾਹਨੇਵਾਲ ਰੋਡ ’ਤੇ ਸਥਿਤ ਇਕ ਪ੍ਰਾਈਵੇਟ ਇਨਫ੍ਰਾਕਾਨ ਪਲਾਂਟ ਵਿਚ ਦਰਦਨਾਕ ਹਾਦਸਾ ਸਾਹਮਣੇ ਅਇਆ ਹੈ ਜਿੱਥੇ ਕੰਮ ਦੌਰਾਨ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪਲਾਂਟ ਪ੍ਰਬੰਧਕਾਂ ’ਤੇ ਬਿਜਲੀ ਦੀਆਂ ਤਾਰਾਂ ਤੇ ਮਸ਼ੀਨਰੀ ਦੇ ਸਹੀ ਰੱਖ ਰਖਾਅ ਨਾ ਕਰਨ ਤੇ ਭਾਰੀ ਲਾਪ੍ਰਵਾਹੀ ਵਰਤਣ ਦੇ ਗੰਭੀਰ ਦੋਸ਼ ਲਾਏ ਹਨ। ਇਸ ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਸ ਨੇ ਮ੍ਰਿਤਕ ਦੇ ਚਾਚਾ ਦੇ ਬਿਆਨਾਂ ’ਤੇ ਕੰਪਨੀ ’ਤੇ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਰਿਆਜ ਅਹਿਮਦ ਦੇ ਬਿਆਨ ਮਤਾਬਕ ਉਨ੍ਹਾਂ ਦਾ ਭਤੀਜਾ ਮੁਹੰਮਦ ਇਰਫਾਨ ਪਿੰਡ ਪੱਡੀ ਵਿਚ ਸਥਿਤ ਸੋਮੀਆ ਇਨਫ੍ਰਾਕਾਨ ਪ੍ਰਾਈਵੇਟ ਲਿਮਟਿਡ (ਆਰ.ਐੱਸ.ਸੀ. ਪਲਾਂਟ) ਵਿਚ ਬਤੌਰ ਹੈਲਪਰ ਕੰਮ ਕਰਦਾ ਸੀ। ਬੀਤੀ 5 ਜੁਲਾਈ ਨੂੰ ਉਹ ਪਲਾਂਟ ਵਿਚ ਲੱਗੀ ਮਿਕਸਚਰ ਮਸ਼ੀਨ ਦੀ ਹੈਮਰ ਮਸ਼ੀਨ ਨਾਲ ਸਫਾਈ ਕਰ ਰਿਹਾ ਸੀ। ਸਫਾਈ ਦੌਰਾਨ ਹੈਮਰ ਮਸ਼ੀਨ ਨਾਲ ਜੁੜੀ ਬਿਜਲੀ ਦੀ ਤਾਰ ਕਿਤੋਂ ਨੰਗੀ ਜਾਂ ਖਰਾਬ ਹੋਣ ਕਾਰਨ ਅਚਾਨਕ ਉਸ ਵਿਚ ਕਰੰਟ ਆਇਆ ਜਿਸ ਦੀ ਲਪੇਟ ਵਿਚ ਮੁਹੰਮਦ ਇਰਫਾਨ ਆ ਗਿਆ।
ਕਰੰਟ ਦਾ ਜ਼ੋਰਦਾਰ ਝਟਕਾ ਲੱਗਣ ਕਾਰਨ ਉਹ ਸਿੱਧਾ ਮਿਕਸਚਰ ਮਸ਼ੀਨ ਦੇ ਅੰਦਰ ਜਾ ਡਿੱਗਾ ਤੇ ਗੰਭੀਰ ਰੂਪ ਨਾਲ ਝੁਲਸ ਗਿਆ। ਹਾਦਸੇ ਤੋਂ ਤੁਰੰਤ ਬਾਅਦ ਉਸ ਨੂੰ ਇਲਾਜ ਲਈ ਗੁਰੂ ਨਾਨਕ ਚੈਰੀਟੇਬਲ ਹਸਪਤਾਲ, ਡੇਹਲੋਂ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਪੀੜਤ ਦੇ ਚਾਚਾ ਨੇ ਦੋਸ਼ ਲਾਇਆ ਕਿ ਪਲਾਂਟ ਪ੍ਰਬੰਧਕਾਂ ਵੱਲੋਂ ਬਿਜਲੀ ਦੀਆਂ ਤਾਰਾਂ ਤੇ ਮਸ਼ੀਨਰੀ ਦੀ ਸਹੀ ਢੰਗ ਨਾਲ ਦੇਖਰੇਖ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ। ਨੰਗੀ ਤਾਰ ਨੂੰ ਠੀਕ ਨਾ ਕਰਨ ਵਰਗੀ ਸਰਾਸਰ ਲਾਪ੍ਰਵਾਹੀ ਕਾਰਨ ਹੀ ਉਨ੍ਹਾਂ ਦੇ ਭਤੀਜੇ ਦੀ ਜਾਨ ਗਈ ਹੈ।
