ਚੱਲਦੀ ਸਕਾਰਪਿਉ ’ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
Thursday, Jul 23, 2026 - 10:46 PM (IST)
ਮੁੱਲਾਂਪੁਰ ਦਾਖਾ (ਕਾਲੀਆ) - ਪਿੰਡ ਦਾਖਾ ਦੇ ਨੌਜਵਾਨ ਨੇ ਆਪਣੀ ਚੱਲਦੀ ਸਕਾਰਪਿਉ ਗੱਡੀ ’ਚ ਹੀ ਆਪਣੇ ਆਪ ਨੂੰ ਗੋਲੀ ਮਾਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਦਾਖਾ ਨੇ ਆਪਣੀ ਮਰਜੀ ਨਾਲ ਲਵ ਮੈਰਿਜ ਕਰਵਾਈ ਸੀ ਵਿਆਹ ਤੋਂ ਬਾਅਦ ਪਤਨੀ ਨਾਲ ਆਪਸੀ ਝਗੜਾ ਰਹਿੰਦਾ ਸੀ। ਘਟਨਾ ਸਮੇਂ ਜਸਪ੍ਰੀਤ ਸਿੰਘ ਲੁਧਿਆਣਾ ਆਪਣੇ ਪਿੰਡ ਦਾਖਾ ਹੋ ਕੇ ਲੁਧਿਆਣਾ ਜਾ ਰਿਹਾ ਸੀ ਅਤੇ ਨੈਸ਼ਨਲ ਹਾਈਵੇ ’ਤੇ ਸਥਿਤ ਹਵੇਲੀ ਨੇੜੇ ਉਸਨੇ ਚੱਲਦੀ ਗੱਡੀ ਵਿੱਚ ਆਪਣੇ ਲਾਇੰਸੰਸੀ ਰਿਵਾਲਵਰ ਨਾਲ ਆਪਣੇ ਸਿਰ ਵਿੱਚ ਗੋਲੀ ਮਾਰ ਲਈ, ਜਿਸ ਕਾਰਣ ਗੱਡੀ ਬੇਕਾਬੂ ਹੋ ਕੇ ਜੀ.ਟੀ.ਰੋਡ ’ਤੇ ਲਗੇ ਦਿਸ਼ਾ ਸੂਚਕ ਬੋਰਡ ਵਾਲੇ ਪੋਲ ਨਾਲ ਜਾ ਟਕਰਾਈ, ਜਿਸ ਦੌਰਾਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੌਰਾਨ ਗੱਡੀ ਦੇ ਦੋਵੇਂ ਏਅਰਬੈਗ ਖੁੱਲ੍ਹ ਗਏ। ਹਾਦਸੇ ਉਪਰੰਤ ਉੱਕਤ ਨੌਜਵਾਨ ਨੂੰ ਰਾਹਗੀਰਾਂ ਦੀ ਮੱਦਦ ਨਾਲ ਲੁਧਿਆਣਾ ਦੇ ਡੀ.ਐਮ.ਸੀ.ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਚਸਮਦੀਦਾਂ ਅਨੁਸਾਰ ਘਟਨਾ ਸਮੇਂ ਜਸਪ੍ਰੀਤ ਸਿੰਘ ਗੱਡੀ ਵਿੱਚ ਇੱਕਲਾ ਹੀ ਸੀ ਅਤੇ ਖੁਦ ਗੱਡੀ ਚਲਾ ਰਿਹਾ ਸੀ। ਉੱਕਤ ਘਟਨਾ ਦੀ ਪੁਸ਼ਟੀ ਕਰਦਿਆਂ ਡੀ.ਐਸ.ਪੀ ਦਾਖਾ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਤਫਤੀਸ਼ ਦੌਰਾਨ ਪੂਰਾ ਮਾਮਲਾ ਸਾਹਮਣੇ ਆਵੇਗਾ। ਥਾਣਾ ਮੁੱਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨਾ 'ਤੇ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮ੍ਰਿਤਕ ਚਾਰ ਸਾਲਾ ਬੱਚੀ ਦਾ ਪਿਤਾ ਸੀ।
