ਬੱਸ ਸਟੈਂਡ ਨੇੜੇ ਵਾਪਰਿਆ ਦਰਦਨਾਕ ਹਾਦਸਾ! ਮਹਿਲਾ ਦੀ ਮੌਕੇ ''ਤੇ ਹੋਈ ਮੌਤ
Monday, Jun 08, 2026 - 03:33 PM (IST)
ਲੁਧਿਆਣਾ (ਰਾਜ): ਤੇਜ਼ ਰਫ਼ਤਾਰ ਨੇ ਇਕ ਵਾਰ ਫ਼ਿਰ ਹਸਦੇ-ਖੇਡਦੇ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਕੇ ਰੱਖ ਦਿੱਤੀਆਂ ਹਨ। ਡੇਹਲੋਂ ਇਲਾਕੇ ਦੇ ਅਧੀਨ ਆਉਂਦੇ ਗੋਪਾਲਪੁਰ ਬੱਸ ਸਟੈਂਡ ਨੇੜੇ ਇਕ ਬੇਕਾਬੂ ਵਾਹਨ ਨੇ ਮਹਿਲਾ ਨੂੰ ਦਰੜ ਦਿੱਤਾ। ਹਾਦਸਾ ਇੰਨਾ ਭਿਆਨਕ ਸੀ ਕੀ ਮਹਿਲਾ ਦੀ ਮੌਕੇ 'ਤੇ ਹੀ ਦਰਦਨਾਕ ਮੌਤ ਹੋ ਗਈ, ਜਦਕਿ ਵਾਰਦਾਤ ਮਗਰੋਂ ਮੁਲਜ਼ਮ ਚਾਲਕ ਆਪਣੇ ਵਾਹਨ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਡੇਹਲੋਂ ਦੀ ਪੁਲਸ ਨੇ ਮੌਕੇ 'ਤੇ ਪਹੁੰਚਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕਾ ਦੇ ਪਤੀ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਬਲਜੀਤ ਕੌਰ ਉਰਫ਼ ਵਾਵੀ ਬੀਤੀ 6 ਜੂਨ ਨੂੰ ਕਿਸੇ ਕੰਮ ਲਈ ਡੇਹਲੋਂ ਆਈ ਹੋਈ ਸੀ। ਇਸੇ ਦੌਰਾਨ ਉਹ ਖ਼ੁਦ ਵੀ ਆਪਣੇ ਨਿੱਜੀ ਕੰਮਕਾਜ ਦੇ ਸਿਲਸਿਲੇ ਨਾਲ ਗੋਪਾਲਪੁਰ ਬੱਸ ਸਟੈਂਡ ਵੱਲ ਆ ਰਿਹਾ ਸੀ। ਜਦੋਂ ਉਹ ਬੱਸ ਸਟੈਂਡ ਨੇੜੇ ਸੜਕ 'ਤੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਉੱਥੇ ਲੋਕਾਂ ਦੀ ਕਾਫ਼ੀ ਭੀੜ ਇਕੱਠੀ ਹੋਈ ਸੀ ਤੇ ਚੀਕ-ਚਿਹਾੜਾ ਮਚਿਆ ਹੋਇਆ ਸੀ। ਜਦੋਂ ਉਸ ਨੇ ਨੇੜੇ ਜਾ ਕੇ ਵੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ। ਉਸ ਦੀ ਪਤਨੀ ਲਹੂ-ਲੁਹਾਨ ਹਾਲਤ ਵਿਚ ਸੜਕ 'ਤੇ ਪਈ ਸੀ ਤੇ ਉਸ ਦਾ ਸਾਹ ਰੁਕ ਚੁੱਕੇ ਸਨ।
ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅਣਪਛਾਤੇ ਵਾਹਨ ਦੇ ਚਾਲਕ ਨੇ ਆਪਣੇ ਵਾਹਨ ਨੂੰ ਬੇਹੱਦ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦੇ ਹੋਏ ਬਲਜੀਤ ਕੌਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਬਲਜੀਤ ਕੌਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਤੇ ਮੁਲਜ਼ਮ ਚਾਲਕ ਹਾਦਸੇ ਮਗਰੋਂ ਵਾਹਨ ਸਮੇਤ ਉੱਥੋਂ ਭੱਜਣ ਵਿਚ ਕਾਮਯਾਬ ਰਿਹਾ।
