ਪੰਜਾਬ: ਭੈਣ ਦੀ ਮੌਤ ਤੋਂ ਕੁਝ ਦੇਰ ਬਾਅਦ ਹੀ ਭਰਾ ਨਾਲ ਵੀ ਵਾਪਰ ਗਈ ਅਣਹੋਣੀ

Thursday, May 28, 2026 - 12:29 PM (IST)

ਪੰਜਾਬ: ਭੈਣ ਦੀ ਮੌਤ ਤੋਂ ਕੁਝ ਦੇਰ ਬਾਅਦ ਹੀ ਭਰਾ ਨਾਲ ਵੀ ਵਾਪਰ ਗਈ ਅਣਹੋਣੀ

ਲੁਧਿਆਣਾ (ਰਾਜ): ਲੁਧਿਆਣਾ ਤੋਂ ਇਕ ਬੇਹੱਦ ਦਰਦਨਾਕ ਅਤੇ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਗਿੱਲ ਨਹਿਰ ਵਿਚ ਨਹਾਉਣ ਗਏ 11 ਸਾਲਾ ਮਾਸੂਮ ਤਰਨਜੀਤ ਸਿੰਘ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ। ਮੰਗਲਵਾਰ ਸਵੇਰ ਤੋਂ ਲਾਪਤਾ ਇਸ ਲਾਡਲੇ ਦੀ ਲਾਸ਼ ਬੁੱਧਵਾਰ ਦੇਰ ਸ਼ਾਮ ਗੋਤਾਖੋਰਾਂ ਦੀ ਭਾਰੀ ਮਸ਼ੱਕਤ ਤੋਂ ਬਾਅਦ ਨਹਿਰ ਵਿਚੋਂ ਬਰਾਮਦ ਹੋਈ। ਜਿਵੇਂ ਹੀ ਮਾਸੂਮ ਦੀ ਲਾਸ਼ ਪਾਣੀ ਵਿੱਚੋਂ ਬਾਹਰ ਆਈ, ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕ ਤਰਨਜੀਤ ਦੇ ਲਾਚਾਰ ਪਿਤਾ ਨੇ ਰੋਂਦੇ-ਕੁਰਲਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਸਭ ਤੋਂ ਛੋਟਾ ਅਤੇ ਸਭ ਦਾ ਲਾਡਲਾ ਪੁੱਤਰ ਮੰਗਲਵਾਰ ਸਵੇਰੇ ਘਰੋਂ ਗਿੱਲ ਨਹਿਰ ਵਿਚ ਨਹਾਉਣ ਦੀ ਗੱਲ ਕਹਿ ਕੇ ਨਿਕਲਿਆ ਸੀ। ਜਦੋਂ ਸੂਰਜ ਢਲਣ ਤੋਂ ਬਾਅਦ ਵੀ ਉਹ ਘਰ ਵਾਪਸ ਨਹੀਂ ਪਰਤਿਆ, ਤਾਂ ਪਰਿਵਾਰ ਨੇ ਸਾਰੀ ਰਾਤ ਹਰ ਸੰਭਵ ਥਾਂ 'ਤੇ ਆਪਣੇ ਜਿਗਰ ਦੇ ਟੁਕੜੇ ਦੀ ਭਾਲ ਕੀਤੀ, ਪਰ ਜਦੋਂ ਉਸ ਦਾ ਕਿਤੇ ਕੋਈ ਸੁਰਾਗ ਨਹੀਂ ਮਿਲਿਆ, ਤਾਂ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਅਗਲੇ ਦਿਨ ਬੁੱਧਵਾਰ ਸਵੇਰ ਤੋਂ ਹੀ ਪੁਲਸ ਅਤੇ ਗੋਤਾਖੋਰਾਂ ਨੇ ਨਹਿਰ ਵਿਚ ਇਕ ਵੱਡਾ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਕਈ ਘੰਟਿਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਆਖ਼ਰਕਾਰ ਬੁੱਧਵਾਰ ਸ਼ਾਮ ਕਰੀਬ ਸਾਢੇ ਪੰਜ ਵਜੇ ਤਰਨਜੀਤ ਦੀ ਬੇਜਾਨ ਦੇਹ ਨਹਿਰ ਵਿਚੋਂ ਬਾਹਰ ਕੱਢੀ ਜਾ ਸਕੀ। ਇਸ ਮਨਹੂਸ ਖ਼ਬਰ ਦੇ ਘਰ ਪਹੁੰਚਦਿਆਂ ਹੀ ਮਾਪਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਪੂਰੇ ਪਿੰਡ ਵਿਚ ਮਾਤਮ ਛਾ ਗਿਆ। ਮ੍ਰਿਤਕ ਤਰਨਜੀਤ ਆਪਣੇ ਤਿੰਨ ਭੈਣ-ਭਰਾਵਾਂ ਵਿਚੋਂ ਸਭ ਤੋਂ ਛੋਟਾ ਅਤੇ ਪੂਰੇ ਪਰਿਵਾਰ ਦੀ ਅੱਖ ਦਾ ਤਾਰਾ ਸੀ।

ਕੁਝ ਮਹੀਨੇ ਪਹਿਲਾਂ ਹੀ ਹੋਈ ਸੀ ਭੈਣ ਦੀ ਮੌਤ

ਤਰਨਜੀਤ ਦੇ ਪਰਿਵਾਰ ਨੇ ਇਸੇ ਸਾਲ ਫਰਵਰੀ ਦੇ ਮਹੀਨੇ ਆਪਣੀ 16 ਸਾਲਾ ਜਵਾਨ ਧੀ ਨੂੰ ਇਕ ਗੰਭੀਰ ਬੀਮਾਰੀ ਕਾਰਨ ਗੁਆ ਦਿੱਤਾ ਸੀ। ਮਾਪੇ ਅਜੇ ਆਪਣੀ ਜਵਾਨ ਧੀ ਦੀ ਮੌਤ ਦੇ ਡੂੰਘੇ ਸਦਮੇ ਵਿਚੋਂ ਉਭਰ ਵੀ ਨਹੀਂ ਸਕੇ ਸਨ ਕਿ ਹੁਣ ਉਨ੍ਹਾਂ ਦੇ ਸਭ ਤੋਂ ਛੋਟੇ ਪੁੱਤਰ ਦੀ ਇਸ ਤਰ੍ਹਾਂ ਅਚਾਨਕ ਹੋਈ ਮੌਤ ਨੇ ਉਨ੍ਹਾਂ ਨੂੰ ਜਿਉਂਦੇ ਜੀ ਮਾਰ ਦਿੱਤਾ ਹੈ। ਇੱਕੋ ਸਾਲ ਦੋ ਮਾਸੂਮ ਬੱਚਿਆਂ ਦੀ ਮੌਤ ਨੇ ਮਾਪਿਆਂ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਹੈ।

ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੱਚੇ ਦੇ ਲਾਪਤਾ ਹੋਣ ਅਤੇ ਨਹਿਰ ਵਿਚ ਡੁੱਬਣ ਦੇ ਖ਼ਦਸ਼ੇ ਦੀ ਰਿਪੋਰਟ ਮਿਲੀ ਸੀ, ਜਿਸ ਤੋਂ ਤੁਰੰਤ ਬਾਅਦ ਗੋਤਾਖੋਰਾਂ ਦੀ ਮਦਦ ਨਾਲ ਸਰਚ ਆਪ੍ਰੇਸ਼ਨ ਸ਼ੁਰੂ ਕਰਵਾਇਆ ਗਿਆ ਸੀ। ਦੇਰ ਸ਼ਾਮ ਲਾਸ਼ ਨੂੰ ਨਹਿਰ ਵਿਚੋਂ ਕੱਢ ਕੇ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਉਸ ਨੂੰ ਫਿਲਹਾਲ ਮੁਰਦਾਘਰ ਵਿਚ ਸੁਰੱਖਿਅਤ ਰਖਵਾ ਦਿੱਤਾ ਗਿਆ ਹੈ।


author

Anmol Tagra

Content Editor

Related News