ਪੰਜਾਬ ਦੇ ਇਸ ਇਲਾਕੇ ''ਚ ਲੀਕ ਹੋਈ ਜ਼ਹਿਰੀਲੀ ਗੈਸ, 3 ਲੋਕਾਂ ਦੀ ਮੌਤ, ਕਈ ਹੋਰ ਬੇਹੋਸ਼
Monday, Jun 01, 2026 - 12:03 PM (IST)
ਲੁਧਿਆਣਾ: ਲੁਧਿਆਣਾ ਦੇ ਆਰ.ਕੇ. ਰੋਡ 'ਤੇ ਸਥਿਤ ਇਕ ਫੈਕਟਰੀ ਵਿਚ ਅਚਾਨਕ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦਮ ਘੁੱਟਣ ਕਾਰਨ ਪਿਓ-ਪੁੱਤ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਮਜ਼ਦੂਰ ਗੰਭੀਰ ਰੂਪ ਵਿਚ ਪ੍ਰਭਾਵਿਤ ਹੋਏ ਹਨ ਅਤੇ ਕੁਝ ਬੇਹੋਸ਼ ਹੋ ਗਏ ਹਨ।
ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ, ਫੈਕਟਰੀ ਵਿਚ ਰੋਜ਼ਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ ਕਿ ਅਚਾਨਕ ਗੈਸ ਪਾਈਪਲਾਈਨ ਜਾਂ ਸਿਲੰਡਰ ਵਿਚੋਂ ਗੈਸ ਲੀਕ ਹੋਣ ਲੱਗ ਪਈ। ਇਹ ਜ਼ਹਿਰੀਲੀ ਗੈਸ ਇੰਨੀ ਤੇਜ਼ੀ ਨਾਲ ਫੈਲੀ ਕਿ ਫੈਕਟਰੀ ਵਿਚ ਮੌਜੂਦ ਮਜ਼ਦੂਰਾਂ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। ਦਮ ਘੁੱਟਣ ਅਤੇ ਅੱਖਾਂ ਵਿਚ ਤੇਜ਼ ਜਲਣ ਕਾਰਨ ਕਈ ਮਜ਼ਦੂਰ ਫੈਕਟਰੀ ਦੇ ਅੰਦਰ ਹੀ ਜ਼ਮੀਨ 'ਤੇ ਡਿੱਗ ਪਏ। ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਪਿਤਾ ਮਾਨ ਸਿੰਘ ਅਤੇ ਪੁੱਤਰ ਅਮਿਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਮਸ਼ੀਨ ਦੇ ਹੇਠੋਂ ਨਿਕਲਣ ਵਾਲੀ ਮਿੱਟੀ ਨੂੰ ਟਰਾਲੀ ਵਿੱਚ ਭਰਨ ਗਏ ਸਨ ਜਦੋਂ ਉਹ ਇਸ ਹਾਦਸੇ ਦੀ ਲਪੇਟ ਵਿੱਚ ਆ ਗਏ। ਪਰਿਵਾਰ ਦੇ ਅਨੁਸਾਰ, ਮਾਨ ਸਿੰਘ ਅਤੇ ਅਮਿਤ ਹੀ ਘਰ ਦੇ ਕਮਾਉਣ ਵਾਲੇ ਮੈਂਬਰ ਸਨ। ਮ੍ਰਿਤਕ ਅਮਿਤ ਦੀ ਇਕ ਡੇਢ ਸਾਲ ਦੀ ਬੇਟੀ ਵੀ ਹੈ। ਤੀਜੇ ਮ੍ਰਿਤਕ ਦੀ ਪਛਾਣ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਇਲਾਕੇ ਵਿਚ ਹਫੜਾ-ਦਫੜੀ ਮੱਚ ਗਈ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ। ਪ੍ਰਭਾਵਿਤ ਮਜ਼ਦੂਰਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਪਰਿਵਾਰ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
