ਲੁਧਿਆਣਾ : ਪਤੀ-ਪਤਨੀ ਨਾਲ ਵਾਪਰੇ ਭਿਆਨਕ ਹਾਦਸੇ ਨੇ ਖੜ੍ਹੇ ਕੀਤੇ ਰੌਂਗਟੇ, CCTV 'ਚ ਕੈਦ ਹੋਇਆ ਖ਼ੌਫ਼ਨਾਕ ਦ੍ਰਿਸ਼
Friday, Apr 01, 2022 - 09:47 AM (IST)
ਲੁਧਿਆਣਾ (ਰਾਜ) : ਸਥਾਨਕ ਡੇਹਲੋਂ ਰੋਡ ’ਤੇ ਐਕਟਿਵਾ ਸਵਾਰ ਪਤੀ-ਪਤਨੀ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਨੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਕਰ ਦਿੱਤਾ। ਜਾਣਕਾਰੀ ਮੁਤਾਬਕ ਐਕਟਿਵਾ ਸਵਾਰ ਜੋੜਾ ਜਦੋਂ ਚੌਂਕ ਪਾਰ ਕਰਨ ਲੱਗਾ ਤਾਂ ਪਹਿਲਾਂ ਆਰਟਿਗਾ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਕੇ ਹੇਠਾਂ ਸੁੱਟ ਦਿੱਤਾ। ਫਿਰ ਪਿੱਛੋਂ ਆਈ ਤੇਜ਼ ਰਫ਼ਤਾਰ ਸਵਿੱਫਟ ਕਾਰ ਨੇ ਦੋਹਾਂ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਮੇਜਰ ਸਿੰਘ ਅਤੇ ਸਵਰਨ ਕੌਰ ਪਤਨੀ ਮੇਜਰ ਸਿੰਘ ਵੱਜੋਂ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਤੁਰੰਤ ਮੌਕੇ ’ਤੇ ਪੁੱਜੀ।
ਪੁਲਸ ਨੇ ਦੋਹਾਂ ਦੀਆਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਡੇਹਲੋਂ ਸਿਵਲ ਹਸਪਤਾਲ ’ਚ ਪਹੁੰਚਾਈਆਂ। ਇਸ ਮਾਮਲੇ ਵਿਚ ਪੁਲਸ ਨੇ ਮ੍ਰਿਤਕ ਦੇ ਪੁੱਤਰ ਗੁਰਭੇਜ ਸਿੰਘ ਦੀ ਸ਼ਿਕਾਇਤ ’ਤੇ ਦੋਹਾਂ ਕਾਰ ਸਵਾਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸ ਦੇਈਏ ਕਿ ਮੇਜਰ ਸਿੰਘ ਅਤੇ ਸਵਰਨ ਕੌਰ ਆਪਣੇ ਪੁੱਤਰ ਗੁਰਭੇਜ ਸਿੰਘ ਨਾਲ 6 ਮਹੀਨੇ ਪਹਿਲਾਂ ਹੀ ਜੈਪੁਰ ਤੋਂ ਲੁਧਿਆਣਾ ਸ਼ਿਫਟ ਹੋਏ ਸੀ। ਆਲਮਗੀਰ ਐਨਕਲੇਵ ’ਚ ਉਨ੍ਹਾਂ ਨੇ ਕੋਠੀ ਲਈ ਸੀ। ਗੁਰਭੇਜ ਦਾ ਆਪਣਾ ਕਾਰੋਬਾਰ ਹੈ। ਮੇਜਰ ਸਿੰਘ ਅਤੇ ਸਵਰਨ ਕੌਰ ਦੋਵੇਂ ਐਕਟਿਵਾ ’ਤੇ ਕਿਸੇ ਕੰਮ ਘਰੋਂ ਨਿਕਲੇ ਸੀ। ਜਦੋਂ ਉਹ ਗੁਰਦੁਆਰਾ ਸ੍ਰੀ ਆਲਮਗੀਰ ਚੌਂਕ ਵੱਲ ਐਕਟਿਵਾ ਮੋੜ ਰਹੇ ਸੀ ਤਾਂ ਅਚਾਨਕ ਉਸੇ ਰਸਤੇ ਤੋਂ ਆਉਂਦੀ ਆਰਟਿਗਾ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਐਕਟਿਵਾ ਸਮੇਤ ਸੜਕ ਦੇ ਵਿਚਾਲੇ ਡਿੱਗ ਗਏ। ਇਸ ਦੌਰਾਨ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਸਵਿੱਫਟ ਕਾਰ ਦੋਹਾਂ ਨੂੰ ਕੁਚਲ ਕੇ ਨਿਕਲ ਗਈ। ਗੰਭੀਰ ਜ਼ਖਮੀ ਹੋਣ ਕਾਰਨ ਦੋਹਾਂ ਦੀ ਮੌਤ ਹੋ ਗਈ। ਉਧਰ ਜਾਂਚ ਅਧਿਕਾਰੀ ਏ. ਐੱਸ. ਆਈ. ਬਲਜੀਤ ਸਿੰਘ ਦਾ ਕਹਿਣਾ ਹੈ ਕਿ ਕਾਰ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਸੰਦੀਪ ਨੰਗਲ ਅੰਬੀਆਂ ਕਤਲ ਮਗਰੋਂ ਫਿਰ ਵੱਡਾ ਕਾਂਡ, ਕਬੱਡੀ ਮੈਚ 'ਚ ਮੁੜ ਚੱਲੀਆਂ ਗੋਲੀਆਂ
ਸੀ. ਸੀ. ਟੀ. ਵੀ. ਵਿਚ ਕੈਦ ਹੋਈ ਘਟਨਾ
ਜਿੱਥੇ ਵਾਰਦਾਤ ਹੋਈ, ਉੱਥੇ ਕੁਝ ਦੂਰੀ ’ਤੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸੀ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਫੁਟੇਜ ਤੋਂ ਪਤਾ ਲੱਗਦਾ ਹੈ ਕਿ ਹਾਦਸਾ ਬਹੁਤ ਭਿਆਨਕ ਸੀ। ਫੁਟੇਜ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ