ਨਸ਼ੇ ''ਚ ਧੁੱਤ ਨੌਜਵਾਨ ਨੇ ਸਬਜ਼ੀ ਵਿਕਰੇਤਾਵਾਂ ਦੀ ਫੜ੍ਹੀ ''ਤੇ ਚੜ੍ਹਾਈ ਕਾਰ
Monday, Sep 18, 2017 - 03:58 PM (IST)
ਲੁਧਿਆਣਾ (ਰਿਸ਼ੀ) : ਥਾਣਾ ਸਰਾਭਾ ਨਗਰ 'ਚ ਨਸ਼ੇ 'ਚ ਧੁੱਤ ਇਕ ਨੌਜਵਾਨ ਨੇ ਸਫੈਦ ਰੰਗ ਦੀ ਓ. ਡੀ. ਕਾਰ ਸੜਕ ਕਿਨਾਰੇ ਸਬਜ਼ੀ ਵੇਚ ਰਹੇ ਵਿਕਰੇਤਾਵਾਂ ਦੇ ਨਾਲ ਲੱਗਦੀ ਇਕ ਫੜ੍ਹੀ 'ਤੇ ਚੜ੍ਹਾ ਦਿੱਤੀ। ਇਸ ਹਾਦਸੇ ਦੌਰਾਨ ਸਬਜ਼ੀ ਵੇਚਣ ਵਾਲਾ ਇਕ ਨੌਜਵਾਨ, ਮਹਿਤਾ ਸਮੇਤ 2 ਗਾਹਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਸ ਪਹੁੰਚਾਇਆ ਗਿਆ। ਇਸ ਘਟਨਾ ਦਾ ਪਤਾ ਲੱਗਦੇ ਹੀ ਪੁਲਸ ਓ. ਡੀ. ਕਾਰ ਅਤੇ ਨਸ਼ੇ 'ਚ ਧੁੱਤ ਨੌਜਵਾਨ ਨੂੰ ਆਪਣੇ ਨਾਲ ਥਾਣੇ ਲੈ ਗਈ ਪਰ ਨੌਜਵਾਨ ਦੀ ਗਲਤੀ ਕੱਢਣ ਦੀ ਬਜਾਏ ਸਬਜ਼ੀ ਵਿਕਤੇਰਾਵਾਂ ਨੇ ਕਿਹਾ ਕਿ ਇੱਥੇ ਲੋਕ ਰੇਹੜੀ ਕਿਉਂ ਲਾਉਂਦੇ ਹਨ? ਇਸ ਗੱਲ ਨੂੰ ਲੈ ਕੇ ਸਾਰਿਆਂ 'ਚ ਭਾਰੀ ਰੋਸ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼ੋਭਾ ਲਾਲ, ਦਲੀਪ ਕੁਮਾਰ, ਰਾਮ, ਵਿਜੇ, ਅਜੇ ਅਤੇ ਮੁੰਨੀ ਨੇ ਦੱਸਿਆ ਕਿ ਉਹ ਸਾਰੇ ਇਕੱਠੇ ਸੜਕ ਕਿਨਾਰੇ ਫੜ੍ਹੀ ਲਾ ਕੇ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਸ਼ਾਮ ਦੇ ਸਮੇਂ ਤੇਜ਼ ਰਫਤਾਰ ਉਨ੍ਹਾਂ ਦੀ ਫੜ੍ਹੀ ਨਾਲ ਟਕਰਾਉਂਦੀ ਹੋਈ ਦਰੱਖਤ ਨਾਲ ਜਾ ਵੱਜੀ। ਇਸ ਹਾਦਸੇ ਤੋਂ ਬਾਅਦ ਡਰਾਈਵਰ ਨੇ ਕਾਰ 'ਚੋਂ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨਸ਼ੇ 'ਚ ਧੁੱਤ ਹੋਣ ਕਾਰਨ ਉਹ ਬਾਹਰ ਨਹੀਂ ਆ ਸਕਿਆ। ਮੌਕੇ 'ਤੇ ਪੁੱਜੀ ਪੁਲਸ ਉਸ ਨੂੰ ਆਪਣੇ ਨਾਲ ਥਾਣੇ ਲੈ ਗਈ। ਉਕਤ ਲੋਕਾਂ ਨੇ ਦੱਸਿਆ ਕਿ ਕਾਰ ਮਾਲਕ ਦੀ ਗਲਤੀ ਕਾਰਨ ਉਨ੍ਹਾਂ ਦਾ ਕਰੀਬ 20 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਬਾਰੇ ਗੱਲ ਕਰਨ 'ਤੇ ਥਾਣਾ ਪ੍ਰਭਾਰੀ ਸੁਮਿਤ ਸੂਦ ਨੂੰ ਫੋਨ ਕੀਤਾ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
