ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਮਾਰੀ ਟੱਕਰ, ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

Sunday, Sep 12, 2021 - 06:21 PM (IST)

ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਮਾਰੀ ਟੱਕਰ, ਪਤਨੀ ਦੀ ਮੌਤ, ਪਤੀ ਗੰਭੀਰ ਜ਼ਖ਼ਮੀ

ਮੌੜ ਮੰਡੀ (ਪ੍ਰਵੀਨ) : ਅੱਜ ਮੌੜ ਬਠਿੰਡਾ ਰੋਡ ’ਤੇ ਹੀਰਾ ਮੋਟਰ ਗੈਰੇਜ ਕੋਲ ਇਕ ਸਵਿੱਫਟ ਕਾਰ ਨੇ ਆਪਣੇ ਅੱਗੇ ਜਾ ਰਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ’ਚ ਇਕ ਜਨਾਨੀ ਦੀ ਮੌਤ ਹੋ ਗਈ, ਜਦਕਿ ਉਸਦਾ ਪਤੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਇਕ ਪੁਲਸ ਮੁਲਾਜ਼ਮ ਜਸਵੰਤ ਸਿੰਘ ਮਾਨਸਾ ਤੋਂ ਬਠਿੰਡਾ ਵੱਲ ਆਪਣੀ ਸਵਿੱਫਟ ਗੱਡੀ ’ਤੇ ਜਾ ਰਿਹਾ ਸੀ। ਜਦਕਿ ਅੰਮ੍ਰਿਤਪਾਲ ਗੋਇਲ ਅਤੇ ਉਸਦੀ ਪਤਨੀ ਸਰੋਜ ਰਾਣੀ ਵਾਸੀ ਮੌੜ ਮੰਡੀ ਆਪਣੇ ਮੋਟਰਸਾਈਕਲ ’ਤੇ ਮਾਈਸਰਖਾਨਾ ਮੰਦਰ ਵਿਖੇ ਮੱਥਾ ਟੇਕਣ ਜਾ ਰਹੇ ਸਨ। ਇਸ ਦੌਰਾਨ ਜਦੋਂ ਮੋਟਰਸਾਈਕਲ ਸਵਾਰ ਹੀਰਾ ਮੋਟਰ ਗੈਰੇਜ ਕੋਲ ਪੁੱਜਾ ਤਾਂ ਪਿੱਛੇ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਸਵਿਫਟ ਕਾਰ ਨੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ।

ਭਿਆਨਕ ਟੱਕਰ ਵੱਜਣ ਕਾਰਨ ਸਰੋਜ ਰਾਣੀ ਮੋਟਰਸਾਈਕਲ ਤੋਂ ਹਵਾ ’ਚ ਉੱਛਲ ਕੇ ਕਾਰ ਦੇ ਫਰੰਟ ਸ਼ੀਸ਼ੇ ਨਾਲ ਟਕਰਾ ਗਈ। ਇਸ ਭਿਆਨਕ ਟੱਕਰ ’ਚ ਸਰੋਜ ਰਾਣੀ ਅਤੇ ਅੰਮ੍ਰਿਤਪਾਲ ਗੋਇਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹੀ ਇਲਾਜ ਲਈ ਮੈਕਸ ਹਸਪਤਾਲ ਬਠਿੰਡਾ ਲਿਜਾਇਆ ਗਿਆ। ਸਰੋਜ ਰਾਣੀ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਪਰ ਰਸਤੇ ’ਚ ਹੀ ਉਸਦੀ ਮੌਤ ਹੋ ਗਈ, ਜਦੋਂ ਕਿ ਅੰਮ੍ਰਿਤਪਾਲ ਗੋਇਲ ਦਾ ਮੈਕਸ ਹਸਪਤਾਲ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਹੈ।

ਇਸ ਸਬੰਧੀ ਥਾਣਾ ਮੌੜ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸਰੋਜ ਰਾਣੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਸਰੋਜ ਰਾਣੀ ਇਕ ਪ੍ਰਾਈਵੇਟ ਸਕੂਲ ’ਚ ਨੌਕਰੀ ਕਰਦੀ ਸੀ ਅਤੇ ਉਸਦੇ ਤਿੰਨ ਬੱਚੇ ਹਨ ਜੋ ਕਿ ਅਜੇ ਕੁਆਰੇ ਹਨ। ਸਰੋਜ ਰਾਣੀ ਦੀ ਮੌਤ ਹੋ ਜਾਣ ਕਾਰਨ ਸਥਾਨਕ ਸ਼ਹਿਰ ਅੰਦਰ ਭਾਰੀ ਸੋਗ ਪਾਇਆ ਜਾ ਰਿਹਾ ਹੈ।


author

Gurminder Singh

Content Editor

Related News