ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਧੀ ਦੀ ਮੌਤ, ਪਿਓ ਜ਼ਖਮੀ
Saturday, Dec 12, 2020 - 11:53 AM (IST)

ਸਾਹਨੇਵਾਲ/ਕੁਹਾੜਾ (ਜ.ਬ.) : ਇਕ ਟਰੱਕ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਪਿਓ-ਧੀ ਨੂੰ ਮਾਰੀ ਗਈ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਧੀ ਸਿਮਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਿਸ 'ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਟਰੱਕ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮੱਖਣ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਪਿੰਡ ਨੰਦਪੁਰ, ਸਾਹਨੇਵਾਲ ਨੇ ਦੱਸਿਆ ਕਿ ਬੀਤੀ 10 ਦਸੰਬਰ ਨੂੰ ਉਸ ਦਾ ਭਰਾ ਗੁਰਮੀਤ ਸਿੰਘ ਆਪਣੀ ਲੜਕੀ ਸਿਮਰਨ (19) ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਾਹਨੇਵਾਲ ਰੋਡ 'ਤੇ ਜਾ ਰਿਹਾ ਸੀ। ਰਸਤੇ 'ਚ ਇਕ ਟਰੱਕ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਸਿਮਰਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਹਾਦਸੇ 'ਚ ਜ਼ਖਮੀ ਹੋਏ ਮੱਖਣ ਦੇ ਭਰਾ ਗੁਰਮੀਤ ਸਿੰਘ ਨੂੰ ਦੋਰਾਹਾ ਸਥਿਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਟਰੱਕ ਚਾਲਕ ਪਰਮਜੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਕੋਟਲਾ, ਫਤਿਹਗੜ੍ਹ ਸਾਹਿਬ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਤਲਾਸ਼ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।