''ਆਪ'' ਦਾ ਇਕ-ਇਕ ਵਾਲੰਟੀਅਰ ਸੁਖਪਾਲ ਖਹਿਰਾ ਦੇ ਨਾਲ : ਡਾ. ਰਵਜੋਤ

11/05/2017 2:56:16 PM

ਹੁਸ਼ਿਆਰਪੁਰ (ਘੁੰਮਣ)— ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਅਤੇ 'ਆਪ' ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਕ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਘੜੀ ਵਿਚ 'ਆਪ' ਦਾ ਇਕ-ਇਕ ਵਾਲੰਟੀਅਰ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜ੍ਹਾ ਹੈ ਕਿਉਂਕਿ ਉਨ੍ਹਾਂ ਦੀ ਈਮਾਨਦਾਰੀ ਉੱਪਰ ਕਦੇ ਸ਼ੱਕ ਕੀਤਾ ਹੀ ਨਹੀਂ ਜਾ ਸਕਦਾ। 
ਇਹ ਪ੍ਰਗਟਾਵਾ 'ਆਪ' ਦੇ ਜਨਰਲ ਸਕੱਤਰ ਪੰਜਾਬ ਡਾ. ਰਵਜੋਤ, ਜ਼ਿਲਾ ਪ੍ਰਧਾਨ ਗੁਰਵਿੰਦਰ ਸਿੰਘ ਪਾਬਲਾ ਅਤੇ ਜਸਬੀਰ ਸਿੰਘ ਰਾਜਾ ਵੱਲੋਂ ਸਾਂਝੇ ਤੌਰ 'ਤੇ ਇਥੇ ਪਾਰਟੀ ਵਰਕਰਾਂ ਦੀ ਇਕ ਮੀਟਿੰਗ ਦੌਰਾਨ ਕੀਤਾ ਗਿਆ। ਉਕਤ ਆਗੂਆਂ ਨੇ ਕਿਹਾ ਕਿ ਕਾਂਗਰਸ ਹੋਵੇ ਜਾਂ ਫਿਰ ਅਕਾਲੀ ਦਲ ਤੇ ਭਾਜਪਾ, ਇਨ੍ਹਾਂ ਦੇ ਭ੍ਰਿਸ਼ਟ ਆਗੂਆਂ ਖਿਲਾਫ ਹਮੇਸ਼ਾ ਸੁਖਪਾਲ ਸਿੰਘ ਖਹਿਰਾ ਨੇ ਝੰਡਾ ਬੁਲੰਦ ਕੀਤਾ ਹੈ। ਇਹੀ ਕਾਰਨ ਹੈ ਕਿ ਅੱਜ ਉਕਤ ਸਾਰੀਆਂ ਪਾਰਟੀਆਂ ਦੇ ਆਗੂ ਇਕੱਠੇ ਹੋ ਕੇ ਇਕ ਸਾਜ਼ਿਸ਼ ਤਹਿਤ ਖਹਿਰਾ ਖਿਲਾਫ਼ ਦੂਸ਼ਣਬਾਜ਼ੀ ਕਰਨ ਵਿਚ ਲੱਗੇ ਹੋਏ ਹਨ। ਇਹ ਲੋਕ ਭੁੱਲ ਗਏ ਹਨ ਕਿ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਅਤੇ ਇਸ ਮਾਮਲੇ ਦਾ ਸੱਚ ਵੀ ਜਲਦ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਜਾਵੇਗਾ।  
ਡਾ. ਰਵਜੋਤ ਨੇ ਕਿਹਾ ਕਿ ਜਿਸ ਤਰ੍ਹਾਂ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਸੁਖਪਾਲ ਸਿੰਘ ਖਹਿਰਾ ਨੂੰ ਸਿਆਸੀ ਤੌਰ 'ਤੇ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਸ ਵੱਲ ਵੇਖ ਕੇ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਕਤ ਪਾਰਟੀਆਂ ਦੇ ਭ੍ਰਿਸ਼ਟ ਆਗੂਆਂ ਦੇ ਮਨਾਂ ਵਿਚ ਸੁਖਪਾਲ ਖਹਿਰਾ ਦਾ ਕਿੰਨਾ ਡਰ ਬੈਠਾ ਹੋਇਆ ਹੈ। ਗੁਰਵਿੰਦਰ ਸਿੰਘ ਪਾਬਲਾ ਨੇ ਕਿਹਾ ਕਿ ਵਿਰੋਧੀ 'ਆਪ' ਖਿਲਾਫ ਜਿੰਨਾ ਮਰਜ਼ੀ ਕੂੜ ਪ੍ਰਚਾਰ ਕਰ ਲੈਣ ਪਰ ਹੁਣ ਇਹ ਲੋਕ 'ਆਪ' ਅੱਗੇ ਟਿਕ ਨਹੀਂ ਸਕਣਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਕ ਦਿਨ ਸੂਬੇ ਵਿਚ ਆਮ ਲੋਕਾਂ ਦਾ ਰਾਜ ਆ ਕੇ ਰਹੇਗਾ। ਇਸ ਮੌਕੇ ਪ੍ਰਦੀਪ ਸੈਣੀ, ਮਹਿੰਦਰ ਸਿੰਘ ਸੰਘਾ, ਅਨੀਸ਼ ਕੁਮਾਰ, ਪਵਨ ਕੁਮਾਰ ਆਦਿ ਪਾਰਟੀ ਵਾਲੰਟੀਅਰ ਵੀ ਮੌਜੂਦ ਸਨ।


Related News