ਚੋਣਾਂ ਜਿੱਤਣ ਦਾ ਇਕ ਅਨੋਖਾ ਤਰੀਕਾ
Friday, Apr 19, 2024 - 05:44 PM (IST)
ਰਾਧਾਰਾਵ ਗ੍ਰੇਸ਼ੀਅਸ ਗੋਆ ਵਿਚ ਇਕ ਤੇਜ਼-ਤਰਾਰ ਵਕੀਲ ਹਨ, ਜਿਨ੍ਹਾਂ ਦੀ ਸਰਗਰਮੀ ਵਿਚ ਮੌਕੇ ਦੇ ਅਨੁਸਾਰ ਆਪਣੇ ਮਨ ਦੀ ਗੱਲ ਬੋਲਣਾ ਸ਼ਾਮਲ ਹੈ। ਪਿਛਲੇ ਹਫਤੇ ਮੈਨੂੰ ਈ-ਮੇਲ ਰਾਹੀਂ ਉਸ ਦੀਆਂ ਸਰਗਰਮੀਆਂ ਦਾ ਨਮੂਨਾ ਮਿਲਿਆ। ਰਾਧਾਰਾਵ ਨੇ ਗੋਆ ਤੋਂ ਤਾਮਿਲਨਾਡੂ ਦੇ ਵੇਲੰਕੰਨੀ ਤੱਕ ਮੁਫਤ ਰੇਲ ਟਿਕਟਾਂ ਦੀ ਪੇਸ਼ਕਸ਼ ਕਰਨ ਲਈ ਸਥਾਨਕ ਭਾਜਪਾ ਆਗੂਆਂ ਦੀ ਨਿੰਦਾ ਕੀਤੀ ਸੀ, ਜਿਸਦਾ ਭੁਗਤਾਨ ‘ਵੱਖ-ਵੱਖ ਹਿੱਤਾਂ’ ਦੁਆਰਾ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਰਾਧਾਰਾਵ ਪਿਛਲੀਆਂ ਚੋਣਾਂ ਵਿਚ ਆਪਣੇ ਕਾਂਗਰਸੀ ਵਿਰੋਧੀ ਨੂੰ ਹਰਾ ਕੇ ਗੋਆ ਵਿਧਾਨ ਸਭਾ ਲਈ ਆਜ਼ਾਦ ਮੈਂਬਰ ਵਜੋਂ ਚੁਣੇ ਗਏ ਸਨ।
ਵੈਲੰਕੰਨੀ ਦੀ ਤੀਰਥ ਯਾਤਰਾ ਕੈਥੋਲਿਕ ਵਿਸ਼ਵਾਸੀਆਂ ਦੁਆਰਾ ਕੀਤੀ ਜਾਂਦੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਤਾਮਿਲਨਾਡੂ ਦੇ ਉਸ ਤੱਟਵਰਤੀ ਕਸਬੇ ਵਿਚ ਕੁਝ ਚਮਤਕਾਰ ਵਾਪਰੇ ਸਨ। ਕਿਉਂਕਿ ਮੈਂ ਖੁਦ ਚਮਤਕਾਰਾਂ ਵਿਚ ਵਿਸ਼ਵਾਸ ਨਹੀਂ ਕਰਦਾ, ਇਸ ਲਈ ਮੈਂ ਇਹ ਜਾਣਨ ਦੀ ਖੇਚਲ ਨਹੀਂ ਕੀਤੀ ਕਿ ਕਿਹੜੀ ਚੀਜ਼ ਵਿਸ਼ਵਾਸੀਆਂ ਨੂੰ ਜਨੂੰਨੀ ਬਣਾ ਦਿੰਦੀ ਹੈ ਪਰ ਸਾਡੇ ਜ਼ਿਆਦਾਤਰ ਵਿਸ਼ਵਾਸੀ ਅਲੌਕਿਕ ਵਿਚ ਵਿਸ਼ਵਾਸ ਕਰਦੇ ਹਨ। ਇਹੀ ਅਸਲੀਅਤ ਹੈ। ਰਾਧਾਰਾਵ ਨੇ ਅਫਸੋਸ ਜਤਾਇਆ ਕਿ ਸਥਾਨਕ ਭਾਜਪਾ ਸਮਰਥਕਾਂ ਨੇ ਵੱਡੀ ਗਿਣਤੀ ਵਿਚ ਕੈਥੋਲਿਕ ਵੋਟਰਾਂ ਨੂੰ ਉਸ ਮੰਜ਼ਿਲ ਤੱਕ ਲਿਜਾਣ ਲਈ ਮੈਕਿਆਵੇਲੀਅਨ ਯੋਜਨਾ ਬਣਾਈ ਹੈ ਜਿੱਥੇ ਉਹ ਜਾਣਾ ਪਸੰਦ ਕਰਨਗੇ। ਗੋਆ ਤੋਂ ਵੇਲੰਕੰਨੀ ਲਈ ਟ੍ਰੇਨ ਹਰ ਹਫਤੇ ਸੋਮਵਾਰ ਨੂੰ ਰਵਾਨਾ ਹੁੰਦੀ ਹੈ। 6 ਮਈ ਦੀਆਂ ਸਾਰੀਆਂ ਟਿਕਟਾਂ ਸ਼ਾਇਦ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ‘ਵੱਖ-ਵੱਖ ਹਿੱਤਾਂ’ ਨੇ ਖਰੀਦੀਆਂ ਸਨ। ਰਾਧਾਰਾਵ ਨੇ ਦੋਸ਼ ਲਾਇਆ ਕਿ ਲੋਕ ਸਭਾ ਵਿਚ ਸਿਰਫ਼ 2 ਸੰਸਦ ਮੈਂਬਰਾਂ ਨੂੰ ਭੇਜਣ ਵਾਲੇ ਛੋਟੇ ਸੂਬੇ ਵਿਚ 7 ਮਈ, ਲੋਕ ਸਭਾ ਚੋਣਾਂ ਵਾਲੇ ਦਿਨ ਉਨ੍ਹਾਂ ਦੀ ਗੈਰਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਕੈਥੋਲਿਕ ਵੋਟਰਾਂ ਨੂੰ ਮੁਫ਼ਤ ਪੇਸ਼ਕਸ਼ ਕੀਤੀ ਜਾ ਰਹੀ ਹੈ।
ਇਹ ਜਿੱਤ ਯਕੀਨੀ ਬਣਾਉਣ ਲਈ ਇਹ ਨਵੀਂ ਰਣਨੀਤੀ ਹੈ। ਗੋਆ ਦੇ ਰੋਮਨ ਕੈਥੋਲਿਕ ਆਰਕਬਿਸ਼ਪ, ਕਾਰਡੀਨਲ ਫਿਲਿਪ ਨਾਰੀ ਫੇਰਾਓ ਨੇ ਆਪਣੇ ਲੋਕਾਂ ਨੂੰ 6 ਮਈ ਨੂੰ ਯਾਤਰਾ ਨਾ ਕਰਨ ਦੀ ਚਿਤਾਵਨੀ ਦਿੱਤੀ ਕਿਉਂਕਿ ਅਗਲੇ ਦਿਨ ਵੋਟ ਪਾਉਣੀ ਉਨ੍ਹਾਂ ਦਾ ਫਰਜ਼ ਸੀ।
ਭਾਵੇਂ ਸ਼ੈਤਾਨੀ ਹੋਵੇ ਜਾਂ ਬਿਲਕੁਲ ਹਾਸੋਹੀਣੀ, ਰਾਧਾਰਾਵ ਗ੍ਰੇਸ਼ੀਅਸ ਦੁਆਰਾ ਪ੍ਰਸਾਰਿਤ ਕੀਤੀਆਂ ਗਈਆਂ ਕਹਾਣੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇ ਦਿਨਾਂ ਵਿਚ ਭਾਰਤ ਵਿਚ ਹੋਰ ਥਾਵਾਂ ’ਤੇ ਘੁੰਮ ਰਹੀਆਂ ਹਨ। ਇਕ ਤੋਤੇ ਨੇ ਕੁੱਡਾਲੋਰ ਲੋਕ ਸਭਾ ਸੀਟ ਤੋਂ ਜੇਤੂ ਵਜੋਂ ਉਮੀਦਵਾਰ ਐੱਮ. ਕੇ. ਥੰਕਰ ਬੱਚਨ ਦਾ ਨਾਂ ਚੁਣਿਆ। ਐੱਮ. ਕੇ. ਸਟਾਲਿਨ ਦੀ ਡੀ. ਐੱਮ. ਕੇ. ਸਰਕਾਰ ਨੇ ਜਾਅਲੀ ਖ਼ਬਰਾਂ ਫੈਲਾਉਣ ਲਈ ਤੋਤੇ ਦੇ ਮਾਲਕ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ!
ਮਹਾਰਾਸ਼ਟਰ ਦੇ ਪਾਲਘਰ ’ਚ ਭਾਜਪਾ ’ਚ ਵਾਪਸੀ ਕਰਨ ਵਾਲੀਆਂ ਆਦਿਵਾਸੀ ਔਰਤ ‘ਪ੍ਰਚਾਰਕਾਂ’ ਨੂੰ ਉਨ੍ਹਾਂ ਦੇ ਇਲਾਕੇ ’ਚ ਮੋਦੀ ਦੀ ਫੋਟੋ ਵਾਲੀਆਂ ਸਾੜ੍ਹੀਆਂ ਅਤੇ ਸ਼ਾਪਿੰਗ ਬੈਗ ਦਿੱਤੇ ਗਏ, ਜ਼ਾਹਿਰ ਤੌਰ ’ਤੇ ਇਹ ਐਲਾਨ ਕਰਨ ਦੇ ਲਾਲਚ ਵਜੋਂ ਕਿ ਉਹ ਰੋਜ਼ਗਾਰ ਚਾਹੁੰਦੀਆਂ ਹਨ, ਨਾ ਕਿ ਸਾੜ੍ਹੀਆਂ ਜਾਂ ਸ਼ਾਪਿੰਗ ਬੈਗ।
ਕੇਰਲ ’ਚ ਇਡੁੱਕੀ ਦੇ ਕੈਥੋਲਿਕ ਆਰਕਬਿਸ਼ਪ ਨੇ ਫਿਲਮ ‘ਦਿ ਕੇਰਲਾ ਸਟੋਰੀ’ ਦੀ ਜਨਤਕ ਸਕ੍ਰੀਨਿੰਗ ਦਾ ਸਮਰਥਨ ਕੀਤਾ, ਜਿਸ ਵਿਚ ‘ਲਵ ਜੇਹਾਦ’ ਵਿਚ ਸ਼ਾਮਲ ਉਸ ਦੇ ਸੂਬੇ ਦੀਆਂ ਚਾਰ ਇਸਾਈ ਕੁੜੀਆਂ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਨੂੰ ਨਾ ਸਿਰਫ ਇਸਲਾਮ ਧਰਮ ’ਚ ਲਿਆਂਦਾ ਗਿਆ ਸਗੋਂ ਸੀਰੀਆ ਵਿਚ ਆਈ. ਐੱਸ. ਆਈ. ਐੱਸ. ਵਿਚ ਸ਼ਾਮਲ ਹੋ ਗਈਅਾਂ ਜਿੱਥੇ ਉਨ੍ਹਾਂ ਦੇ ਪਤੀ ‘ਕਾਫਿਰਾਂ’ ਨਾਲ ਲੜ ਰਹੇ ਸਨ।
ਭਾਰਤ ਵਰਗੇ ਬਹੁ-ਧਰਮੀ ਦੇਸ਼ ਵਿਚ ਮੁਸਲਿਮ, ਹਿੰਦੂ ਅਤੇ ਇਸਾਈ ਲੜਕੇ-ਲੜਕੀਆਂ ਵਿਚਕਾਰ ਇਸ਼ਕ ਦੀਆਂ ਘਟਨਾਵਾਂ ਅਟੱਲ ਹਨ। ਸੰਘ ਪਰਿਵਾਰ ਨੇ ਅਜਿਹੇ ਵਿਆਹਾਂ ਦੀ ਆਲੋਚਨਾ ਕਰਦੇ ਹੋਏ ਇਨ੍ਹਾਂ ਨੂੰ ‘ਲਵ ਜੇਹਾਦ’ ਦਾ ਮਾਮਲਾ ਦੱਸਿਆ ਹੈ। ਮੈਂ ਕਈ ਮੁਸਲਿਮ ਔਰਤਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਹਿੰਦੂ ਜਾਂ ਇਸਾਈ ਮਰਦਾਂ ਨਾਲ ਵਿਆਹ ਕੀਤਾ ਹੈ।
ਸ਼ਾਇਦ ਕੁੜੀਆਂ ਦੇ ਮਾਪਿਆਂ ਨੂੰ ਛੱਡ ਕੇ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ। ਮੁੱਖ ਤੌਰ ’ਤੇ ਵਿਰੋਧ ਤਦ ਸੁਣਨ ਨੂੰ ਮਿਲਦਾ ਹੈ ਜਦ ਹਿੰਦੂ ਕੁੜੀਆਂ ਮੁਸਲਿਮ ਲੜਕਿਆਂ ਨਾਲ ਵਿਆਹ ਕਰਦੀਅਾਂ ਹਨ। ‘ਦਿ ਕੇਰਲਾ ਸਟੋਰੀ’ ਦੀਆਂ ਕੁੜੀਆਂ ਇਸਾਈ ਸਨ।
ਕੇਰਲ ਦੀਆਂ ਕੁੜੀਆਂ ਅਤੇ ਉਨ੍ਹਾਂ ਦੇ ਮੁਸਲਿਮ ਲਾੜਿਆਂ ਨੂੰ ਗੈਰ-ਕਾਨੂੰਨੀ ਆਈ. ਐੱਸ. ਆਈ. ਐੱਸ. ਵਿਚ ਸ਼ਾਮਲ ਕਰਨਾ ਬਿਨਾਂ ਸ਼ੱਕ ਇਕ ਗੰਭੀਰ ਮਾਮਲਾ ਹੈ। ਇਹ ਸੱਚਮੁੱਚ ਪਾਪ ਹੈ। ਜੇਕਰ ਇਹ ਬੁਰਾ ਦ੍ਰਿਸ਼ਟੀਕੋਣ ਮੌਜੂਦ ਨਹੀਂ ਹੈ, ਤਾਂ ਇਕ ਆਦਮੀ ਅਤੇ ਇਕ ਔਰਤ ਵਿਚਕਾਰ ਪਿਆਰ ’ਚ ਸਿਰਫ਼ ਇਸ ਆਧਾਰ ’ਤੇ ਦਖਲ ਨਹੀਂ ਦੇਣਾ ਚਾਹੀਦਾ ਕਿ ਉਹ ਵੱਖੋ-ਵੱਖਰੇ ਧਰਮਾਂ ਨਾਲ ਸਬੰਧਤ ਹਨ।
ਕੇਰਲ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਏ. ਕੇ. ਐਂਟਨੀ, ਜੋ ਬਾਅਦ ਵਿਚ ਭਾਰਤ ਦੇ ਰੱਖਿਆ ਮੰਤਰੀ ਬਣੇ, ਦਾ ਇਕ ਪੁੱਤਰ ਹੈ ਜੋ ਭਾਜਪਾ ਵਿਚ ਸ਼ਾਮਲ ਹੋ ਗਿਆ ਹੈ ਅਤੇ ਭਗਵਾ ਪਾਰਟੀ ਦੀ ਟਿਕਟ ’ਤੇ ਲੋਕ ਸਭਾ ਚੋਣਾਂ ਲੜ ਰਿਹਾ ਹੈ। ਏ. ਕੇ. ਐਂਟਨੀ ਆਪਣੀ ਇਮਾਨਦਾਰੀ ਅਤੇ ਵਫਾਦਾਰੀ ਲਈ ਜਾਣੇ ਜਾਂਦੇ ਸਨ। ਉਨ੍ਹਾਂ ਨੇ ਜਨਤਕ ਤੌਰ ’ਤੇ ਐਲਾਨ ਕੀਤਾ ਕਿ ਉਹ ਆਪਣੇ ਪੁੱਤਰ ਦੀ ਹਾਰ ਦੀ ਕਾਮਨਾ ਕਰਦਾ ਹੈ। ਇਕ ਅਜਿਹੇ ਦੇਸ਼ ਵਿਚ ਜਿੱਥੇ ਸਿਆਸਤ ਇਕ ਪਰਿਵਾਰਕ ਕਿੱਤਾ ਬਣ ਗਿਆ ਹੈ ਅਤੇ ਜਿੱਥੇ ਸਿਆਸਤਦਾਨ ਆਪਣੇ ਪੁੱਤਰ ਜਾਂ ਧੀ ਲਈ ਟਿਕਟਾਂ ਦੀ ਮੰਗ ਕਰਦੇ ਹਨ, ਇਕ ਪਿਤਾ ਵਲੋਂ ਆਪਣੇ ਪੁੱਤਰ ਨੂੰ ਤਿਆਗ ਦੇਣਾ ਇਕ ਦੁਰਲੱਭ ਘਟਨਾ ਹੈ।
ਸਾਡੇ ਪ੍ਰਧਾਨ ਮੰਤਰੀ ਹਰ ਰੋਜ਼ ਆਪਣੇ ਵਿਰੋਧੀਆਂ ਵਿਰੁੱਧ ਬਿਆਨ ਦਿੰਦੇ ਹਨ, ਕਈ ਵਾਰ ਦਿਨ ਵਿਚ ਇਕ ਤੋਂ ਵੱਧ ਜਾਂ ਦੋ ਵਾਰ ਵੀ। ਆਮ ਤੌਰ ’ਤੇ ਉਹ ਉਨ੍ਹਾਂ ’ਤੇ ਅਤੇ ਉਨ੍ਹਾਂ ਦੀਆਂ ਪਾਰਟੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹਨ। ਉਹ ਬਦਲੇ ਵਿਚ ਭਾਜਪਾ ’ਤੇ ਵੀ ਇਸੇ ਬੁਰਾਈ ਦਾ ਦੋਸ਼ ਲਗਾਉਂਦੇ ਹਨ। ਇੱਥੇ, ਸੱਤਾ ਵਿਚ ਰਹਿਣ ਵਾਲੀ ਪਾਰਟੀ ਡਰਾਈਵਰ ਦੀ ਸੀਟ ’ਤੇ ਹੈ। ਇਸ ਨਾਲ ਵਿਰੋਧੀ ਪਾਰਟੀਆਂ ਲਈ ਚੋਣਾਂ ਲੜਨ ਲਈ ਫੰਡ ਇਕੱਠਾ ਕਰਨਾ ਬੇਹੱਦ ਮੁਸ਼ਕਲ ਹੋ ਸਕਦਾ ਹੈ। ਭਾਜਪਾ ਤੀਜੇ ਕਾਰਜਕਾਲ ਦੀ ਮੰਗ ਕਰਨ ਲਈ ਆਪਣੇ ਸਿਖਰਲੇ ਸਥਾਨ ਦੀ ਵਰਤੋਂ ਕਾਫ਼ੀ ਉਦਾਰਤਾ ਨਾਲ ਕਰਦੀ ਹੈ।
ਪਰ ਪ੍ਰਧਾਨ ਮੰਤਰੀ ਹੁਣ ਭ੍ਰਿਸ਼ਟਾਚਾਰ ਤੋਂ ਅੱਗੇ ਨਿਕਲ ਗਏ ਹਨ ਅਤੇ ਇਕ ਅਜਿਹੇ ਖੇਤਰ ਵਿਚ ਦਾਖਲ ਹੋ ਗਏ ਹਨ ਜਿੱਥੇ ਉਨ੍ਹਾਂ ਨੂੰ ਕਾਨੂੰਨ ਦੁਆਰਾ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ। ਚੋਣ ਪ੍ਰਚਾਰ ਦੌਰਾਨ ਧਰਮ ਦਾ ਜ਼ਿਕਰ ਕਰਨਾ ਹੱਦ ਤੋਂ ਬਾਹਰ ਹੈ। ਮੋਦੀ ਵਰਗੇ ਚਲਾਕ ਸਿਆਸਤਦਾਨਾਂ ਵਲੋਂ ਅਸਿੱਧੇ ਹਵਾਲੇ ਚਲਾਕੀ ਨਾਲ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਜਨਵਰੀ ਵਿਚ ਅਯੁੱਧਿਆ ਵਿਚ ਰਾਮ ਜਨਮ ਭੂਮੀ ਮੰਦਰ ਦੇ ਉਦਘਾਟਨ ਮੌਕੇ ਕਾਂਗਰਸ ਦੀ ਗੈਰ-ਹਾਜ਼ਰੀ ਲਈ ਆਲੋਚਨਾ ਕੀਤੀ।
ਇਹ ਉਨ੍ਹਾਂ ਦੀ ਚਤੁਰਾਈ ਸੀ। ਉਹ ਆਪਣੇ ਦਿਲ ਵਿਚ ਜਾਣਦੇ ਸਨ ਕਿ ਮੰਦਰ ਦਾ ਉਦਘਾਟਨ ਸ਼ੰਕਰਾਚਾਰੀਆ ਦੇ ਹੱਥੋਂ ਨਹੀਂ, ਸਗੋਂ ਖੁਦ ਮੰਦਰ ਦਾ ਉਦਘਾਟਨ ਕਰ ਕੇ ਉਹ ਪ੍ਰਭਾਵਸ਼ਾਲੀ ਢੰਗ ਨਾਲ ਇਹ ਯਕੀਨੀ ਬਣਾਉਣਗੇ ਕਿ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਦੂਰ ਰਹਿਣਗੇ ਅਤੇ ‘ਦੂਰ ਰਹੋ’ ਇਹੀ ਉਨ੍ਹਾਂ ਨੇ ਕੀਤਾ। ਇਸ ਨਾਲ ਮੋਦੀ ਨੂੰ ਉਸ ਮੁੱਦੇ ’ਤੇ ਉਨ੍ਹਾਂ ਨੂੰ ਝਿੜਕਣ ਦਾ ਮੌਕਾ ਮਿਲਿਆ ਜੋ ਹਿੰਦੂ ਜਨਤਾ ਦਰਮਿਅਾਨ ਗੂੰਜਦਾ ਰਹੇਗਾ।
ਪਿਛਲੇ ਹਫ਼ਤੇ ਮੋਦੀ ਨੇ ਆਪਣੇ ਵਿਰੋਧੀਆਂ ਨੂੰ ਹਰਾਉਣ ਲਈ ਇਕ ਹੋਰ ਡੰਡਾ ਵਰਤਿਆ। ਉਨ੍ਹਾਂ ਨੇ ਲਾਲੂ ਯਾਦਵ ਦੇ ਬੇਟੇ ਤੇਜਸਵੀ ਦੁਆਰਾ ਮੂਰਖਾਨਾ ਢੰਗ ਨਾਲ ਪੋਸਟ ਕੀਤੀ ਇਕ ਵੀਡੀਓ ’ਤੇ ਹਮਲਾ ਕੀਤਾ, ਜਿਸ ਵਿਚ ਉਹ ਅਤੇ ਉਸ ਦੇ ਪਿਤਾ ਪਟਨਾ ਵਿਚ ਪਰਿਵਾਰਕ ਰਸੋਈ ਵਿਚ ਮੀਟ ਬਣਾਉਂਦੇ ਦਿਸ ਰਹੇ ਹਨ। ਪਿਤਾ-ਪੁੱਤਰ ਦੇ ਰਸੋਈ ਹੁਨਰ ਦੀ ਗਵਾਹੀ ਦੇਣ ਵਾਲਾ ਕੋਈ ਹੋਰ ਨਹੀਂ ਬਲਕਿ ਮੋਦੀ ਦੇ ਕੱਟੜ ਵਿਰੋਧੀ ਰਾਹੁਲ ਗਾਂਧੀ ਸਨ!
ਮੋਦੀ ਨੇ ‘ਸ਼੍ਰਾਵਣ’ ਦੇ ਪਵਿੱਤਰ ਮਹੀਨੇ ਦੌਰਾਨ ‘ਨਾਨ-ਵੈੱਜ’ ਭੋਜਨ ਖਾਣ ਲਈ ਤਿੰਨਾਂ ਦੀ ਆਲੋਚਨਾ ਕੀਤੀ, ਜਦੋਂ ਸ਼ਰਧਾਵਾਨ ਹਿੰਦੂ ਮਾਸ, ਮੱਛੀ ਅਤੇ ਆਂਡੇ ਵਰਗੇ ਹੋਰ ਮਾਸਾਹਾਰੀ ਭੋਜਨ ਦਾ ਤਿਆਗ ਕਰਦੇ ਹਨ। ਉਨ੍ਹਾਂ ਨੇ ਸਪੱਸ਼ਟ ਹਿਸਾਬ ਲਗਾਇਆ ਕਿ ਪਵਿੱਤਰ ਹਿੰਦੂ ਵੋਟ ਉਨ੍ਹਾਂ ਦੇ ਖੇਮੇ ਵਿਚ ਤਬਦੀਲ ਹੋ ਜਾਵੇਗੀ, ਇਹ ਭੁੱਲ ਗਏ ਕਿ ਉਹ ਵੋਟ ਉਨ੍ਹਾਂ ਨੂੰ ਚੁਣਨ ਲਈ ਪਹਿਲਾਂ ਹੀ ਮੌਜੂਦ ਸੀ। ਮਾਸ ਖਾਣ ਵਾਲਿਆਂ ਪ੍ਰਤੀ ਮੋਦੀ ਦੀ ਨਫ਼ਰਤ ਦਾ ਅਸਰ ਗੁਜਰਾਤ ਦੇ ਲੋਕਾਂ ’ਤੇ ਵੀ ਪਵੇਗਾ। ਮੋਦੀ ਦੇ ਗ੍ਰਹਿ ਸੂਬੇ ਵਿਚ ਸ਼ਾਕਾਹਾਰੀ ਲੋਕਾਂ ਦੀ ਬਹੁਤਾਤ ਹੈ। ਭਾਰਤ ਦਾ ਇਹ ਇਕੋ-ਇਕ ਸੂਬਾ ਹੈ ਜਿੱਥੇ ਜ਼ਿਆਦਾਤਰ ਲੋਕ ਮੀਟ ਜਾਂ ਮੱਛੀ ਨਹੀਂ ਖਾਂਦੇ। ਮੇਰੇ ਜੱਦੀ ਸੂਬੇ ਗੋਆ ਦੇ ਸਥਾਨਕ ਸਾਰਸਵਤ ਬ੍ਰਾਹਮਣ ਬੰਗਾਲ ਦੇ ਬ੍ਰਾਹਮਣਾਂ ਵਾਂਗ ਮੱਛੀ ਖਾਣ ਦੇ ਸ਼ੌਕੀਨ ਹਨ।
ਮੋਦੀ ਨੂੰ ਭ੍ਰਿਸ਼ਟਾਚਾਰ ਦੇ ਉਸ ਦੋਸ਼ ’ਤੇ ਡਟੇ ਰਹਿਣਾ ਚਾਹੀਦਾ ਹੈ ਜੋ ਉਹ ਆਪਣੇ ਵਿਰੋਧੀਆਂ ’ਤੇ ਲਗਾਉਂਦੇ ਰਹਿੰਦੇ ਹਨ। ਲੋਕ ਇਸ ਦੋਸ਼ ਨੂੰ ਸੱਚ ਮੰਨਦੇ ਹਨ।
ਜੂਲੀਓ ਰਿਬੈਰੋ (ਸਾਬਕਾ ਡੀ.ਜੀ.ਪੀ. ਪੰਜਾਬ ਅਤੇ ਸਾਬਕਾ ਆਈ.ਪੀ.ਐੱਸ. ਅਧਿਕਾਰੀ)