ਦਲਵੀਰ ਗੋਲਡੀ ਦੇ ਸਮਰਥਨ ਤੋਂ ਬਾਅਦ ਸੁਖਪਾਲ ਖਹਿਰਾ ਨੇ ਕੀਤੀ ਤਾਰੀਫ਼, ਕਿਹਾ- ''ਮੈਂ ਤੁਹਾਡੇ ਜਜ਼ਬੇ ਦੀ...''
Wednesday, Apr 17, 2024 - 02:39 AM (IST)
ਜਲੰਧਰ (ਵੈੱਬਡੈਸਕ)- ਬੀਤੇ ਦਿਨੀਂ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਲੋਕ ਸਭਾ ਉਮੀਦਵਾਰਾਂ ਦੀ ਲਿਸਟ 'ਚ ਪਾਰਟੀ ਨੇ ਸੰਗਰੂਰ ਹਲਕੇ ਤੋਂ ਸੁਖਪਾਲ ਸਿੰਘ ਖਹਿਰਾ ਨੂੰ ਟਿਕਟ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਸੰਗਰੂਰ ਦੇ ਧੂਰੀ ਹਲਕੇ ਤੋਂ ਵਿਧਾਇਕ ਰਹਿ ਚੁੱਕੇ ਕਾਂਗਰਸ ਦੇ ਦਲਬੀਰ ਗੋਲਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਲਾਈਵ ਆ ਕੇ ਨਾਰਾਜ਼ਗੀ ਜਤਾਈ ਸੀ ਕਿ ਪਾਰਟੀ ਵੱਲੋਂ ਵਾਰ-ਵਾਰ ਉਨ੍ਹਾਂ ਨੂੰ ਟਿਕਟ ਦੇਣ ਦੀ ਗੱਲ ਕਹੀ ਗਈ, ਪਰ ਮੌਕੇ 'ਤੇ ਆ ਕੇ ਉਨ੍ਹਾਂ ਨੂੰ ਅਣਦੇਖਾ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਸੀ ਕਿ ਉਹ ਕਿੰਨੇ ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਹਨ, ਪਰ ਪਾਰਟੀ ਨੇ ਉਨ੍ਹਾਂ ਨੂੰ ਛੱਡ ਕੇ ਜਿਨ੍ਹਾਂ ਉਮੀਦਵਾਰਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਸੀ, ਉਹ ਸਭ ਹੁਣ ਪਾਰਟੀ ਛੱਡ ਕੇ ਦੂਜੀਆਂ ਪਾਰਟੀਆਂ 'ਚ ਸ਼ਾਮਲ ਹੋ ਚੁੱਕੇ ਹਨ। ਪਰ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਕਾਂਗਰਸ ਨਾਲ ਜੁੜੇ ਰਹੇ ਹਨ ਤੇ ਅੱਗੇ ਵੀ ਜੁੜੇ ਰਹਿਣਗੇ। ਅੰਤ 'ਚ ਉਨ੍ਹਾਂ ਪਾਰਟੀ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਦੇ ਲਈ ਸੁਖਪਾਲ ਸਿੰਘ ਖਹਿਰਾ ਨਾਲ ਵਧ-ਚੜ੍ਹ ਕੇ ਪ੍ਰਚਾਰ ਕਰਨਗੇ ਤੇ ਸੰਗਰੂਰ ਪਾਰਟੀ ਦੇ ਇਸ ਫੈਸਲੇ ਅਤੇ ਸੁਖਪਾਲ ਖਹਿਰਾ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰੇਗਾ।
ਗੋਲਡੀ ਦੇ ਇਸ ਬਿਆਨ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰ ਕੇ ਗੋਲਡੀ ਦੀ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਗੋਲਡੀ ਨੇ ਪਾਰਟੀ ਲਈ ਜੋ ਵਚਨਬੱਧਤਾ ਦਿਖਾਈ ਹੈ, ਉਹ ਵਾਕਈ ਕਾਬਿਲ-ਏ-ਤਾਰੀਫ਼ ਹੈ।
ਹਾਲਾਂਕਿ ਗੋਲਡੀ ਸੰਗਰੂਰ ਇਲਾਕੇ ਤੋਂ ਬਹੁਤ ਮਜ਼ਬੂਤ ਮੁਕਾਬਲੇਬਾਜ਼ ਹਨ, ਇਸ ਦੇ ਬਾਵਜੂਦ ਉਨ੍ਹਾਂ ਨੇ ਖਹਿਰਾ ਲਈ ਚੋਣ ਪ੍ਰਚਾਰ ਸ਼ੁਰੂ ਕਰਨ ਦਾ ਜੋ ਜਜ਼ਬਾ ਦਿਖਾਇਆ ਹੈ, ਉਸ ਦੇ ਲਈ ਉਹ ਤਾਰੀਫ਼ ਦੇ ਪਾਤਰ ਹਨ। ਖਹਿਰਾ ਨੇ ਅੱਗੇ ਕਿਹਾ ਕਿ ਗੋਲਡੀ ਦਾ ਇਹ ਕਦਮ ਉਨ੍ਹਾਂ ਦੀ ਪਾਰਟੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਹੀ ਨਹੀਂ, ਖਹਿਰਾ ਨੇ ਗੋਲਡੀ ਦੀ ਲਾਈਵ ਵੀਡੀਓ 'ਤੇ ਵੀ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਸੀ। ਉਨ੍ਹਾਂ ਲਿਖਿਆ ਸੀ, ''ਗੋਲਡੀ, ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ ਕਿਉਂਕਿ ਮੇਰੀ ਸਾਰੀ ਜ਼ਿੰਦਗੀ ਸੰਘਰਸ਼ 'ਚ ਗੁਜ਼ਰੀ ਹੈ। ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ ਤੁਸੀਂ ਮੇਰੇ ਪੁੱਤਰ ਮਹਿਤਾਬ ਵਰਗੇ ਹੋ ਤੇ ਮੈਂ ਹਮੇਸ਼ਾ ਚਾਹਾਂਗਾ ਕਿ ਤੁਸੀਂ ਠੀਕ ਰਹੋ। ਮੈਂ ਕਦੇ ਵੀ ਪਾਰਟੀ ਨੂੰ ਇਹ ਨਹੀਂ ਕਿਹਾ ਸੀ ਕਿ ਮੈਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾਵੇ, ਪਰ ਜੇਕਰ ਹੁਣ ਪਾਰਟੀ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਤਾਂ ਮੈਂ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਇਸ ਲਈ ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ਭਲਕੇ ਮੈਂ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਤੁਹਾਨੂੰ ਮਿਲਣ ਤੁਹਾਡੇ ਘਰ ਆ ਰਿਹਾ ਹਾਂ ਤਾਂ ਜੋ ਆਪਾਂ ਆਪਣੀ ਪ੍ਰਚਾਰ ਮੁਹਿੰਮ ਸ਼ੁਰੂ ਕਰ ਸਕੀਏ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e