ਲੋਕ ਅਕਾਲੀ-ਭਾਜਪਾ ਤੇ ਕਾਂਗਰਸ ਦੀਆਂ ਲੂੰਬੜਚਾਲਾਂ ''ਚ ਨਹੀਂ ਆਉਣਗੇ : ਕਾਕਾ ਬਰਾੜ

10/09/2017 7:54:06 AM

ਸ੍ਰੀ ਮੁਕਤਸਰ ਸਾਹਿਬ  (ਦਰਦੀ) - ਲੋਕਾਂ ਨੂੰ ਝੂਠੇ ਸੁਪਨੇ ਦਿਖਾ ਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਨੇ ਆਉਂਦਿਆਂ ਹੀ ਲੋਕ ਭਲਾਈ ਸਕੀਮਾਂ 'ਤੇ ਬਰੇਕਾਂ ਲਗਾ ਦਿੱਤੀਆਂ ਤੇ ਹੁਣ ਕਾਂਗਰਸ ਲੀਡਰਸ਼ਿਪ ਵੱਲੋਂ ਗੁਰਦਾਸਪੁਰ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸੁਪਨੇ ਦਿਖਾਏ ਜਾ ਰਹੇ ਹਨ ਪਰ ਲੋਕਾਂ ਵੱਲੋਂ ਕਾਂਗਰਸ ਦੇ ਕਾਰਜਕਾਲ ਨੂੰ ਦੇਖਦਿਆਂ ਕਾਫੀ ਸਮਾਂ ਹੋ ਗਿਆ ਤੇ ਹੁਣ ਲੋਕ ਇਨ੍ਹਾਂ ਦੀਆਂ ਲੂੰਬੜਚਾਲਾਂ 'ਚ ਨਹੀਂ ਆਉਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਗਦੀਪ ਸਿੰਘ 'ਕਾਕਾ ਬਰਾੜ' ਨੇ ਗੁਰਦਾਸਪੁਰ ਤੋਂ ਲੋਕ ਸਭਾ ਦੀ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਨਰਲ ਸੁਰੇਸ਼ ਕੁਮਾਰ ਖਜੂਰੀਆ ਦੇ ਹੱਕ 'ਚ ਡੋਰ ਟੂ ਡੋਰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕੀਤਾ। ਇਸ ਮੌਕੇ ਪਾਰਟੀ ਵੱਲੋਂ ਦਿੱਲੀ 'ਚ ਕੀਤੇ ਜਾ ਰਹੇ ਕੰਮ ਤੇ ਲੋਕ ਸਭਾ ਸੀਟ ਜਿੱਤਣ ਤੋਂ ਬਾਅਦ ਹਲਕੇ 'ਚ ਕੀਤੇ ਜਾਣ ਵਾਲੇ ਕੰਮਾਂ ਦੇ ਪੰਫਲੇਟ ਵੀ ਵੋਟਰਾਂ ਨੂੰ ਵੰਡੇ ਗਏ।
ਕਾਕਾ ਬਰਾੜ ਨੇ ਕਿਹਾ ਕਿ ਕਾਂਗਰਸ ਵੱਲੋਂ ਵਿਧਾਨ ਸਭਾ ਚੋਣਾਂ 'ਚ ਕੀਤੇ ਵਾਅਦਿਆਂ 'ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਪਹਿਲਾਂ 10 ਸਾਲ ਪੰਜਾਬ ਦੀ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਕੁੱਟਿਆ ਤੇ ਹੁਣ ਕਾਂਗਰਸ ਸਰਕਾਰ ਵੀ ਉਸੇ ਰਾਹ 'ਤੇ ਤੁਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ 'ਆਪ' ਉਮੀਦਵਾਰ ਖਜੂਰੀਆ ਨੇ ਪਹਿਲਾਂ ਆਪਣੇ ਦੇਸ਼ ਦੀ ਸੇਵਾ ਕੀਤੀ ਤੇ ਹੁਣ ਉਹ ਰਾਜਨੀਤੀ 'ਚ ਫੈਲੀ ਗੰਦਗੀ ਨੂੰ ਸਾਫ ਕਰ ਕੇ ਆਪਣੇ ਹਲਕੇ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਆਪਣੇ ਹਲਕੇ ਦੇ ਵਿਅਕਤੀ ਨੂੰ ਜ਼ਰੂਰ ਅਜ਼ਮਾ ਕੇ ਦੇਖਣ। ਇਸ ਮੌਕੇ ਅਰਸ਼ ਬਰਾੜ, ਮਿਲਾਪਜੀਤ ਗਿੱਲ, ਜਗਮੀਤ ਸਿੰਘ, ਅੰਗਰੇਜ ਸਿੰਘ, ਅੰਮ੍ਰਿਤ ਸਿੰਘ ਆਦਿ ਹਾਜ਼ਰ ਸਨ।


Related News