ਵੱਡੀ ਖ਼ਬਰ: ਗੋਲਡੀ ਬਰਾੜ ਦੀ ਲਾਰੈਂਸ ਬਿਸ਼ਨੋਈ ਨੂੰ ਸਿੱਧੀ ਧਮਕੀ!
Saturday, Dec 06, 2025 - 07:06 PM (IST)
ਚੰਡੀਗੜ੍ਹ: ਚੰਡੀਗੜ੍ਹ ਵਿਚ ਇੰਦਰਜੀਤ ਸਿੰਘ ਪੈਰੀ ਦੇ ਕਤਲ ਤੋਂ ਬਾਅਦ, ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਨੂੰ ਸਿੱਧੀ ਧਮਕੀ ਦੇ ਦਿੱਤੀ ਹੈ। ਇਸ ਸਬੰਧੀ ਗੋਲਡੀ ਬਰਾੜ ਦਾ ਇਕ ਛੇ ਮਿੰਟ ਦਾ ਵੌਇਸ ਨੋਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਹਾਲਾਂਕਿ 'ਜਗ ਬਾਣੀ' ਇਸ ਵੌਇਸ ਨੋਟ ਦੀ ਪੁਸ਼ਟੀ ਨਹੀਂ ਕਰਦਾ ਤੇ ਇਹ ਪੁਲਸ ਜਾਂਚ ਦਾ ਵਿਸ਼ਾ ਹੈ।
ਇਸ ਵੌਇਸ ਨੋਟ ਵਿਚ ਗੋਲਡੀ ਬਰਾੜ ਨੇ ਲਾਰੈਂਸ ਬਿਸ਼ਨੋਈ ਨੂੰ ਕਿਹਾ ਕਿ ਉਸ ਨੇ ਪੈਰੀ ਦਾ ਕਤਲ ਕਰਵਾ ਕੇ "ਆਪਣੀ ਮੌਤ ਦੇ ਕਾਗਜ਼ਾਂ 'ਤੇ ਸਾਈਨ ਕਰ ਲਏ ਹਨ," ਅਤੇ ਕੁਦਰਤ ਗੱਦਾਰੀ ਦੀ ਸਜ਼ਾ ਜ਼ਰੂਰ ਦੇਵੇਗੀ। ਗੋਲਡੀ ਨੇ ਲਾਰੈਂਸ ਨੂੰ ਗਲਤਫਹਿਮੀ ਦਾ ਸ਼ਿਕਾਰ ਦੱਸਿਆ ਹੈ। ਗੋਲਡੀ ਨੇ ਲਾਰੈਂਸ ਨੂੰ ਕਿਹਾ ਕਿ ਉਹ ਉਸ ਵਾਂਗ ਨਹੀਂ ਹੈ, ਜੋ ਪਹਿਲਾਂ "ਮਿੱਠੀਆਂ ਮਿੱਠੀਆਂ ਗੱਲਾਂ" ਕਰਕੇ ਕਿਸੇ ਨੂੰ ਘਰ ਬੁਲਾ ਲਵੇ, ਕਿਉਂਕਿ ਦੋਸਤ ਬਣ ਕੇ ਕਿਸੇ ਨੂੰ ਮਾਰਨਾ ਸਹੀ ਨਹੀਂ। ਉਸਨੇ ਇਹ ਵੀ ਕਿਹਾ ਕਿ ਜਿੰਨੇ ਵੀ ਲੋਕਾਂ ਦੇ ਕੰਮ ਉਨ੍ਹਾਂ ਦੇ ਹੱਥੋਂ ਹੋਏ ਹਨ, ਉਨ੍ਹਾਂ ਨੂੰ ਪਹਿਲਾਂ ਦੱਸ ਦਿੱਤਾ ਗਿਆ ਸੀ ਕਿ ਉਹ ਉਨ੍ਹਾਂ ਦਾ ਨੁਕਸਾਨ ਕਰਨਗੇ, ਜਿਵੇਂ ਕਿ ਸੀਪੇ ਨੂੰ ਵੀ ਪਹਿਲਾਂ ਦੱਸ ਦਿੱਤਾ ਗਿਆ ਸੀ। ਗੋਲਡੀ ਨੇ ਲਾਰੈਂਸ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਛੇਤੀ ਡੁੱਬੇਗਾ।
ਪੈਰੀ ਦੇ ਕਤਲ ਬਾਰੇ ਖੁਲਾਸੇ
ਗੋਲਡੀ ਬਰਾੜ ਨੇ ਵੌਇਸ ਨੋਟ ਵਿਚ ਇੰਦਰਜੀਤ ਪੈਰੀ ਦੇ ਕਤਲ ਦੀਆਂ ਕਈ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ। ਗੋਲਡੀ ਨੇ ਦੱਸਿਆ ਕਿ ਲਾਰੈਂਸ ਨੇ ਪੈਰੀ ਨੂੰ ਯਕੀਨ ਦਿਵਾਇਆ ਕਿ ਉਸ ਨੇ ਸਿੱਧੀ ਗੱਲ ਕਰਨੀ ਹੈ, ਅਤੇ ਉਸ ਨੂੰ ਸੈਕਟਰ 10 ਜਾਂ 26 ਜਾਣ ਲਈ ਕਿਹਾ, ਜਿੱਥੇ ਇਕ ਲੜਕਾ ਉਸ ਨੂੰ ਫੋਨ ਦੇਣ ਆਵੇਗਾ। ਲਾਰੈਂਸ ਨੇ ਪੈਰੀ ਨਾਲ ਲਗਭਗ ਇੱਕ ਘੰਟਾ ਗੱਲ ਕੀਤੀ ਅਤੇ ਉਸ ਨੂੰ ਭਰੋਸੇ ਵਿਚ ਲੈ ਲਿਆ। ਪੈਰੀ ਨਿਹੱਥਾ ਉੱਥੇ ਗਿਆ ਅਤੇ ਜਿਹੜਾ ਲੜਕਾ ਉਸ ਨੂੰ ਫੋਨ ਦੇਣ ਆਇਆ, ਉਹ ਉਸ ਦੇ ਨਾਲ ਹੀ ਕਾਰ ਦੀ ਸੀਟ 'ਤੇ ਬੈਠਾ ਸੀ। ਉਸ ਲੜਕੇ ਨੇ ਪੈਰੀ ਦੇ ਪੇਟ ਵਿਚ ਗੋਲੀਆਂ ਮਾਰੀਆਂ ਅਤੇ ਦੋ ਗੋਲੀਆਂ ਬਾਹਰ ਨਿਕਲ ਕੇ ਮਾਰੀਆਂ।
ਗੋਲਡੀ ਨੇ ਸਪੱਸ਼ਟ ਕੀਤਾ ਕਿ ਲਾਰੈਂਸ ਨੂੰ ਗਲਤਫਹਿਮੀ ਹੈ ਕਿ ਵਿੱਕੀ ਟਹਿਲਾ, ਜਿਸ ਨੂੰ ਧਮਕੀ ਦਿੱਤੀ ਜਾ ਰਹੀ ਹੈ, ਦੁਬਈ ਵਿਚ ਮਾਰੇ ਗਏ ਸੀਪੇ ਦੇ ਕਤਲ ਵਿਚ ਸ਼ਾਮਲ ਹੈ। ਗੋਲਡੀ ਅਨੁਸਾਰ, ਸੀਪੇ ਦੇ ਮਾਮਲੇ ਵਿਚ ਵਿੱਕੀ ਟਹਿਲੇ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਵਿੱਕੀ ਟਹਿਲੇ ਨੇ ਮਨੀ (ਜਿਸ ਕੋਲ ਸੀਪਾ ਠਹਿਰਿਆ ਸੀ) ਨੂੰ ਸਿਰਫ਼ ਇਹ ਦੱਸਿਆ ਸੀ ਕਿ ਸੀਪਾ ਪੁਲਸ ਦਾ ਮੁਖ਼ਬੀਰ ਹੈ।
