ਵਿਧਾਨ ਸਭਾ ਚੋਣਾਂ ''ਚ ਦੂਜੇ ਨੰਬਰ ''ਤੇ ਰਹਿਣ ਵਾਲੀ ''ਆਪ'' ਪਹੁੰਚੀ ਹਾਸ਼ੀਏ ''ਤੇ

09/23/2018 6:52:50 PM

ਜਲੰਧਰ (ਗੁਰਮਿੰਦਰ ਸਿੰਘ) : ਸਾਲ 2017 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਮੁੱਖ ਵਿਰੋਧੀ ਧਿਰ ਦੇ ਰੂਪ ਵਿਚ ਉੱਭਰੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਲੀਹੋਂ ਲੱਥ ਚੁੱਕੀ ਹੈ। ਸੂਬੇ ਵਿਚ 19 ਸਤੰਬਰ ਨੂੰ 22 ਜ਼ਿਲਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸੰਮਤੀਆਂ ਲਈ ਹੋਈਆਂ ਚੋਣਾਂ ਦੇ ਸ਼ਨੀਵਾਰ ਆਏ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਆਲਮ ਇਹ ਹੈ ਕਿ ਜ਼ਿਲਾ ਪ੍ਰੀਸ਼ਦਾਂ ਵਿਚ ਤਾਂ ਆਮ ਆਦਮੀ ਪਾਰਟੀ ਖਾਤਾ ਤਕ ਨਹੀਂ ਖੋਲ੍ਹ ਸਕੀ ਹੈ ਜਦਕਿ ਕੁਝ ਕੁ ਸੰਮਤੀਆਂ 'ਤੇ ਪਾਰਟੀ ਨੂੰ ਜਿੱਤ ਜ਼ਰੂਰ ਮਿਲੀ ਹੈ। ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਿਲਾ ਪ੍ਰੀਸ਼ਦਾਂ 'ਤੇ ਆਮ ਆਦਮੀ ਪਾਰਟੀ ਇਕ ਵੀ ਸੀਟ ਜਿੱਤਣ 'ਚ ਅਸਮਰੱਥ ਰਹੀ ਹੈ ਜਦਕਿ ਪੰਚਾਇਤ ਸੰਮਤੀਆਂ ਵਿਚ 2899 'ਚੋਂ ਸਿਰਫ 20 ਸੰਮਤੀਆਂ 'ਤੇ ਹੀ ਜਿੱਤ ਦਰਜ ਕਰ ਸਕੀ ਹੈ। 

ਗੱਲ ਇਥੇ ਹੀ ਖਤਮ ਨਹੀਂ ਹੁੰਦੀ। ਇਸ ਤੋਂ ਪਹਿਲਾਂ ਹੋਈਆਂ ਜ਼ਿਮਨੀ ਚੋਣਾਂ ਵਿਚ ਵੀ ਪਾਰਟੀ ਦਾ ਸ਼ਰਮਨਾਕ ਪ੍ਰਦਰਸ਼ਨ ਸੀ। ਗੁਰਦਾਸਪੁਰ ਦੀ ਲੋਕ ਸਭਾ ਜ਼ਿਮਨੀ ਚੋਣ ਵਿਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰੇਸ਼ ਖਜੂਰੀਆ ਨੂੰ ਮਹਿਜ਼ 23579 ਵੋਟਾਂ ਨਾਲ ਸਬਰ ਕਰਨਾ ਪਿਆ ਸੀ ਜਦਕਿ ਕਾਂਗਰਸੀ ਉਮੀਦਾਰ ਸੁਨੀਲ ਜਾਖੜ 1.93 ਲੱਖ ਵੋਟਾਂ ਦੇ ਵੱਡੇ ਫਰਕ ਨਾਲ ਜੇਤੂ ਰਹੇ ਸਨ। ਸ਼ਾਹਕੋਟ ਜ਼ਿਮਨੀ ਚੋਣ ਵਿਚ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਮਾੜਾ ਰਿਹਾ, ਜਿੱਥੇ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਨੂੰ ਮਹਿਜ਼ 1900 ਵੋਟਾਂ ਨਾਲ ਸਬਰ ਕਰਨਾ ਪਿਆ ਸੀ। 

ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਵਿਚ ਬੇਅਦਬੀ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਭਾਰੀ ਵਿਰੋਧ ਸਾਹਮਣਾ ਕਰ ਰਿਹਾ ਅਕਾਲੀ ਦਲ ਆਮ ਆਦਮੀ ਪਾਰਟੀ ਤੋਂ ਬਿਹਤਰ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਿਹਾ ਹੈ। ਜ਼ਿਲਾ ਪ੍ਰੀਸ਼ਦ ਵਿਚ 18 ਅਤੇ ਪੰਚਾਇਤ ਸੰਮਤੀਆਂ ਵਿਚ 353 ਸੰਮਤੀਆਂ 'ਤੇ ਜੇਤੂ ਰਿਹਾ ਹੈ।


Related News