ਧਨੇਰ ਦੀ ਸਜ਼ਾ ਮੁਆਫੀ ਲਈ ਮੁੱਖ ਮੰਤਰੀ ਕੋਲ ਪੁੱਜਾ ''ਆਪ'' ਵਿਧਾਇਕਾਂ ਦਾ ਵਫਦ

09/27/2019 6:43:32 PM

ਚੰਡੀਗੜ੍ਹ : ਮਾਲਵੇ ਦਾ ਬਹੁਚਰਚਿਤ ਕਿਰਨਜੀਤ ਕੌਰ ਅਗਵਾ ਤੇ ਕਤਲ ਕਾਂਡ ਮਾਮਲੇ 'ਚ ਇਨਸਾਫ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਦੇ ਆਗੂਆਂ ਨੂੰ ਹੋਈ ਸਜ਼ਾ ਦੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਫਦ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ 'ਚ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪੁੱਜਾ। ਵਫਦ ਵਿਚ ਸ਼ਾਮਲ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਅਤੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਦੱਸਿਆ ਕਿ ਕਰੀਬ 22 ਸਾਲ ਪਹਿਲਾਂ ਵਾਪਰੇ ਮਹਿਲ ਕਲਾਂ ਵਿਖੇ ਕਿਰਨਜੀਤ ਕੌਰ ਅਗਵਾ ਤੇ ਕਤਲ ਕਾਂਡ ਨੂੰ ਲੈ ਕੇ ਇਕ ਐਕਸ਼ਨ ਕਮੇਟੀ ਬਣਾਈ ਗਈ ਸੀ ਜਿਸ ਦੇ ਤਿੰਨ ਆਗੂਆਂ 'ਤੇ ਨਾਜਾਇਜ਼ ਕਤਲ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ। 

'ਆਪ' ਆਗੂਆਂ ਨੇ ਦੱਸਿਆ ਕਿ ਲੰਬੀ ਪ੍ਰਕਿਰਿਆ ਦੌਰਾਨ ਮਾਣਯੋਗ ਹਾਈਕੋਰਟ ਵਲੋਂ ਦਿੱਤੀ ਗਈ ਉਮਰ ਕੈਦ ਰਾਜਪਾਲ ਪੰਜਾਬ ਦੀ ਦਖਲ ਅੰਦਾਜ਼ੀ ਨਾਲ ਦੋ ਆਗੂਆਂ ਦੀ ਸਜ਼ਾ ਮੁਆਫ ਕਰਵਾ ਦਿੱਤੀ ਗਈ ਪਰ ਇਕ ਆਗੂ ਮਨਜੀਤ ਸਿੰਘ ਧਨੇਰ ਦੀ ਸਜ਼ਾ ਅਜੇ ਵੀ ਬਹਾਲ ਹੈ। ਲਿਹਾਜ਼ਾ ਬੀਤੇ ਦਿਨੀਂ ਰਾਜਪਾਲ ਪੰਜਾਬ ਨੂੰ ਮਿਲਣ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਫਾਇਲ ਆ ਜਾਣ 'ਤੇ ਇਸ ਮਾਮਲੇ ਵਿਚ ਤੁਰੰਤ ਬਣਦੀ ਯੋਗ ਕਾਰਵਾਈ ਕੀਤੀ ਜਾਵੇਗੀ। ਇਸ ਦੇ ਮੱਦੇਨਜ਼ਰ ਅੱਜ 'ਆਪ' ਵਿਧਾਇਕਾਂ ਦਾ ਵਫਦ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ 'ਤੇ ਪੁੱਜਾ ਪਰ ਮੁੱਖ ਮੰਤਰੀ ਦੇ ਨਾ ਹੋਣ ਦੀ ਸੂਰਤ ਵਿਚ ਦਫਤਰੀ ਅਮਲੇ ਨਾਲ ਗੱਲਬਾਤ ਕੀਤੀ ਗਈ। ਦਫਤਰੀ ਅਮਲੇ ਵਲੋਂ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਫਾਇਲ ਰਾਜਪਾਲ ਨੂੰ ਜਲਦੀ ਸੌਂਪੇ ਜਾਣ ਦਾ ਭਰੋਸਾ ਦਿਵਾਇਆ ਗਿਆ ਹੈ।


Gurminder Singh

Content Editor

Related News