ਆਸਟਰੇਲੀਆ ਤੋਂ ਮੁੜ ਆਈ ਦੁਖਦਾਈ ਖ਼ਬਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹੋਈ ਮੌਤ
Monday, Feb 20, 2023 - 03:34 PM (IST)
ਗੁਰਦਾਸਪੁਰ (ਗੁਰਪ੍ਰੀਤ ਸਿੰਘ)- ਸਮੁੱਚੇ ਪੰਜਾਬ 'ਚ ਆਏ ਦਿਨ ਵਿਦੇਸ਼ਾਂ 'ਚ ਰਹਿੰਦੇ ਨੌਜਵਾਨ ਬੱਚਿਆਂ ਦੀਆਂ ਮੌਤ ਦੀਆਂ ਖ਼ਬਰਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਪਿੰਡ ਨਾਨੋਵਾਲ ਖੁਰਦ ਤੋਂ ਸਾਹਮਣੇ ਆਇਆ ਹੈ। ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਆਸਟਰੇਲੀਆ 'ਚ ਮੌਤ ਹੋ ਗਈ ਹੈ। 24 ਸਾਲ ਦੇ ਅੰਮ੍ਰਿਤਪਾਲ ਸਿੰਘ 2017 'ਚ ਉੱਚ ਸਿੱਖਿਆ ਲਈ ਆਸਟਰੇਲੀਆ ਦੇ ਸ਼ਹਿਰ ਪਰਥ 'ਚ ਗਿਆ ਸੀ। ਜਿੱਥੇ ਹੁਣ ਉਹ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਟ 'ਤੇ ਕੰਮ ਕਰ ਰਿਹਾ ਸੀ।
ਇਹ ਵੀ ਪੜ੍ਹੋ- ਗੁਰਦੁਆਰਾ ਪਾਤਸ਼ਾਹੀ ਛੇਵੀਂ ਦੀ ਗੋਲਕ ਨੂੰ ਜਬਰੀ ਜਿੰਦਰੇ ਲਗਾਉਣ 'ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਤਿੱਖੀ ਪ੍ਰਤੀਕਿਰਿਆ
ਇਹ ਸੂਚਨਾ ਮਿਲਣ 'ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਅਤੇ ਤਾਏ ਰਵਿੰਦਰ ਸਿੰਘ ਨੇ ਦੱਸਿਆ ਕਿ 18 ਫਰਵਰੀ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਕੰਮ ਤੋਂ ਘਰ ਆਇਆ ਤਾਂ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਦੇ ਆਸਟਰੇਲੀਆ ਰਹਿੰਦੇ ਸਪੁੱਤਰ ਮਨਪ੍ਰੀਤ ਸਿੰਘ ਨੇ ਇਸ ਮੰਦਭਾਗੀ ਖ਼ਬਰ ਤੋਂ ਉਨ੍ਹਾਂ ਨੂੰ ਜਾਣੂ ਕਰਾਇਆ। ਇਸ ਮੌਕੇ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ, ਮਾਂ ਜਸਵੀਰ ਕੌਰ, ਚਾਚਾ ਸਾਬਕਾ ਸਰਪੰਚ ਹਰਵਿੰਦਰ ਸਿੰਘ, ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ।ਇਸ ਲਈ ਮਾਪਿਆਂ ਨੇ ਆਸਟਰੇਲੀਆ ਪੜ੍ਹਨ ਵਾਸਤੇ ਭੇਜਿਆ ਸੀ।
ਇਹ ਵੀ ਪੜ੍ਹੋ- ਅੰਮ੍ਰਿਤਪਾਲ ਸਿੰਘ ਦਾ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ 14 ਦਿਨਾਂ ਦੀ ਨਿਆਇਕ ਹਿਰਾਸਤ ’ਚ
ਪਰਿਵਾਰ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ ਅਤੇ ਆਸਟਰੇਲੀਆ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਪੰਜਾਬ ਭੇਜਣ ਦਾ ਪ੍ਰਬੰਧ ਕੀਤਾ ਜਾਵੇ। ਕੁਦਰਤ ਦੇ ਕਹਿਰ ਵੇਖੋ ਕਿ ਅੰਮ੍ਰਿਤਪਾਲ ਦੀ ਮੌਤ ਤੋਂ ਇਕ ਦਿਨ ਬਾਅਦ ਉਸ ਦੀ ਨਿੱਕੀ ਭੈਣ ਦੀ ਕੁੜਮਾਈ ਦੀਆਂ ਰਸਮਾਂ ਹੋਣ ਵਾਲੀਆਂ ਸਨ, ਪਰ ਅੰਮ੍ਰਿਤਪਾਲ ਦੀ ਮੌਤ ਕਾਰਨ ਦੋ ਪਰਿਵਾਰਾਂ ਦੀਆਂ ਖੁਸ਼ੀਆਂ ਵੀ ਦੁੱਖ 'ਚ ਬਦਲ ਗਈਆਂ। ਅੰਮ੍ਰਿਤਪਾਲ ਦੀ ਮੌਤ ਨਾਲ ਜਿੱਥੇ ਪਿੰਡ ਨਾਨੋਵਾਲ ਖੁਰਦ ਦੇ ਸੋਗ ਦਾ ਮਾਹੌਲ ਹੈ, ਉਸ ਦੇ ਨਾਲ ਇਲਾਕੇ ਦੇ ਪਿੰਡਾਂ 'ਚ ਵੀ ਇਸ ਅਣਹੋਣੀ ਖ਼ਬਰ ਨੂੰ ਲੈ ਕੇ ਸੋਗ ਬਣਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਾਇਆ ਦੇ ਰਹਿਣ ਵਾਲੇ ਨੌਜਵਾਨ ਦਿਨੇਸ਼ ਕੁਮਾਰ ਭੌਂਸਲੇ (37) ਪੁੱਤਰ ਸਤਪਾਲ ਭੌਂਸਲੇ ਦੀ ਆਸਟ੍ਰੇਲੀਆ ਵਿਖੇ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਨੌਜਵਾਨ ਦਿਨੇਸ਼ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ ਅਤੇ ਮੁੰਡੇ ਨੂੰ ਛੱਡ ਗਿਆ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।