ਪੁਲਸ ਮੁਲਾਜ਼ਮ ਦੀ ਸ਼ਰਮਨਾਕ ਕਰਤੂਤ, ਮੋਟਰਸਾਈਕਲ 'ਚੋਂ ਪੈਟਰੋਲ ਕੱਢਦੇ ਹੋਏ ਦੀ ਵੀਡੀਓ ਵਾਇਰਲ

03/27/2023 12:46:36 PM

ਅੰਮ੍ਰਿਤਸਰ (ਜਸ਼ਨ)- ਪੰਜਾਬ ਪੁਲਸ ਵਿਚ ਅਜੇ ਵੀ ਕੁਝ ਮੁਲਾਜ਼ਮ ਅਜਿਹੀਆਂ ਹਰਕਤਾਂ ਕਰਦੇ ਹਨ, ਜਿਸ ਕਾਰਨ ਸਮੁੱਚੇ ਪੁਲਸ ਵਿਭਾਗ ’ਤੇ ਸਵਾਲੀਆ ਨਿਸ਼ਾਨ ਲਗ ਜਾਂਦੇ ਹਨ। ਅਜਿਹਾ ਹੀ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੱਸ ਸਟੈਂਡ ਨੇੜੇ ਇਕ ਪੁਲਸ ਮੁਲਾਜ਼ਮ ਜਦੋਂ ਆਪਣੀ ਹੀ ਸਰਕਾਰੀ ਪੀ. ਸੀ. ਆਰ. ਬਾਈਕ ’ਚੋਂ ਪੈਟਰੋਲ ਕੱਢ ਰਿਹਾ ਸੀ ਤਾਂ ਕਿਸੇ ਨੇ ਉਸ ਦੀ ਵੀਡੀਓ ਬਣਾ ਕੇ ਯੂ-ਟਿਊਬ ’ਤੇ ਪਾ ਦਿੱਤੀ। ਇਹ ਵੀਡੀਓ ਦੇਖਦੇ ਹੀ ਦੇਖਦੇ ਕਾਫ਼ੀ ਵਾਇਰਲ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਇਸ 'ਚ ਦਖ਼ਲ ਦੇਣਾ ਪਿਆ। ਹੁਣ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- 14 ਗ੍ਰਾਮ ਹੈਰੋਇਨ ਸਮੇਤ ਇਕ ਕੁੜੀ ਗ੍ਰਿਫ਼ਤਾਰ, ਇਕ ਮੁਲਜ਼ਮ ਦੀ ਭਾਲ ਜਾਰੀ

ਉਕਤ ਪੁਲਸ ਮੁਲਾਜ਼ਮ ਦੀ ਪਛਾਣ ਨਹੀਂ ਹੋ ਸਕੀ। ਪੁਲਸ ਉਸ ਦੀ ਪਛਾਣ ਕਰਨ ’ਚ ਲੱਗੀ ਹੋਈ ਹੈ। ਵਾਇਰਲ ਵੀਡੀਓ ਵਿੱਚ ਇੱਕ ਪੀ. ਸੀ.ਆਰ. ਮੁਲਾਜ਼ਮ ਬੱਸ ਸਟੈਂਡ ਨੇੜੇ ਕੈਰੋਂ ਮਾਰਕੀਟ ’ਚ ਆਉਂਦਾ ਹੈ । ਆਪਣਾ ਪੀ. ਸੀ. ਆਰ. ਬਾਈਕ ਦੋ ਕਾਰਾਂ ਦੇ ਵਿਚਕਾਰ ਰੋਕਦਾ ਹੈ । ਫਿਰ 2 ਲੀਟਰ ਦੀ ਬੋਤਲ ’ਚ ਪੀ. ਸੀ. ਆਰ. ਬਾਈਕ ’ਚੋਂ ਪੈਟਰੋਲ ਕੱਢਦਾ ਹੈ। ਜਦੋਂ ਉਕਤ 2 ਲੀਟਰ ਦੀ ਬੋਤਲ ਪੈਟਰੋਲ ਨਾਲ ਭਰ ਜਾਂਦੀ ਹੈ ਤਾਂ ਉਹ ਉਸ ਨੂੰ ਡਿੱਕੀ ਵਿਚ ਰੱਖ ਦਿੰਦਾ ਹੈ ਤੇ ਉਥੋਂ ਚਲਾ ਜਾਂਦਾ ਹੈ।

ਇਹ ਵੀ ਪੜ੍ਹੋ- CIA ਸਟਾਫ਼ ਵੱਲੋਂ 20 ਕਰੋੜ ਦੀ ਹੈਰੋਇਨ ਤੇ ਡਰੱਗ ਮਨੀ ਸਣੇ ਦੋ ਵਿਅਕਤੀ ਗ੍ਰਿਫ਼ਤਾਰ

ਜਾਣਕਾਰੀ ਮੁਤਾਬਕ ਉਕਤ ਪੁਲਸ ਅਧਿਕਾਰੀ ਆਈ. ਐੱਸ. ਆਈ. ਰੈਂਕ ਦਾ ਹੈ ਅਤੇ ਬਾਈਕ ਨੰਬਰ ਪੀ. ਬੀ. 02 ਡੀ. ਐਕਸ 1632 ਹੈ।
ਵਰਨਣਯੋਗ ਹੈ ਕਿ ਪੁਲਸ ਵਿਭਾਗ ਵੱਲੋਂ ਸ਼ਹਿਰ ’ਚ ਪੁਲਸ ਮੁਲਾਜ਼ਮਾਂ ਦੀ ਗਸ਼ਤ ਲਈ ਪੀ. ਸੀ. ਆਰ. ਦੇ ਜਵਾਨਾਂ ਨੂੰ ਬਹੁਤ ਮਹਿੰਗੇ ਮੋਟਰਸਾਈਕਲ ਦਿੱਤੇ ਗਏ ਹਨ। ਉਨ੍ਹਾਂ ਨੂੰ ਗਸ਼ਤ ਲਈ ਰੋਜ਼ਾਨਾ 2 ਤੋਂ 10 ਲੀਟਰ ਪੈਟਰੋਲ ਦਿੱਤਾ ਜਾਂਦਾ ਹੈ ਪਰ ਗਸ਼ਤ ਕਰਨ ਦੀ ਬਜਾਏ ਕੁਝ ਪੁਲਸ ਮੁਲਾਜ਼ਮ ਬਾਈਕ ਨੂੰ ਇਕ ਥਾਂ ’ਤੇ ਖੜ੍ਹਾ ਕਰ ਕੇ ਪੈਟਰੋਲ ਕੱਢ ਕੇ ਬਾਅਦ ਵਿਚ ਉਸ ਨੂੰ ਵੇਚ ਦਿੰਦੇ ਹਨ। ਪੁਲਸ ਮਹਿਕਮਾ ਇਸ ਤਰ੍ਹਾਂ ਬਦਨਾਮ ਹੋ ਜਾਂਦਾ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਵਿਖੇ 2 ਸਕੀਆਂ ਭੈਣਾਂ ਨੇ ਲਿਆ ਫਾਹਾ, ਸੁਸਾਇਡ ਨੋਟ 'ਚ ਲਿਖੀ ਹੈਰਾਨੀਜਨਕ ਵਜ੍ਹਾ

ਏ. ਡੀ. ਸੀ. ਪੀ. ਟਰੈਫ਼ਿਕ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਪੁਲਸ ਮੁਲਾਜ਼ਮਾਂ ਨੂੰ ਅਜਿਹਾ ਨਾ ਕਰਨ ਦੀਆਂ ਹਦਾਇਤਾਂ ਕਰ ਚੁੱਕੇ ਹਨ। ਵਾਇਰਲ ਹੋਈ ਵੀਡੀਓ ਦੇ ਆਧਾਰ ’ਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਪੁਲਸ ਮੁਲਾਜ਼ਮ ਦੀ ਸ਼ਨਾਖਤ ਕਰ ਕੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News