ਏ. ਟੀ. ਐੱਮ. ਕਾਰਡ ਨੂੰ ਬਲਾਕ ਕਰਵਾਉਣ ਦੇ ਬਾਵਜੂਦ ਖਾਤੇ ''ਚੋਂ ਨਿਕਲੇ ਲੱਖਾਂ ਰੁਪਏ

Friday, Sep 06, 2019 - 10:42 PM (IST)

ਏ. ਟੀ. ਐੱਮ. ਕਾਰਡ ਨੂੰ ਬਲਾਕ ਕਰਵਾਉਣ ਦੇ ਬਾਵਜੂਦ ਖਾਤੇ ''ਚੋਂ ਨਿਕਲੇ ਲੱਖਾਂ ਰੁਪਏ

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਪੰਜਾਬ 'ਚ ਦਿਨੋ-ਦਿਨ ਸਾਈਬਰ ਕ੍ਰਾਈਮ ਵਧਦਾ ਹੀ ਜਾ ਰਿਹਾ ਹੈ, ਇਸੇ ਤਰਾਂ ਦਾ ਮਾਮਲਾ ਅੱਜ ਬਰਨਾਲਾ 'ਚ ਦੇਖਣ ਨੂੰ ਮਿਲਿਆ, ਜਿਥੇ ਇਕ ਵਿਅਕਤੀ ਦਾ ਏ. ਟੀ. ਐੱਮ. ਕਾਰਡ ਗੁੰਮ ਹੋਣ ਤੋਂ ਬਾਅਦ ਕਾਰਡ ਨੂੰ ਤੁਰੰਤ ਬਲਾਕ ਕਰਵਾਇਆ ਗਿਆ ਪਰ ਇਸ ਦੇ ਬਾਵਜੂਦ ਵਿਅਕਤੀ ਦੇ ਖਾਤੇ 'ਚੋਂ ਠੱਗਾਂ ਵਲੋਂ ਲੱਖਾਂ ਰੁਪਏ ਉੱਡਾ ਲਏ ਗਏ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਤਿੰਦਰ ਸਿੰਘ ਵਾਸੀ ਰਾਮਗੜ੍ਹੀਆ ਰੋਡ ਬਰਨਾਲਾ ਨੇ ਦੱਸਿਆ ਕਿ ਮੇਰੀ ਮਾਤਾ ਭਜਨ ਕੌਰ ਦਾ ਇਕ ਖਾਤਾ ਐੱਚ. ਡੀ. ਐੱਫ. ਸੀ. ਬੈਂਕ ਬਰਨਾਲਾ ਬ੍ਰਾਂਚ 'ਚ ਹੈ, ਜਿਸ ਦਾ ਏ. ਟੀ. ਐੱਮ. ਕਾਰਡ ਪਿਛਲੀ 29 ਮਈ 2019 ਨੂੰ ਗੁੰਮ ਹੋ ਗਿਆ ਸੀ। ਮੈਂ ਕਾਰਡ ਗੁੰਮ ਹੋਣ ਸਬੰਧੀ ਪਤਾ ਲੱਗਦੇ ਹੀ ਉਸਨੂੰ ਤੁਰੰਤ ਬਲਾਕ ਕਰਵਾ ਦਿੱਤਾ ਸੀ ਪਰ ਪਿਛਲੀ 3 ਸਤੰਬਰ ਨੂੰ ਮੇਰੀ ਮਾਤਾ ਭਜਨ ਕੌਰ ਜਦ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਗਈ ਤਾਂ ਪਤਾ ਲੱਗਿਆ ਕਿ ਉਸ ਦੇ ਖਾਤੇ 'ਚ ਸਿਰਫ 345 ਰੁਪਏ ਹੀ ਬਚੇ ਹਨ, ਜਿਸ ਸਬੰਧੀ ਅਸੀਂ 4 ਸਤੰਬਰ ਨੂੰ ਬੈਂਕ 'ਚ ਜਾ ਕੇ ਖਾਤਾ ਚੈੱਕ ਕਰਵਾਇਆ ਤਾਂ ਪਤਾ ਲੱਗਿਆ ਕਿ 6 ਅਗਸਤ 2019 ਤੋਂ ਲੈ ਕੇ 22 ਅਗਸਤ 2019 ਤੱਕ ਅਣਪਛਾਤੇ ਵਿਅਕਤੀ/ਵਿਅਕਤੀਆਂ ਵੱਲੋਂ ਮੇਰੀ ਮਾਤਾ ਦੇ ਖਾਤੇ 'ਚੋਂ ਵੱਖ-ਵੱਖ ਟਰਾਂਸਜੇਕਸ਼ਨਾਂ ਰਾਹੀਂ ਹਿਸਾਰ, ਦਿੱਲੀ, ਕਰਨਾਲ ਅਤੇ ਭਿਵਾਨੀ ਦੇ ਏ. ਟੀ. ਐੱਮਜ਼ 'ਚੋਂ 1,31,439 ਰੁਪਏ ਕੱਢਵਾਏ ਗਏ ਹਨ ਜਦੋਂਕਿ ਉਕਤ ਖਾਤੇ ਦਾ ਏ. ਟੀ. ਐੱਮ. ਕਾਰਡ ਸਾਡੇ ਕੋਲ ਹੈ, ਜਿਸ ਦੀ ਲਿਖਤੀ ਸ਼ਿਕਾਇਤ ਅਸੀਂ ਥਾਣਾ ਸਿਟੀ 1 ਬਰਨਾਲਾ 'ਚ ਦਰਜ ਕਰਵਾਈ ਹੈ।

ਕੀ ਕਹਿਣੈ ਬੈਂਕ ਮੈਨੇਜਰ ਦਾ

ਐੱਚ. ਡੀ. ਐੱਫ. ਸੀ. ਬੈਂਕ ਦੀ ਬਰਨਾਲਾ ਬ੍ਰਾਂਚ ਦੇ ਮੈਨੇਜਰ ਖੁਸ਼ਦੀਪ ਨੇ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ ਸ਼ਿਕਾਇਤ ਲਿਖ ਕੇ ਬੈਂਕ ਦੇ ਹੈੱਡ ਆਫਿਸ ਵਿਚ ਭੇਜ ਦਿੱਤੀ ਹੈ। ਸ਼ਿਕਾਇਤ ਦਾ ਜਵਾਬ ਆਉਣ 'ਤੇ ਹੀ ਇਸ ਮਾਮਲੇ ਸਬੰਧੀ ਕੁਝ ਕਿਹਾ ਜਾ ਸਕਦਾ ਹੈ।

ਕੀ ਕਹਿਣੈ ਐੱਸ. ਐੱਚ. ਓ. ਦਾ

ਥਾਣਾ ਸਿਟੀ 1 ਬਰਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਬੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ 'ਚ ਨਹੀਂ ਹੈ। ਮੈਂ ਇਸ ਮਾਮਲੇ ਦੀ ਜਾਂਚ ਕਰਵਾਉਂਦਾ ਹਾਂ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ।


author

Bharat Thapa

Content Editor

Related News