ਸਮਾਜ ਸੇਵੀ ਅਸ਼ੋਕ ਕੁਮਾਰ ਨੇ ਗੰਭੀਰ ਜ਼ਖਮੀ ਲੜਕੀ ਦਾ ਕਰਵਾਇਆ ਇਲਾਜ
Thursday, Sep 14, 2017 - 12:13 AM (IST)
ਬਟਾਲਾ, (ਮਠਾਰੂ)– 3 ਮਹੀਨੇ ਪਹਿਲਾਂ ਬਿਹਾਰ ਦੀ ਰਹਿਣ ਵਾਲੀ ਇਕ 20 ਸਾਲਾ ਮੁਸਲਮਾਨ ਲੜਕੀ ਨੂੰ ਉਸ ਦੇ ਪਤੀ ਵੱਲੋਂ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਹ ਲੜਕੀ ਟਰੱਕ ਰਾਹੀਂ ਖੱਜਲ-ਖੁਆਰ ਹੁੰਦੀ ਬਟਾਲਾ ਪਹੁੰਚ ਗਈ, ਜਿਥੇ ਇਸ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਸੀ ਕਿਉਂਕਿ ਲੜਕੀ ਦੇ ਸਿਰ 'ਚ ਗਹਿਰੀ ਸੱਟ ਹੋਣ ਕਾਰਨ ਜ਼ਖਮ ਦੇ ਅੰਦਰ ਕੀੜੇ ਚੱਲ ਰਹੇ ਸਨ ਅਤੇ ਗੰਦਗੀ ਦੇ ਨਾਲ ਲੱਥ ਪੱਥ ਹੋਈ ਇਸ ਲੜਕੀ ਨੂੰ ਲੋਕ ਪਾਗਲ ਸਮਝ ਕੇ ਧੱਕੇ ਅਤੇ ਪੱਥਰ ਮਾਰ ਰਹੇ ਸਨ ਪਰ ਹਕੀਕਤ ਉਸ ਵੇਲੇ ਸਾਹਮਣੇ ਆਈ ਜਦ ਇਥੋਂ ਦੇ ਉੱਘੇ ਸਮਾਜ ਸੇਵਕ ਅਸ਼ੋਕ ਕੁਮਾਰ ਸਵਾਮੀ ਮੈਡੀਕਲ ਸਟੋਰ ਵਾਲਿਆਂ ਨੇ ਹਫ਼ਤਾ ਪਹਿਲਾਂ ਇਸ ਲੜਕੀ ਨੂੰ ਜਿਥੇ ਪ੍ਰਵਾਸੀ ਮਜ਼ਦੂਰਾਂ ਦੇ ਚੁੰਗਲ 'ਚੋਂ ਬਚਾਇਆ, ਉਥੇ ਨਾਲ ਹੀ ਇਸ ਨੂੰ ਆਪਣੇ ਘਰ ਲਿਆ ਕੇ ਇਸ ਦਾ ਇਲਾਜ ਵੀ ਸ਼ੁਰੂ ਕਰ ਦਿੱਤਾ।
ਸਮਾਜ ਸੇਵੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੋਕ ਇਸ ਲੜਕੀ ਨੂੰ ਪਾਗਲ ਕਹਿ ਰਹੇ ਸਨ ਪਰ ਜਦ ਇਸ ਦੇ ਸਿਰ ਦੇ ਜ਼ਖਮ ਦੀ ਸਾਫ਼ ਸਫ਼ਾਈ ਕਰ ਕੇ ਮੱਲ੍ਹਮ ਪੱਟੀ ਕੀਤੀ ਗਈ ਤਾਂ ਲੜਕੀ ਨੂੰ ਜੋ ਕੁਝ ਵੀ ਕਿਹਾ ਗਿਆ ਉਹ ਬਿਲਕੁਲ ਉਸੇ ਹੀ ਤਰ੍ਹਾਂ ਕਰਦੀ ਰਹੀ, ਜਿਸ ਤੋਂ ਇਹ ਗੱਲ ਸਿੱਧ ਹੋ ਗਈ ਕਿ ਲੜਕੀ ਦੀ ਦਿਮਾਗੀ ਹਾਲਤ ਬਿਲਕੁਲ ਠੀਕ-ਠਾਕ ਹੈ ਅਤੇ ਉਹ ਸਾਰੀ ਗੱਲਬਾਤ ਨੂੰ ਸਮਝ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁਸਲਿਮ ਭਾਈਚਾਰੇ ਦੀ ਇਕ ਹੋਰ ਲੜਕੀ ਨੂੰ ਮੌਕੇ 'ਤੇ ਬੁਲਾ ਕੇ ਬਿਹਾਰ ਦੀ ਇਸ ਲੜਕੀ ਨਾਲ ਉਰਦੂ 'ਚ ਲਿਖਣ ਅਤੇ ਗੱਲਬਾਤ ਕਰਨ ਦੀ ਕਾਰਵਾਈ ਨੂੰ ਅੱਗੇ ਤੋਰਿਆ ਗਿਆ, ਜਿਸ ਤੋਂ ਬਾਅਦ ਇਸ ਲੜਕੀ ਨੇ ਆਪਣਾ ਨਾਂ ਜਸਮੀਨ ਦੱਸਿਆ।
ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਲੜਕੀ ਦੀ ਬਰਾਮਦੀ ਸਬੰਧੀ ਸਮਾਜਸੇਵੀ ਆਗੂਆਂ ਨਾਲ ਪੁਲਸ ਜ਼ਿਲਾ ਬਟਾਲਾ ਦੇ ਐੱਸ. ਐੱਸ. ਪੀ. ਅਤੇ ਐੱਸ. ਡੀ. ਐੱਮ. ਨੂੰ ਵੀ ਸੂਚਿਤ ਕੀਤਾ ਗਿਆ, ਜਦਕਿ ਲੜਕੀ ਦੇ ਨਾਲ ਬਿਹਾਰ 'ਚ ਰਹਿੰਦੇ ਉਸ ਦੇ ਮਾਤਾ-ਪਿਤਾ ਦੀ ਫੋਨ 'ਤੇ ਵੀਡੀਓ ਕਾਲ ਵੀ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਪਿਛਲੇ 3 ਮਹੀਨਿਆਂ ਤੋਂ ਉਨ੍ਹਾਂ ਦੀ ਲੜਕੀ ਨੂੰ ਉਸਦੇ ਪਤੀ ਵੱਲੋਂ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ ਗਿਆ ਸੀ।
ਅੱਜ ਬਿਹਾਰ ਤੋਂ ਪਹੁੰਚੇ ਲੜਕੀ ਜਸਮੀਨ ਦੇ ਪਿਤਾ ਮੁਹੰਮਦ ਅਮਤਿਆਜ ਆਲਮ, ਤੇ ਪਰਿਵਾਰਕ ਮੈਂਬਰਾਂ ਨੂੰ ਸਮਾਜਸੇਵੀ ਅਸ਼ੋਕ ਕੁਮਾਰ, ਸ਼ਹਿਰੀ ਪ੍ਰਧਾਨ ਸਵਰਣ ਮੁੱਢ, ਗੁਲਸ਼ਨ ਕੁਮਾਰ, ਕੁਲਵਿੰਦਰ ਸਿੰਘ ਵੱਲੋਂ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੀ ਮੌਜੂਦਗੀ 'ਚ ਲੜਕੀ ਜਸਮੀਨ ਨੂੰ ਸੌਂਪ ਦਿੱਤਾ ਗਿਆ ਹੈ।
ਇਸ ਮੌਕੇ ਬਿਹਾਰ ਦੇ ਮੁਸਲਮਾਨ ਪਰਿਵਾਰ ਵੱਲੋਂ ਅਸ਼ੋਕ ਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ।