ਸਿੰਬਲ ਚੌਕ ਵਿਚ ਕਾਰ-ਟਰੱਕ ਦੀ ਮਾਮੂਲੀ ਟੱਕਰ ਨਾਲ ਲੱਗਾ ਜਾਮ
Wednesday, Dec 27, 2017 - 06:49 AM (IST)
ਪਠਾਨਕੋਟ, (ਸ਼ਾਰਦਾ)- ਵਾਹਨਾਂ ਦੀ ਭਰਮਾਰ ਅਤੇ ਬੇਕਾਬੂ ਆਵਾਜਾਈ ਕਾਰਨ ਪਠਾਨਕੋਟ-ਡਲਹੌਜ਼ੀ ਰੋਡ 'ਤੇ ਸਥਿਤ ਸਿੰਬਲ ਚੌਕ ਕੋਲ ਸਥਿਤ ਨੈਰੋਗੇਜ ਫਾਟਕ ਕੋਲ ਟਰੱਕ ਅਤੇ ਕਾਰ ਦੀ ਆਪਸ ਵਿਚ ਟੱਕਰ ਹੋਣ ਨਾਲ ਘੰਟਿਆਂ ਤੱਕ ਜਾਮ ਲੱਗਾ ਰਿਹਾ, ਜਿਸ ਕਾਰਨ ਰੋਜਾਨਾ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਸਥਾਨਕ ਦੁਕਾਨਦਾਰਾਂ ਵਿਚ ਰੋਸ ਪਾਇਆ ਗਿਆ ਅਤੇ ਉਨ੍ਹਾਂ ਲੱਗਣ ਵਾਲੇ ਜਾਮ ਤੋਂ ਛੁਟਕਾਰਾ ਪਾਉਣ ਲਈ ਪ੍ਰਸ਼ਾਸਨ ਨੂੰ ਅਪੀਲ ਕੀਤੀ। ਸਵੇਰੇ ਸਾਢੇ 11 ਵਜੇ ਦੇ ਕਰੀਬ ਲੱਗੇ ਇਸ ਜਾਮ ਨਾਲ ਸੜਕ ਤੋਂ ਲੰਘ ਰਹੇ ਵਾਹਨ ਚਾਲਕਾਂ ਨੇ ਵੀ ਪ੍ਰਸ਼ਾਸਨ ਨੂੰ ਕੋਸਦੇ ਹੋਏ ਕਿਹਾ ਕਿ ਟ੍ਰੈਫਿਕ ਵਿਭਾਗ ਇਸ ਰੋਜ਼ਾਨਾ ਲੱਗਣ ਵਾਲੇ ਜਾਮਾਂ ਤੋਂ ਨਿਜਾਤ ਦਿਵਾਉਣ ਲਈ ਸਰਗਰਮ ਕਿਉਂ ਨਹੀਂ ਹੁੰਦਾ। ਉਨ੍ਹਾਂ ਰੋਸ ਪ੍ਰਗਟ ਕਰਦੇ ਕਿਹਾ ਕਿ ਇਸ ਮਾਰਗ 'ਤੇ ਜਦੋਂ ਵੀ ਆਓ, ਜਾਮ ਮਿਲਦਾ ਹੀ ਹੈ।
ਸਥਾਨਕ ਦੁਕਾਨਦਾਰਾਂ ਨੇ ਜਤਾਇਆ ਰੋਸ
ਸਿੰਬਲ ਚੌਕ ਵਿਚ ਲੱਗਣ ਵਾਲੇ ਜਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਦੁਕਾਨਦਾਰ ਸੁਰਿੰਦਰ ਮਿਨਹਾਸ, ਨੀਰਜ ਜਮਬਾਲ, ਰਾਜ ਕੁਮਾਰ, ਗੁਰਨਾਮ ਸਿੰਘ, ਬਾਬੀ, ਪਰਸਰਾਮ, ਰਵੀ ਕੁਮਾਰ, ਹਨੀ, ਡਾ. ਜੌਲੀ ਅਤੇ ਵਿਜੇ ਕੁਮਾਰ ਨੇ ਕਿਹਾ ਕਿ ਟ੍ਰੈਫਿਕ ਵਿਭਾਗ ਦੀ ਅਣਦੇਖੀ ਕਾਰਨ ਰੋਜ਼ਾਨਾ ਇਸ ਸੜਕ 'ਤੇ ਘੰਟਿਆਂਬੱਧੀ ਜਾਮ ਲਗਦਾ ਹੈ ਪਰ ਜਾਮ ਨੂੰ ਖੁੱਲ੍ਹਵਾਉਣ ਲਈ ਕੋਈ ਵੀ ਟ੍ਰੈਫਿਕ ਮੁਲਾਜ਼ਮ ਨਹੀਂ ਹੁੰਦਾ ਜਦ ਕਿ ਸਾਹਮਣੇ ਪੁਲਸ ਚੈੱਕ ਪੋਸਟ ਵੀ ਹੈ ਪਰ ਪੁਲਸ ਮੁਲਾਜ਼ਮ ਪੋਸਟ ਹੀ ਰਹਿੰਦੇ ਹਨ ਉਹ ਜਾਮ ਨੂੰ ਖੁੱਲ੍ਹਵਾਉਣ ਲਈ ਸਹਿਯੋਗ ਨਹੀਂ ਕਰਦੇ, ਜਿਸ ਕਾਰਨ ਉਨ੍ਹਾਂ ਨੂੰ ਖੁਦ ਕਈ ਵਾਰ ਵਾਹਨ ਚਾਲਕਾਂ ਨੂੰ ਸਮਝਾ ਕੇ ਜਾਮ ਖੁੱਲ੍ਹਵਾਉਣਾ ਪੈਂਦਾ ਹੈ।
ਕੀ ਕਹਿੰਦੇ ਹਨ ਟ੍ਰੈਫਿਕ ਇੰਚਾਰਜ
ਇਸ ਸਬੰਧੀ ਜਦੋਂ ਟ੍ਰੈਫਿਕ ਮੁਖੀ ਦਵਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟ੍ਰੈਫਿਕ ਵਿਭਾਗ ਜਾਮ ਲੱਗਣ ਤੋਂ ਬਾਅਦ ਤੁਰੰਤ ਹਰਕਤ ਵਿਚ ਆ ਜਾਂਦਾ ਹੈ ਅਤੇ ਜਾਮ ਨੂੰ ਖੁੱਲ੍ਹਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਬੰਦ ਹੋਣ ਜਾਂ ਕੋਈ ਸੜਕ 'ਤੇ ਦੁਰਘਟਨਾ ਹੋ ਗਈ ਹੋਵੇ ਤਾਂ ਸਥਿਤੀ ਵਿਚ ਥੋੜ੍ਹੀ ਸਮੱਸਿਆ ਪੈਦਾ ਹੁੰਦੀ ਹੈ ਪਰ ਉਕਤ ਸਮੱਸਿਆ ਨੂੰ ਤੁਰੰਤ ਹੱਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਜਾਮ ਤੋਂ ਬਚਣ ਲਈ ਵਾਹਨ ਚਾਲਕਾਂ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਜਾਮ ਨਾ ਲੱਗੇ।
