ਪੰਜਾਬ ਦੇ ਇਸ ਜ਼ਿਲ੍ਹੇ ''ਚ ਕੈਦੀਆਂ ਨੂੰ ਲੈ ਕੇ ਆਈ ਨਵੀਂ ਸਕੀਮ, ਹੋਵੇਗੀ ਲਾਹੇਵੰਦ
Thursday, Dec 05, 2024 - 09:44 AM (IST)
ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਰਾਜੇਸ਼ ਢੰਡ) : ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਵੀਰ ਇੰਦਰ ਅਗਰਵਾਲ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਦੀਆਂ ਅਤੇ ਹਵਾਲਾਤੀਆਂ ਲਈ ਸੰਪਰਕ ਸਕੀਮ ਸ਼ੁਰੂ ਕੀਤੀ ਗਈ ਹੈ ਅਤੇ ਇਹ ਸਕੀਮ ਪੂਰੇ ਪੰਜਾਬ ’ਚੋਂ ਸਿਰਫ ਜ਼ਿਲ੍ਹਾ ਫਿਰੋਜ਼ਪੁਰ ’ਚ ਹੀ ਲਾਗੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਵੀਰ ਇੰਦਰ ਅਗਰਵਾਲ ਨੇ ਇਸ ਸਕੀਮ ਸਬੰਧੀ ਬੁਕਲੇਟ ਜਾਰੀ ਕਰਦਿਆਂ ਦੱਸਿਆ ਕਿ ਇਸ ਸੰਪਰਕ ਸਕੀਮ ਤਹਿਤ ਜੇਲ੍ਹ ’ਚ ਬੰਦ ਕੈਦੀ ਅਤੇ ਹਵਾਲਾਤੀ ਆਪਣੇ ਵਕੀਲਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਗੱਲਬਾਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਕਦੋਂ ਪਵੇਗੀ ਹੱਡ ਚੀਰਵੀਂ ਠੰਡ? ਮੌਸਮ ਵਿਭਾਗ ਦੀ ਆਈ ਨਵੀਂ Update
ਇਹ ਸਕੀਮ ਉਨ੍ਹਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਸਕੀਮ ਦੀ ਲੋੜ ਉਨ੍ਹਾਂ ਦੇ ਜੇਲ੍ਹ ਦੇ ਦੌਰੇ ਦੌਰਾਨ ਮਹਿਸੂਸ ਹੋਈ, ਜਦੋਂ ਉਨ੍ਹਾਂ ਦੇਖਿਆ ਕਿ ਹਵਾਲਾਤੀਆਂ ਦੀਆਂ ਅਦਾਲਤਾਂ ’ਚ ਫਿਜ਼ੀਕਲ ਪੇਸ਼ੀ ਘੱਟ ਕਰਨ ਨਾਲ ਕੈਦੀਆਂ ਤੇ ਹਵਾਲਾਤੀਆਂ ਦੀ ਉਨ੍ਹਾਂ ਦੇ ਵਕੀਲਾਂ ਨਾਲ ਮੁਲਾਕਾਤ ਬਹੁਤ ਘੱਟ ਹੁੰਦੀ ਹੈ ਅਤੇ ਇਸ ਨੂੰ ਦੇਖਦੇ ਹੋਏ ਸੰਵਾਦ ਸਕੀਮ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਫਿਰੋਜ਼ਪੁਰ ਨੇ ਦੱਸਿਆ ਕਿ ਹੁਣ ਕੈਦੀ/ਹਵਾਲਾਤੀ ਜੇਲ੍ਹ ਦੇ ਅੰਦਰ ਹੀ ਜੇਲ੍ਹ ਅਧਿਕਾਰੀਆਂ ਦੀ ਹਾਜ਼ਰੀ ’ਚ ਵੀਡੀਓ ਕਾਨਫਰੰਸਿੰਗ ਰਾਹੀਂ ਡੀ. ਐੱਲ. ਐੱਸ. ਏ. ’ਚ ਬਣਾਏ ਗਏ ਸੈਂਟਰ ’ਚ ਸਿੱਧਾ ਆਪਣੇ ਵਕੀਲਾਂ ਨਾਲ ਕੇਸ ਸਬੰਧੀ ਸੰਪਰਕ ਕਰ ਸਕਦੇ ਹਨ ਅਤੇ ਆਪਣੇ ਕੇਸ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲੈ ਸਕਦੇ ਹਨ।
ਇਹ ਵੀ ਪੜ੍ਹੋ : ਵਿਆਹ ਦੇ ਪ੍ਰੋਗਰਾਮ 'ਚ ਪਈਆਂ ਚੀਕਾਂ, ਲਾੜੇ ਦੇ ਭਰਾ ਨੂੰ ਵੱਜੀਆਂ ਗੋਲੀਆਂ
ਉਨ੍ਹਾਂ ਦੱਸਿਆ ਕਿ ਪਹਿਲਾਂ ਵਕੀਲ ਜੇਲ੍ਹ ’ਚ ਜਾ ਕੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਮਿਲਣ ਤੋਂ ਗੁਰੇਜ਼ ਕਰਦੇ ਸਨ, ਜਿਸ ਕਾਰਨ ਵਕੀਲਾਂ ਅਤੇ ਕੈਦੀ/ਹਵਾਲਾਤੀ ਵਿਚਕਾਰ ਕੇਸ ਸਬੰਧੀ ਪੂਰੀ ਗੱਲਬਾਤ ਨਹੀਂ ਹੋ ਪਾਉਂਦੀ ਸੀ ਅਤੇ ਹੁਣ ਆਨਲਾਈਨ ਮੁਲਾਕਾਤ ਦੌਰਾਨ ਵਕੀਲ ਅਤੇ ਕੈਦੀ/ਹਵਾਲਾਤੀਆਂ ਵਿਚਕਾਰ ਆਪਸੀ ਤਾਲਮੇਲ ਦੀ ਕੋਈ ਕਮੀ ਨਹੀਂ ਰਹੇਗੀ। ਇਸ ਮੌਕੇ ਮੈਡਮ ਅਨੁਰਾਧਾ (ਚੀਫ ਜੁਡੀਸ਼ੀਅਲ ਮੈਜਿਸਟਰੇਟ), ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵੱਲੋਂ ਇਸ ਸਕੀਮ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਕੀਮ ਤਹਿਤ ਜੇਲ੍ਹ ’ਚ ਬੰਦ ਕੈਦੀ/ਹਵਾਲਾਤੀ ਜੇਲ੍ਹ ’ਚ ਬਣੇ ਲੀਗਲ ਏਡ ਕਲੀਨਿਕ ’ਚ ਹਰ ਸੋਮਵਾਰ ਅਤੇ ਵੀਰਵਾਰ ਦੁਪਹਿਰ 12 ਵਜੇ ਤੱਕ ਆਪਣਾ ਅਤੇ ਆਪਣੇ ਵਕੀਲ ਦਾ ਨਾਂ ਅਤੇ ਫੋਨ ਨੰਬਰ ਦਰਜ ਕਰਵਾਉਣਗੇ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਉਸ ਦੇ ਵਕੀਲ ਨਾਲ ਤਾਲਮੇਲ ਕਰ ਕੇ ਉਨ੍ਹਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਕੇਸ ਬਾਬਤ ਜ਼ਰੂਰੀ ਇੰਤਜ਼ਾਮ ਕਰੇਗੀ। ਉਨ੍ਹਾਂ ਕਿਹਾ ਕਿ ਇਹ ਸੇਵਾ ਸਬ ਡਵੀਜ਼ਨ ਪੱਧਰ ’ਤੇ ਗੁਰੂਹਰਸਹਾੲੈ ਅਤੇ ਜ਼ੀਰਾ ’ਚ ਵੀ ਉਪਲੱਬਧ ਕਰਵਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8