ਧੀ ਦੇ ਵਿਆਹ ''ਚ ਮਾਪਿਆਂ ਨੇ ਖ਼ਰਚੇ 22 ਲੱਖ ਰੁਪਏ, ਫਿਰ ਵੀ ਨਾ ਰੱਜੇ ਲਾਲਚੀ ਸਹੁਰੇ, ਹੋਇਆ ਖ਼ੌਫ਼ਨਾਕ ਅੰਜਾਮ
Thursday, Jul 11, 2024 - 06:50 PM (IST)
ਜਲੰਧਰ (ਮਹੇਸ਼)–ਕੰਟੋਨਮੈਂਟ ਬੋਰਡ ਜਲੰਧਰ ਕੈਂਟ ਦੇ ਸਾਬਕਾ ਉੱਪ ਪ੍ਰਧਾਨ ਅਤੇ ਸਾਬਕਾ ਕੌਂਸਲਰ ਭਰਤ ਅਟਵਾਲ ਉਰਫ਼ ਜੌਲੀ ਵਾਸੀ ਮੁਹੱਲਾ ਨੰਬਰ 30 ਜਲੰਧਰ ਕੈਂਟ ਦੀ ਪਤਨੀ ਸੁਨੈਨਾ ਨੇ ਆਪਣੇ ਘਰ ਵਿਚ ਹੀ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਿਵੇਂ ਹੀ ਸਹੁਰੇ ਪਰਿਵਾਰ ਨੇ ਸੁਨੈਨਾ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਵੇਖੀ ਤਾਂ ਉਹ ਉਸ ਨੂੰ ਹੇਠਾਂ ਉਤਾਰ ਕੇ ਐੱਸ. ਜੀ. ਐੱਲ. ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਸੁਨੈਨਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਉਸ ਦੀ ਮਾਂ ਵੰਦਨਾ ਦੇਵੀ ਪਤਨੀ ਸ਼ੰਮੀ ਕੁਮਾਰ ਵਾਸੀ ਨੇੜੇ ਧੋਬੀਘਾਟ ਮਾਲੇਰਕੋਟਲਾ ਅਤੇ ਪੇਕੇ ਪਰਿਵਾਰ ਦੇ ਹੋਰ ਲੋਕ ਜਲੰਧਰ ਕੈਂਟ ਪਹੁੰਚ ਗਏ। ਉਨ੍ਹਾਂ ਦਾ ਦੋਸ਼ ਸੀ ਕਿ ਸਹੁਰਾ ਪਰਿਵਾਰ ਸੁਨੈਨਾ ਨੂੰ ਵਿਆਹ ਤੋਂ ਬਾਅਦ ਲਗਾਤਾਰ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕਰ ਰਿਹਾ ਸੀ। ਇਸੇ ਕਾਰਨ ਉਸ ਨੇ ਮਜਬੂਰ ਹੋ ਕੇ ਖ਼ੁਦਕੁਸ਼ੀ ਕੀਤੀ ਹੈ।
ਵੰਦਨਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਸੁਨੈਨਾ ਦਾ ਵਿਆਹ 7 ਮਹੀਨੇ ਪਹਿਲਾਂ ਜਲੰਧਰ ਕੈਂਟ ਵਾਸੀ ਸ਼ੋਭਾ ਰਾਮ ਦੇ ਬੇਟੇ ਭਰਤ ਅਟਵਾਲ ਜੌਲੀ ਨਾਲ ਕੀਤਾ ਸੀ। ਵਿਆਹ ਦੌਰਾਨ ਲਗਭਗ 22 ਲੱਖ ਰੁਪਏ ਵੀ ਖ਼ਰਚ ਕੀਤੇ ਸਨ ਪਰ ਇਸ ਦੇ ਬਾਵਜੂਦ ਸਹੁਰਾ ਪਰਿਵਾਰ ਨੇ ਸੁਨੈਨਾ ਨੂੰ ਵਿਆਹ ਤੋਂ ਬਾਅਦ ਲਗਾਤਾਰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਕਾਫ਼ੀ ਕੋਸ਼ਿਸ਼ ਕੀਤੀ ਕਿ ਉਸ ਦਾ ਘਰ ਵਸਿਆ ਰਹੇ ਪਰ ਸਹੁਰਾ ਪਰਿਵਾਰ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤਾਂ ਉਸ ਨੇ ਦੁਖ਼ੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਘਟਨਾ, ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਹੋਈ ਪੱਥਰਬਾਜ਼ੀ, ਸਹਿਮੇ ਲੋਕ
ਵੰਦਨਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੇ ਪੁਲਸ ਨੂੰ ਵੀ ਇਹ ਸਭ ਕੁਝ ਦੱਸ ਦਿੱਤਾ ਸੀ ਪਰ ਪੁਲਸ ਵੱਲੋਂ ਕਾਰਵਾਈ ਵਿਚ ਦੇਰੀ ਕਰਨ ਕਾਰਨ ਉਨ੍ਹਾਂ ਨੇ ਮਜਬੂਰ ਹੋ ਕੇ ਥਾਣੇ ਦੇ ਬਾਹਰ ਸੜਕ ’ਤੇ ਬੈਠ ਕੇ ਧਰਨਾ ਲਗਾਇਆ। ਪੇਕੇ ਪਰਿਵਾਰ ਨੂੰ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਅਤੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰ ਲੈਣ ਦੇ ਥਾਣਾ ਜਲੰਧਰ ਕੈਂਟ ਮੁਖੀ ਇੰਸ. ਗਗਨਦੀਪ ਸਿੰਘ ਸੇਖੋਂ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਸੁਨੈਨਾ ਦੇ ਪੇਕੇ ਪਰਿਵਾਰ ਨੇ ਆਪਣਾ ਰੋਸ ਪ੍ਰਦਰਸ਼ਨ ਖ਼ਤਮ ਕਰ ਦਿੱਤਾ।
ਐੱਸ. ਐੱਚ. ਓ. ਸੇਖੋਂ ਨੇ ਕਿਹਾ ਕਿ ਵੰਦਨਾ ਦੇਵੀ ਦੇ ਬਿਆਨਾਂ ’ਤੇ ਪੁਲਸ ਨੇ ਥਾਣਾ ਜਲੰਧਰ ਕੈਂਟ ਵਿਚ ਮ੍ਰਿਤਕਾ ਦੇ ਪਤੀ ਭਰਤ ਅਟਵਾਲ ਜੌਲੀ, ਸੱਸ ਦੇਵੀ, ਸਹੁਰਾ ਸ਼ੋਭਾ ਰਾਮ, ਨਨਾਣ ਸੋਨੀਆ, ਤਾਏ ਸਹੁਰੇ ਦੀਆਂ ਲੜਕੀਆਂ ਮਨੀਸ਼ਾ ਅਤੇ ਮੋਨਿਕਾ ਖ਼ਿਲਾਫ਼ ਨਵੇਂ ਬਣੇ ਕਾਨੂੰਨ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮ ਫ਼ਰਾਰ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੀ ਭਾਲ ਵਿਚ ਵੱਖ-ਵੱਖ ਥਾਵਾਂ ’ਤੇ ਪੁਲਸ ਟੀਮਾਂ ਰੇਡ ਕਰ ਰਹੀਆਂ ਹਨ। ਇੰਸ. ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਮ੍ਰਿਤਕਾ ਸੁਨੈਨਾ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਕੱਲ ਸਵੇਰੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ ਮਗਰੋਂ CM ਭਗਵੰਤ ਮਾਨ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖੀ ਇਹ ਗੱਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।