ਦਾਜ ਲਈ ਤੰਗ ਕਰਨ ''ਤੇ ਪਤੀ ਖਿਲਾਫ਼ ਮਾਮਲਾ ਦਰਜ
Wednesday, Nov 22, 2017 - 06:26 AM (IST)
ਨਵਾਂਸ਼ਹਿਰ, (ਤ੍ਰਿਪਾਠੀ)- ਵਿਆਹੁਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ 'ਚ ਪਤੀ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਕੁਲਦੀਪ ਪੁੱਤਰੀ ਕੁਲਵਿੰਦਰ ਸਿੰਘ ਵਾਸੀ ਹੇੜੀਆਂ ਨੇ ਦੱਸਿਆ ਕਿ ਉਸ ਦਾ ਵਿਆਹ 9 ਮਾਰਚ, 2013 ਨੂੰ ਮੁਕੰਦਪੁਰ ਵਾਸੀ ਜਸਵੀਰ ਸਿੰਘ ਪੁੱਤਰ ਬਲਿਹਾਰ ਸਿੰਘ ਨਾਲ ਧਾਰਮਿਕ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਵਿਆਹ 'ਚ ਉਸ ਦੇ ਮਾਪਿਆਂ ਵੱਲੋਂ ਕਰੀਬ 300 ਬਰਾਤੀਆਂ ਦੀ ਸੇਵਾ ਕੀਤੀ ਗਈ ਸੀ ਤੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਉਸ ਦੇ ਪਤੀ ਨੇ ਉਸ ਦੇ ਸਹੁਰੇ ਪਰਿਵਾਰ ਦੇ ਕਹਿਣ 'ਤੇ ਉਸ ਨੂੰ ਘੱਟ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਉਸ ਨੇ ਦੱਸਿਆ ਕਿ 10 ਜਨਵਰੀ, 2014 ਨੂੰ ਉਸ ਨੇ ਇਕ ਲੜਕੇ ਨੂੰ ਜਨਮ ਦਿੱਤਾ। ਉਸ ਦੀ ਡਲਿਵਰੀ ਨਵਾਂਸ਼ਹਿਰ ਦੇ ਹਸਪਤਾਲ 'ਚ ਵੱਡੇ ਆਪ੍ਰੇਸ਼ਨ ਨਾਲ ਹੋਈ ਸੀ ਅਤੇ ਇਸ ਦੌਰਾਨ ਉਸ ਦੇ ਮਾਪਿਆਂ ਨੇ 1 ਲੱਖ ਰੁਪਏ ਦਾ ਖਰਚਾ ਕੀਤਾ ਸੀ। ਪੁੱਤਰ ਦੇ ਜਨਮ ਦੇ ਬਾਅਦ ਜਦੋਂ ਉਹ ਆਪਣੇ ਸੁਹਰੇ ਘਰ ਗਈ ਤਾਂ ਉਸ ਨੂੰ ਘਰੋਂ ਕੱਢ ਦਿੱਤਾ ਗਿਆ। ਇਕ ਸਾਲ ਪੇਕੇ ਘਰ ਰਹਿਣ ਤੋਂ ਬਾਅਦ ਪੰਚਾਇਤੀ ਰਾਜ਼ੀਨਾਮੇ ਨਾਲ ਉਹ ਸਹੁਰੇ ਘਰ ਵਾਪਸ ਗਈ ਪਰ ਸੁਹਰੇ ਪਰਿਵਾਰ ਦੇ ਵਤੀਰਾ 'ਚ ਕੋਈ ਫਰਕ ਨਹੀਂ ਆਇਆ ਸੀ। ਇਸ ਦੌਰਾਨ ਉਸ ਦੀ ਮਾਰਕੁੱਟ ਵੀ ਕੀਤੀ ਗਈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. (ਸਪੈਸ਼ਲ ਬ੍ਰਾਂਚ) ਵੱਲੋਂ ਕਰਨ ਉਪਰੰਤ ਦਿੱਤੀ ਗਈ ਰਿਪੋਰਟ ਦੇ ਆਧਾਰ 'ਤੇ ਥਾਣਾ ਮੁਕੰਦਪੁਰ ਦੀ ਪੁਲਸ ਨੇ ਉਕਤ ਦੇ ਪਤੀ ਜਸਵੀਰ ਸਿੰਘ ਖਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
